ਦੀਵਾਲੀ ਸਾਂਝ ਤੇ ਮਿਲਵਰਤਣ ਨਾਲ ਮਨਾਈਏ

ਦੀਵਾਲੀ ਸਾਂਝ ਤੇ ਮਿਲਵਰਤਣ ਨਾਲ ਮਨਾਈਏ

ਗੁਰਬਿੰਦਰ ਸਿੰਘ ਮਾਣਕ
ਤਿਉਹਾਰ ਤੇ ਮੇਲੇ ਕਿਸੇ ਦੇਸ਼ ਵਿਚ ਵਸਦੇ ਲੋਕਾਂ ਦੀ ਜੀਵਨ-ਜਾਚ, ਸੋਚ, ਸਮਾਜਿਕ ਤੇ ਸੱਭਿਆਚਾਰਕ ਰਵਾਇਤਾਂ ਤੇ ਰਹੁ-ਰੀਤਾਂ ਦਾ ਸ਼ੀਸ਼ਾ ਹੁੰਦੇ ਹਨ। ਵਿਸ਼ਾਲ ਭਾਰਤ ਦੀ ਇਹ ਵਿਲੱਖਣਤਾ ਹੈ ਕਿ ਵੱਖ-ਵੱਖ ਸੱਭਿਆਚਾਰਾਂ, ਬੋਲੀਆਂ, ਧਰਮਾਂ, ਵਿਸ਼ਵਾਸਾਂ, ਵੱਖਰੇ ਖਾਣ-ਪੀਣ ਤੇ ਪਹਿਰਾਵੇ ਦੀ ਵੰਨ-ਸੁਵੰਨਤਾ ਤੇ ਅਨੇਕਾਂ ਹੋਰ ਵਖਰੇਵਿਆਂ ਕਾਰਨ, ਇੱਥੇ ਹਰ ਦਿਨ ਹੀ ਕਿਸੇ ਤਿਉਹਾਰ ਜਾਂ ਮੇਲੇ ਨਾਲ ਰੰਗਿਆ ਹੋਇਆ ਹੈ। ਰੌਸ਼ਨੀਆਂ ਦੇ ਤਿਉਹਾਰ ਵਜੋਂ ਦੀਵਾਲੀ, ਸਦੀਆਂ ਤੋਂ ਭਾਰਤੀ ਲੋਕਾਂ ਦੇ ਮਨ ਵਿਚ ਵਸੀ ਹੋਈ ਹੈ। ਮਨਾਂ ਦੇ ਭਰਪੂਰ ਹੁਲਾਸ ਤੇ ਖੁਸ਼ੀਆਂ ਖੇੜਿਆਂ ਸੰਗ ਲੋਕ ਦੀਵੇ ਤੇ ਮੋਮਬੱਤੀਆਂ ਬਾਲ ਕੇ ਇਸ ਤਿਉਹਾਰ ਨੂੰ ਮਨਾਉਂਦੇ ਆ ਰਹੇ ਹਨ। ਕਦੇ ਸਮਾਂ ਸੀ ਸਰ੍ਹੋਂ ਦੇ ਤੇਲ ਦੇ ਨਿੱਕੇ ਨਿੱਕੇ ਦੀਵੇ ਬਾਲ ਕੇ ਦੀਵਾਲੀ ਦੀ ਰਾਤ ਘਰਾਂ ਵਿਚ ਰੌਸ਼ਨੀ ਕੀਤੀ ਜਾਂਦੀ ਸੀ। ਪਰ ਸਮੇਂ ਦੇ ਬਦਲਣ ਨਾਲ ਅੱਜ ਕੱਲ੍ਹ ਰੰਗ ਬਰੰਗੇ ਬਲਬਾਂ ਦੀਆਂ ਲੜੀਆਂ ਸਦਕਾ ਰੌਸ਼ਨੀਆਂ ਦੀ ਚਕਾਚੌਂਧ ਨਾਲ ਪਿੰਡ ਤੇ ਸ਼ਹਿਰ ਜਗਮਗਾ ਉਠਦੇ ਹਨ।
ਹਨ੍ਹੇਰੇ ਉੱਤੇ ਰੌਸ਼ਨੀ ਦੀ ਜਿੱਤ, ਅਗਿਆਨਤਾ ਉੱਤੇ ਗਿਆਨ ਦੀ ਜਿੱਤ, ਬੁਰਾਈ ਉੱਤੇ ਨੇਕੀ ਦੀ ਜਿੱਤ ਅਤੇ ਨਿਰਾਸ਼ਾ ਉੱਤੇ ਆਸ਼ਾ ਦੀ ਜਿੱਤ ਦੇ ਪ੍ਰਤੀਕ ਵਜੋਂ ਦੀਵਾਲੀ ਦਾ ਤਿਉਹਾਰ ਲੋਕ ਮਨਾਂ ਵਿਚ ਬਹੁਤ ਡੂੰਘਾ ਵਸਿਆ ਹੋਇਆ ਹੈ। ਸਿੱਖਾਂ ਵਲੋਂ ਇਹ ਤਿਉਹਾਰ ’ਬੰਦੀ ਛੋੜ ਦਿਵਸ’ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਗਵਾਲੀਅਰ ਦੇ ਕਿਲ੍ਹੇ ਵਿਚ ਕੈਦ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਹੋਰ ਹਿੰਦੂ ਰਾਜਿਆਂ ਸਮੇਤ ਰਿਹਾਈ ਉਪਰੰਤ ਜਦੋਂ ਅਮ੍ਰਿਤਸਰ ਦੀ ਪਵਿੱਤਰ ਧਰਤੀ ’ਤੇ ਪਹੁੰਚੇ ਤਾਂ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸ਼ਰਧਾਲੂਆਂ ਵਲੋਂ ਦੀਪਮਾਲਾ ਕੀਤੀ ਗਈ।
ਦੀਵਾਲੀ ਦੀ ਰਾਤ ਆਲੇ-ਦੁਆਲੇ ਜਗਮਗ ਕਰਦੀਆਂ ਰੌਸ਼ਨੀਆਂ ਤੋਂ ਲਗਦਾ ਹੈ ਜਿਵੇਂ ਕਾਲੀਬੋਲੀ ਰਾਤ ਕੁਝ ਪਲਾਂ ਲਈ ਕਿਤੇ ਅਲੋਪ ਹੋ ਗਈ ਹੋਵੇ। ਪਰ ਜੇ ਸਮੁੱਚੇ ਸਮਾਜਿਕ ਵਰਤਾਰੇ ਵੱਲ ਨਜ਼ਰ ਮਾਰੀਏ ਤਾਂ ਇੰਜ ਹੋਇਆ ਪ੍ਰਤੀਤ ਨਹੀਂ ਹੁੰਦਾ। ਬਾਹਰੀ ਰੌਸ਼ਨੀਆਂ ਨਾਲ ਜੇ ਮਨਾਂ ਦੇ ਹਨੇਰਿਆਂ ਨੂੰ ਦੂਰ ਕੀਤਾ ਜਾ ਸਕਦਾ ਹੁੰਦਾ ਤਾਂ ਹੁਣ ਤੱਕ ਸਾਡਾ ਵੀ ਸੰਸਾਰ ਵਿਚ ਕਿਤੇ ਨਾ ਹੁੰਦਾ । ਸਚਾਈ ਇਹ ਹੈ ਕਿ ਜਿਉਂ ਜਿਉਂ ਰੌਸ਼ਨੀਆਂ ਦੀ ਜਗਮਗਾਹਟ ਵਧੀ ਹੈ ਤਿਉਂ ਤਿਉਂ ਹੀ ਮਨਾਂ ਦੇ ਆਕਾਸ਼ ’ਤੇ ਹਨ੍ਹੇਰਿਆਂ ਦੇ ਕਾਲੇ ਬੱਦਲ ਗੂੜ੍ਹੇ ਹੁੰਦੇ ਗਏ ਹਨ। ਦੀਵਾਲੀ ਦੇ ਤਿਉਹਾਰ ਨੇ ਭਾਵੇਂ ਨਿੱਕੇ ਜਿਹੇ ਦੀਵੇ ਤੋਂ ਲੈਕੇ ਰੌਸ਼ਨੀ ਦੇ ਚਕਾਚੌਂਧ ਕਰਨ ਵਾਲੇ ਸਾਧਨਾਂ ਤੱਕ ਦਾ ਸਫ਼ਰ ਤੈਅ ਕਰ ਲਿਆ ਹੈ ਪਰ ਕਾਲਖਾਂ ਦਾ ਪਹਿਰਾ ਜਿਉਂ ਦਾ ਤਿਉਂ ਕਾਇਮ ਹੈ। ਮਨਾਂ ਦੇ ਹਨ੍ਹੇਰੇ ਤਾਂ ਮੱਸਿਆ ਦੀ ਕਾਲੀ ਬੋਲੀ ਰਾਤ ਤੋਂ ਵੀ ਵੱਧ ਗੂੜ੍ਹੇ ਹੋ ਗਏ ਹਨ।
ਆਪਣੇ ਜੀਵਨ ਨੂੰ ਸੁਖਦਾਈ ਬਣਾਉਣ ਲਈ ਮਨੁੱਖ ਨੇ ਨਿੱਜੀ ਹਿਤਾਂ ਦੀ ਖਾਤਰ ਲਾਲਚ ਤੇ ਸਵਾਰਥ ਦਾ ਰਾਹ ਫੜ ਲਿਆ ਹੈ। ਇਸ ਸੱਭਿਅਕ ਮਨੁੱਖੀ ਸਮਾਜ ਵਿਚ ਮਨੁੱਖ ਦੀ ਜ਼ਿੰਦਗੀ ਭਿਆਨਕ ਦਰਿੰਦਗੀ ਨਾਲ ਭਰੀ ਪਈ ਹੈ। ਸਭਿਅਤਾ ਦਾ ਨਕਾਬ ਪਾਈ ਅਜੋਕਾ ਮਨੁੱਖ ਏਨਾ ਲਾਲਚੀ, ਸਵਾਰਥੀ ਅਤੇ ਅਣਮਨੁੱਖੀ ਰੁਚੀਆਂ ਵਾਲਾ ਹੋ ਗਿਆ ਹੈ ਕਿ ਉਹ ਸਮਾਜ ਦੀਆਂ ਸਭ ਨੈਤਿਕ ਤੇ ਸਦਾਚਾਰਕ ਕਦਰਾਂ ਕੀਮਤਾਂ ਨੂੰ ਉਲੰਘ ਕੇ ਉਸ ਰਾਹ ’ਤੇ ਤੁਰ ਪਿਆ ਹੈ ਜਿਹੜਾ ਹਨ੍ਹੇਰੀ ਤੇ ਅੰਨ੍ਹੀ ਗੁਫ਼ਾ ਵੱਲ ਜਾਂਦਾ ਹੈ। ਧਨ ਤੇ ਜਾਇਦਾਦ ਦੇ ਲਾਲਚ ਵਿਚ ਮਨੁੱਖ ਇਸ ਕਦਰ ਅੰਨ੍ਹਾ ਹੋ ਚੁੱਕਾ ਹੈ ਕਿ ਉਹ ਸਭ ਕੁਝ ਹੜੱਪ ਜਾਣ ਲਈ, ਖ਼ੂਨ ਦੇ ਰਿਸ਼ਤਿਆਂ ਦਾ ਘਾਣ ਕਰਨ ਲੱਗਾ ਵੀ ਪਲ ਨਹੀਂ ਲਾਉਂਦਾ। ਜਾਇਦਾਦ ਤੇ ਦੌਲਤ ਦੀ ਖਾਤਰ ਪੁੱਤਰ ਪਿਉ ਨੂੰ ਮਾਰ ਰਿਹਾ ਹੈ, ਭਰਾ, ਭਰਾ ਦੇ ਖ਼ੂਨ ਦਾ ਪਿਆਸਾ ਹੋ ਗਿਆ ਹੈ। ਲਾਲਸਾ ਵਿਚ ਗ੍ਰਸੇ ਲੋਕਾਂ ਦਾ ਇਕੋ ਇਕ ਉਦੇਸ਼ ਹਰ ਹੀਲੇ ਧਨ ਦੌਲਤ ਤੇ ਹੋਰ ਪਦਾਰਥਿਕ ਵਸਤਾਂ ਇਕੱਠੀਆਂ ਕਰਕੇ ਆਪਣੀਆਂ ਤਿਜੌਰੀਆਂ ਭਰਨਾ ਹੀ ਰਹਿ ਗਿਆ ਹੈ।
ਮਾਨਵੀ ਰਿਸ਼ਤਿਆਂ ਵਿਚ ਨਿਘਾਰ ਆਪਣੀ ਚਰਮ ਸੀਮਾ ’ਤੇ ਹੈ। ਅਜੋਕੇ ਜੀਵਨ ਵਰਤਾਰੇ ਵਿਚ ਜਿਸ ਤਰ੍ਹਾਂ ਰਿਸ਼ਤਿਆਂ ਦੀ ਮਿੱਟੀ ਪਲੀਤ ਹੋ ਰਹੀ ਹੈ, ਉਸ ਤੋਂ ਕੋਈ ਵੀ ਸੰਵੇਦਨਸ਼ੀਲ ਮਨੁੱਖ ਸ਼ਰਮਸਾਰ ਹੋਏ ਬਿਨਾਂ ਨਹੀਂ ਰਹਿ ਸਕਦਾ। ਅੱਜ ਵੀ ਔਰਤ ਜ਼ੁਲਮ ਦਾ ਸ਼ਿਕਾਰ ਹੋ ਰਹੀ ਹੈ। ਔਰਤ ਮਰਦ ਬਰਾਬਰੀ ਦੇ ਦਾਅਵੇ ਬਿਲਕੁਲ ਖੋਖਲੇ ਹਨ। ਸਮਾਜਿਕ ਜੀਵਨ ਵਿਚ ਔਰਤ ਨੂੰ ਜਿਹੜਾ ਆਦਰ ਸਤਿਕਾਰ ਮਿਲਣਾ ਚਾਹੀਦਾ ਹੈ, ਉਸ ਤੋਂ ਉਹ ਅਜੇ ਵੀ ਵਿਰਵੀ ਹੈ। ਬਾਲੜੀਆਂ, ਕੁੜੀਆਂ ਤੇ ਔਰਤਾਂ ਕਿਤੇ ਵੀ ਸੁਰੱਖਿਅਤ ਨਹੀਂ ਹਨ। ਸਮਾਜ ਵਿਚ ਜਬਰ-ਜਨਾਹ ਦੀਆਂ ਘਟਨਾਵਾਂ ਵਿਚ ਲਗਾਤਾਰ ਵਾਧਾ ਇਸ ਗੱਲ ਦਾ ਪ੍ਰਮਾਣ ਹੈ ਕਿ ਸਿੱਖਿਆ ਦੀ ਆਧੁਨਿਕ ਰੌਸ਼ਨੀ ਦੇ ਦਾਅਵੇ ਕਿੰਨੇ ਖੋਖਲੇ ਹਨ।
ਸਾਡੀਆਂ ਸੋਚਾਂ ਦੇ ਦਾਇਰੇ ਏਨੇ ਸੌੜੇ ਹੋ ਗਏ ਹਨ ਅਸੀਂ ਹੁਣ ਇਨਸਾਨ ਨਹੀਂ ਸਗੋਂ ਹਿੰਦੂ, ਸਿੱਖ ਤੇ ਮੁਸਲਮਾਨ ਜਾਂ ਹੋਰ ਕਈ ਵਲਗਣਾਂ ਵਿਚ ਕੈਦ ਹੋ ਕੇ ਰਹਿ ਗਏ ਹਾਂ। ਜਿਉਂ ਜਿਉਂ ਮਨੁੱਖ ਅਖੌਤੀ ਤਰੱਕੀ ਦੀਆਂ ਮੰਜ਼ਿਲਾਂ ਤੈਅ ਕਰਦਾ ਜਾ ਰਿਹਾ ਹੈ, ਤਿਉਂ ਤਿਉਂ ਇਨਸਾਨੀ ਕਦਰਾਂ-ਕੀਮਤਾਂ ਦੀ ਮਿੱਟੀ ਪਲੀਤ ਹੋ ਰਹੀ ਹੈ। ਧਰਮਾਂ ਦੇ ਅਸਲੀ ਅਰਥਾਂ ਦੀ ਥਾਹ ਪਾਉਣ ਦੀ ਗੱਲ ਕੋਈ ਨਹੀਂ ਕਰਦਾ। ਧਨ ਇਕੱਠਾ ਕਰਨ ਦੀਆਂ ਕਰਮ-ਕਾਂਡੀ ਜੁਗਤਾਂ ਅਪਣਾ ਕੇ ਲੋਕਾਂ ਨੂੰ ਔਝੜੇ ਰਾਹ ਪਾਇਆ ਜਾ ਰਿਹਾ ਹੈ। ਕਿਸੇ ਦੂਸਰੇ ਧਰਮ ਪ੍ਰਤੀ, ਕਿਸੇ ਦੂਸਰੇ ਵਿਚਾਰ ਪ੍ਰਤੀ ਅਜਿਹੇ ਉਲਾਰਪਨ ਅਤੇ ਦਹਿਸ਼ਤ ਤੇ ਵਹਿਸ਼ਤ ਦਾ ਵਾਤਾਵਰਨ ਸਿਰਜਿਆ ਜਾ ਰਿਹਾ ਹੈ ਕਿ ਰੂਹ ਕੰਬ ਜਾਂਦੀ ਹੈ। ਸਮਾਜ ਵਿਚ ਸਹਿਣਸ਼ੀਲਤਾ, ਉਦਾਰਤਾ ਤੇ ਭਾਈਚਾਰਕ ਸੰਵੇਦਨਾ ਕਿਤੇ ਵੀ ਨਜ਼ਰ ਨਹੀਂ ਆਉਂਦੀ।
ਵਿਗਿਆਨ, ਤਕਨਾਲੋਜੀ ਅਤੇ ਬਿਜਲਈ ਸਾਧਨਾਂ ਦੇ ਹੈਰਾਨੀਜਨਕ ਵਰਤਾਰੇ ਨੇ ਵਿਗਿਆਨਕ ਅਤੇ ਤਰਕਸ਼ੀਲ ਸੋਚ ਨੂੰ ਹੋਰ ਪ੍ਰਚੰਡ ਕੀਤਾ ਹੈ। ਪਰ ਸਾਡੇ ਸਮਾਜ ਦਾ ਵੱਡਾ ਹਿੱਸਾ ਅੱਜ ਵੀ ਵਹਿਮਾਂ-ਭਰਮਾਂ ਅਤੇ ਅਗਿਆਨਤਾ ਦੇ ਗੂੜ੍ਹੇ ਹਨੇਰਿਆਂ ਵਿਚ ਜਕੜਿਆ ਹੋਇਆ ਹੈ। ਅਨਪ?ਹੜ ਲੋਕ ਹੀ ਨਹੀਂ, ਸਗੋਂ ਪੜ੍ਹੇ-ਲਿਖੇ ਲੋਕ ਵੀ ਆਪਣੀਆਂ ਚਿੰਤਾਵਾਂ ਨੂੰ ਦੂਰ ਕਰਨ ਤੇ ਇੱਛਾਵਾਂ ਦੀ ਪੂਰਤੀ ਲਈ ਇਨ੍ਹਾਂ ਡੇਰਿਆਂ ਉੱਤੇ ਜਾ ਕੇ ਮੱਥੇ ਰਗੜਦੇ ਦੇਖੇ ਜਾ ਸਕਦੇ ਹਨ। ਬਾਬਿਆਂ ਦੇ ਡੇਰਿਆਂ ਤੇ, ਭੇਡ-ਚਾਲ ਵੱਸ ਏਨੀਆਂ ਭੀੜਾਂ ਜੁੜਦੀਆਂ ਹਨ ਕਿ ਕਈ ਵਾਰ ਹੈਰਾਨੀ ਹੁੰਦੀ ਹੈ ਜਿਵੇਂ ਸਾਰੀਆਂ ਸਮੱਸਿਆਵਾਂ ਦਾ ਹੱਲ ਇਨ੍ਹਾਂ ਪਖੰਡੀ ਬਾਬਿਆਂ ਕੋਲ ਹੀ ਹੋਵੇ। ਇਨ੍ਹਾਂ ਹਨ੍ਹੇਰੇ ਮਨਾਂ ਨੂੰ ਗਿਆਨ ਦੀ ਰੌਸ਼ਨੀ ਦੀ ਅਤਿਅੰਤ ਲੋੜ ਹੈ।
ਗ਼ਰੀਬੀ ਦੀ ਦਲਦਲ ਵਿਚ ਗਲ-ਗਲ ਤੱਕ ਖੁੱਭੇ ਇਸ ਦੇਸ਼ ਦੇ ਕਰੋੜਾਂ ਲੋਕਾਂ ਲਈ ਦੀਵਾਲੀ ਦੇ ਦੀਵਿਆਂ ਦੀ ਰੌਸ਼ਨੀ ਦਾ ਕੋਈ ਅਰਥ ਨਹੀਂ ਹੈ। ਉਹ ਹਨ੍ਹੇਰੇੇ ਵਿਚ ਹੀ ਜੰਮਦੇ ਹਨ ਤੇ ਸਾਰੀ ਉਮਰ ਹਨ੍ਹੇਰਾ ਢੋਂਹਦੇ ਹੀ ਇਸ ਜਹਾਨ ਤੋਂ ਕੂਚ ਕਰ ਜਾਂਦੇ ਹਨ। ਦੇਸ਼ ਦੇ ਕਰੋੜਾਂ ਘਰਾਂ ਵਿਚ ਤਾਂ ਸ਼ਾਇਦ ਹਰ ਰੋਜ਼ ਇਕ ਨਿੱਕਾ ਜਿਹਾ ਦੀਵਾ ਵੀ ਨਾ ਬਲਦਾ ਹੋਵੇ, ਪਰ ਲੁੱਟ ਦੀ ਕਮਾਈ ਨਾਲ ਉੱਸਰੇ ਵੱਡੇ-ਵੱਡੇ ਮਹਿਲਾਂ ਵਿਚ ਨਿੱਤ ਹੀ ਦੀਵਾਲੀ ਜਿਹੀਆਂ ਰੌਸ਼ਨੀਆਂ ਦੀ ਚਕਾਚੌਂਧ ਦੇਖੀ ਜਾ ਸਕਦੀ ਹੈ। ਆਮ ਆਦਮੀ ਮਨ ਵਿਚ ਕਈ ਰੀਝਾਂ, ਉਮੰਗਾਂ ਤੇ ਸੁਪਨੇ-ਸੱਧਰਾਂ ਪਾਲਦਾ ਪਾਲਦਾ ਹੀ ਜ਼ਿੰਦਗੀ ਤੋਂ ਕੂਚ ਕਰ ਜਾਂਦਾ ਹੈ, ਪਰ ਉਸ ਦੇ ਸੁਪਨੇ ਪੂਰੇ ਨਹੀਂ ਹੁੰਦੇ।
ਦੀਵਾਲੀ ’ਤੇ ਘਰਾਂ ਵਿਚ ਸਫਾਈ ਕਰਨੀ ਤੇ ਘਰਾਂ ਨੂੰ ਸਜਾਉਣਾ ਸ਼ਿੰਗਾਰਨਾ ਸਦੀਆਂ ਤੋਂ ਪ੍ਰਚੱਲਿਤ ਹੈ। ਪਰ ਆਲੇ-ਦੁਆਲੇ ਵੱਲ ਗਹੁ ਨਾਲ ਨਜ਼ਰ ਮਾਰੀਏ ਤਾਂ ਸਮੁੱਚਾ ਭਾਰਤ ਗੰਦਗੀ ਦੇ ਅੰਬਾਰਾਂ ਨਾਲ ਗ੍ਰੱਸਿਆ ਸੜ੍ਹਾਂਦ ਮਾਰ ਰਿਹਾ ਹੈ। ਕੋਈ ਪਿੰਡ ਸ਼ਹਿਰ ਅਜਿਹਾ ਨਹੀਂ ਜਿੱਥੇ ਪ੍ਰਵੇਸ਼ ਕਰਦਿਆਂ ਕੂੜੇ ਦੇ ਢੇਰ ਤੇ ਨਾਲੀਆਂ ਦੀ ਗੰਦਗੀ ਤੁਹਾਡਾ ਸਵਾਗਤ ਨਾ ਕਰਦੀ ਹੋਵੇ। ਜਦੋਂ ਤੱਕ ਸਾਡੀ ਮਾਨਸਿਕਤਾ ਵਿਚ ਪਸਰੀ ਗੰਦਗੀ ਦੂਰ ਨਹੀਂ ਹੁੰਦੀ ਬਾਹਰੀ ਸਵੱਛਤਾ ਮਹਿਜ਼ ਸੁਪਨਾ ਹੀ ਬਣੀ ਰਹੇਗੀ। ਲੋਕਾਂ ਦੇ ਜੀਵਨ ਵਿਚ ਪਸਰੇ ਗੂੜ੍ਹੇ ਹਨ੍ਹੇਰੇ ਨੂੰ ਦੀਵਾਲੀ ਦੀਆਂ ਰੌਸ਼ਨੀਆਂ ਦੀ ਚਕਚੌਂਧ ਵੀ ਦੂਰ ਨਹੀਂ ਕਰ ਸਕੀ। ਨਿੱਤ ਦਿਨ ਖ਼ੁਦਕੁਸ਼ੀਆਂ ਕਰ ਰਹੇ ਕਿਰਤੀਆਂ ਕਿਸਾਨਾਂ ਦੇ ਘਰਾਂ ਵਿਚ ਤਾਂ ਹਨ੍ਹੇਰਾ ਪਸਰਿਆ ਹੋਇਆ ਹੈ। ਮਹਿੰਗਾਈ ਨੇ ਆਮ ਆਦਮੀ ਨੂੰ ਇਸ ਕਦਰ ਤੜਪਾਇਆ ਹੋਇਆ ਹੈ ਕਿ ਉਸ ਲਈ ਜੀਣਾ ਦੁੱਭਰ ਹੋ ਗਿਆ ਹੈ। ਕਰੋੜਾਂ ਲੋਕਾਂ ਲਈ ਤਿਉਹਾਰ ਕੇਵਲ ਸੁਪਨਾ ਬਣ ਕੇ ਰਹਿ ਗਏ ਹਨ।
ਇਕ ਪਾਸੇ ਗਿਆਨ ਪ੍ਰਾਪਤੀ ਦੇ ਅਨੇਕਾਂ ਸੋਮੇ ਪੈਦਾ ਹੋ ਚੁੱਕੇ ਹਨ, ਪਰ ਦੂਜੇ ਪਾਸੇ ਮਨ੍ਹਾਂ ਦੇ ਹਨ੍ਹੇਰ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਮਿਲਾਵਟਖੋਰ ਖਾਣ ਵਾਲੀਆਂ ਵਸਤਾਂ ਵਿਚ ਮਿਲਾਵਟ ਕਰਕੇ ਆਮ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਹਨ। ਮੁਨਾਫ਼ੇ ਦੀ ਅੰਨ੍ਹੀ ਲਾਲਸਾ ਨੇ ਮਨੁੱਖ ਦੀਆਂ ਅੱਖਾਂ ’ਤੇ ਸਵਾਰਥ ਦੀ ਪੱਟੀ ਬੰਨ੍ਹ ਦਿੱਤੀ ਹੈ। ਸਮਾਜ ਵਿਚ ਨਸ਼ਿਆਂ ਦੀ ਬਦੌਲਤ ਜਿਹੜਾ ਹਨ੍ਹੇਰ ਪਸਰਿਆ ਹੋਇਆ ਹੈ, ਇਸ ਨੇ ਸਮਾਜ ਨੂੰ ਬਰਬਾਦੀ ਦੇ ਰਾਹ ਤੋਰ ਦਿੱਤਾ ਹੈ। ਧੀ ਭੈਣ ਦੀ ਇੱਜ਼ਤ, ਮਾਪਿਆਂ ਦਾ ਆਦਰ ਸਤਿਕਾਰ, ਸਹਿਣਸ਼ੀਲਤਾ, ਮੋਹ-ਮੁਹੱਬਤ ਤੇ ਕਿਰਤ ਦੀ ਕਦਰ ਵਰਗੇ ਆਦਰਸ਼ ਸਾਡੀ ਜੀਵਨ-ਜਾਚ ਵਿਚੋਂ ਕਿਤੇ ਅਲੋਪ ਹੋ ਗਏ ਹਨ।
ਤਿਉਹਾਰ ਤਾਂ ਆਪਸੀ ਸਦਭਾਵਨਾ, ਮਿਲਵਰਤਨ, ਸਾਂਝ ਤੇ ਮੁਹੱਬਤ ਦਾ ਹੀ ਪ੍ਰਗਟਾਵਾ ਹੁੰਦੇ ਹਨ। ਜੇ ਮਨਾਂ ਵਿਚ ਸਾੜਾ ਕੀਨਾ, ਨਫ਼ਰਤ, ਹਉਮੈ ਤੇ ਸਵਾਰਥ ਦਾ ਹਨ੍ਹੇਰ ਹੀ ਪਸਰਿਆ ਰਹਿਣਾ ਹੈ, ਫੇਰ ਘਰਾਂ ਦੀਆਂ ਮਮਟੀਆਂ ’ਤੇ ਜਿੰਨੇ ਮਰਜ਼ੀ ਦੀਵੇ ਜਗਾਈ ਜਾਉ ਸਭ ਵਿਅਰਥ ਹੈ। ਸਮਾਜ ਵਿਚ ਪਾਏ ਜਾ ਰਹੇ ਵਿਤਕਰੇ ਤੇ ਵੰਡੀਆਂ ਨੂੰ ਤਿਆਗ ਕੇ ਸਾਂਝੀਵਾਲਤਾ, ਸਾਰਥਿਕ ਸੋਚਾਂ ਤੇ ਮੁਹੱਬਤ ਦੇ ਦੀਵੇ ਬਾਲ ਕੇ ਮਾਨਵੀ ਸੱਭਿਆਚਾਰ ਸਿਰਜਣਾ ਹੀ ਦੀਵਾਲੀ ਦੀ ਸਾਰਥਿਕਤਾ ਹੈ। ਤਿਉਹਾਰਾਂ ਨੂੰ ਸਾਦਗੀ ਤੇ ਮਿਲਵਰਤਨ ਨਾਲ ਮਨਾਈਏ। ਪਟਾਖਿਆਂ ਦੀਆਂ ਕੰਨ-ਪਾੜਵੀਆਂ ਆਵਾਜ਼ਾਂ ਤੇ ਜ਼ਹਿਰੀਲੇ ਧੂੁੰਏਂ ਨਾਲ ਵਾਤਾਵਰਨ ਨੂੰ ਪਲੀਤ ਕਰਨ ਤੋਂ ਬਿਨਾਂ ਵੀ ਦੀਵਾਲੀ ਦੀ ਖੁਸ਼ੀ ਮਨਾਈ ਜਾ ਸਕਦੀ ਹੈ।