ਦੁਨੀਆ ਦੀਆਂ 6 ਸਭ ਤੋਂ ਬਜ਼ੁਰਗ ਭੈਣਾਂ, ਵਿਸ਼ਵ ਰਿਕਾਰਡ ’ਚ ਦਰਜ ਹੋਇਆ ਨਾਂ

ਦੁਨੀਆ ਦੀਆਂ 6 ਸਭ ਤੋਂ ਬਜ਼ੁਰਗ ਭੈਣਾਂ, ਵਿਸ਼ਵ ਰਿਕਾਰਡ ’ਚ ਦਰਜ ਹੋਇਆ ਨਾਂ

ਨਿਊਯਾਰਕ (ਰਾਜ ਗੋਗਨਾ)- ਅਮਰੀਕਾ ਦੇ ਮਿਸੌਰੀ ਸੂਬੇ ’ਚ 6 ਭੈਣਾਂ ਨੇ ਸਭ ਤੋਂ ਵੱਧ ਉਮਰ ਵਾਲੀਆਂ ਭੈਣਾਂ ਦਾ ਵਿਸ਼ਵ ਰਿਕਾਰਡ ਦਰਜ ਕੀਤਾ ਹੈ। ਇਨ੍ਹਾਂ ਭੈਣਾਂ ਦੀ ਉਮਰ 88 ਤੋਂ 101 ਸਾਲ ਦੇ ਵਿਚਕਾਰ ਹੈ ਅਤੇ ਇਨ੍ਹਾਂ ਦੀ ਕੁੱਲ ਉਮਰ 571 ਸਾਲ 293 ਦਿਨ ਤੋਂ ਵੱਧ ਹੈ। ਗਿਨੀਜ਼ ਵਰਲਡ ਰਿਕਾਰਡ ’ਚ ਇਨ੍ਹਾਂ ਭੈਣਾਂ ਦੇ ਨਾਂ ’ਲੌਂਗੇਸਟ ਕੰਬਾਈਨਡ ਏਜ ਆਫ 6 ਲਿਵਿੰਗ ਸਿਬਲਿੰਗਜ਼’ ਦਾ ਰਿਕਾਰਡ ਹੈ। ਸਭ ਤੋਂ ਵੱਡੀ ਭੈਣ, ਨੋਰਮਾ ਜੋ ੳਹਾਇੳ ਸੂਬੇ ’ਚ ਰਹਿੰਦੀ ਹੈ। ਜਦੋਂ ਕਿ ਬਾਕੀ ਪੰਜ ਭੈਣਾਂ, ਲੌਰੇਨ, ਮੈਕਸੀਨ, ਡੌਰਿਸ, ਮਾਰਗਰੇਟ ਅਤੇ ਐਲਮਾ, ਅਜੇ ਵੀ ਮਿਸੂਰੀ ਸੂਬੇ ’ਚ ਰਹਿੰਦੀਆਂ ਹਨ।
ਇਹ ਭੈਣਾਂ ਪਿਛਲੇ 9 ਦਹਾਕਿਆਂ ਤੋਂ ਮਹਾਨ ਉਦਾਸੀ, ਦੂਜੇ ਵਿਸ਼ਵ ਯੁੱਧ ਅਤੇ ਹਾਲ ਹੀ ’ਚ ਕੋਵਿਡ-19 ਦੀ ਮਹਾਮਾਰੀ ’ਚੋਂ ਲੰਘੀਆਂ ਹਨ। ਐਲਮਾ ਕਹਿੰਦੀ ਹੈ ਕਿ ’ਸਮੇਂ-ਸਮੇਂ ’ਤੇ ਸਾਰੀਆਂ ਭੈਣਾਂ ਵਿੱਚ ਛੋਟੀਆਂ-ਛੋਟੀਆਂ ਗੱਲਾਂ ਤੋ ਤਕਰਾਰ ਹੁੰਦਾ ਹੈ ਪਰ ਸਾਡੇ ਰਿਸ਼ਤੇ ਵਿਚ ਕਦੇ ਵੀ ਤਰੇੜ ਨਹੀਂ ਆਈ। ਅਸੀਂ ਸਾਰੀ ਉਮਰ ਇਕ ਦੂਜੇ ਦੇ ਨੇੜੇ ਰਹੀਆਂ ਹਾਂ ਅਤੇ ਅਕਸਰ ਜਨਮ ਦੇ ਕ੍ਰਮ ਅਨੁਸਾਰ ਟੀ-ਸ਼ਰਟਾਂ ਪਾ ਕੇ ਇਕੱਠਿਆ ਹੀ ਯਾਤਰਾ ਕਰਦੀਆਂ ਹਾਂ। ਕਿਉਂਕਿ 6 ’ਚੋਂ 3 ਭੈਣਾਂ ਦਾ ਜਨਮ ਜੁਲਾਈ ’ਚ ਹੋਇਆ ਸੀ, ਭੈਣਾਂ ਹਰ ਗਰਮੀਆਂ ’ਚ ਆਪਣੀ ਮਾਂ ਦੁਆਰਾ ਸ਼ੁਰੂ ਕੀਤੀ ਗਈ ਇਕ ਪਰੰਪਰਾ ਨੂੰ ਮਨਾਉਣ ਲਈ ਇਕੱਠੀਆਂ ਹੁੰਦੀਆਂ ਹਨ। ਇੰਨਾਂ ਭੈਣਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਵੱਡਾ ਭਰਾ ਸਟੈਨਲੀ ਇਸ ਸਾਲ 102 ਸਾਲ ਦਾ ਹੋ ਜਾਣਾ ਸੀ ਪਰ ਉਸ ਦੀ 81 ਸਾਲ ਦੀ ਉਮਰ ਵਿਚ ਇਕ ਸੜਕ ਹਾਦਸੇ ਵਿਚ ਮੌਤ ਹੋ ਗਈ ਸੀ।