ਦੀਵਾਲੀ ਦੀ ਰੋਸ਼ਨੀ ਤੇ ਖਪਤਕਾਰੀ ਯੁੱਗ ਦੇ ਪ੍ਰਛਾਵੇਂ

ਦੀਵਾਲੀ ਦੀ ਰੋਸ਼ਨੀ ਤੇ ਖਪਤਕਾਰੀ ਯੁੱਗ ਦੇ ਪ੍ਰਛਾਵੇਂ

ਐਡਵੋਕੈਟ ਰਵਿੰਦਰ ਸਿੰਘ ਧਾਲੀਵਾਲ

ਬਦਲੇ ਜ਼ਮਾਨੇ ਨੇ ਖੁਸ਼ੀਆਂ ਦੇ ਮਾਇਨੇ ਹੀ ਬਦਲ ਦਿੱਤੇ। ਅੱਜ ਸਭ ਪਾਸੇ ਮਾਲ ਕਲਚਰ, ਆਨਲਾਈਨ ਖਰੀਦਦਾਰੀ ਅਤੇ ਬਹੁਰਾਸ਼ਟਰੀ ਕੰਪਨੀਆਂ ਦੀ ਚਕਾਚੌਂਧ ਹੈ। ਖਪਤਕਾਰੀ ਯੁੱਗ ਦਾ ਮਾਇਆ ਜਾਲ ਸੇਲ ਜਾਂ ਮੁਫਤ ਦੇ ਲਾਲਚ ਵਸ ਲੋਕਾਂ ਦੀ ਜੇਬ ਖਾਲੀ ਹੋਣ ਦਾ ਪਤਾ ਵੀ ਨਹੀਂ ਲੱਗਣ ਦਿੰਦਾ। ਇਸ ਨੇ ਤਿਉਹਾਰਾਂ ਨੂੰ ਖਰੀਦੋ-ਫਰੋਖਤ ਤੱਕ ਸੀਮਤ ਕਰ ਦਿੱਤਾ ਹੈ; ਨਾਲ ਭਾਈਚਾਰਕ ਸਾਂਝ ਨੂੰ ਵੀ ਖੂੰਜੇ ਲਾ ਛੱਡਿਆ। ਆਧੁਨਿਕਤਾ ਦੀ ਆੜ ਵਿਚ ਇਹ ਕੋਈ ਅਲੋਕਾਰੀ ਗੱਲ ਨਹੀਂ ਪਰ ਤਿਉਹਾਰਾਂ ਨਾਲ ਜੁੜੇ ਚਾਅ ਅਤੇ ਖੁਸ਼ੀਆਂ ਖੇੜੇ ਨੂੰ ਪੈਸੇ ਨਾਲ ਤੋਲਣਾ ਜ਼ਰੂਰ ਦੁਖਦਾਈ ਹੈ। ਤਿਉਹਾਰ ਸਾਂਝ ਤੇ ਸ਼ਾਂਤੀ ਦੇ ਸੰਦੇਸ਼ ਦਿੰਦੇ ਹਨ। ਸਭ ਲੋਕ ਘਰਾਂ ਦੀ ਸਫਾਈ, ਦੇਵੀ ਦੇਵਤਿਆਂ ਤੇ ਗੁਰੂ ਪੀਰਾਂ ਦੀ ਪੂਜਾ ਅਤੇ ਧਾਰਮਿਕ ਸਥਾਨਾਂ ਉਤੇ ਜਾ ਕੇ ਸਜਦਾ ਵੀ ਕਰਦੇ ਹਨ। ਇਸ ਰੂਹਾਨੀ ਸਫਰ ਦੀ ਲੋਅ ਵਿਚ ਚਲਦੇ ਹੋਏ ਵੀ ਉਸ ‘ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥’ ਨੂੰ ਭੁੱਲ ਕੇ ਵਾਤਾਵਰਨ ਪਲੀਤ ਕਰਦਿਆਂ ਇਕ ਵਾਰ ਵੀ ਨਹੀਂ ਸੋਚਦੇ। ਜ਼ਿੰਦਗੀ ਦੇ ਰੰਗ ਮਾਨਣ ਲਈ ਕੁਦਰਤ ਨੇ ਹਰਿਆਵਲ ਚੌਗਿਰਦਾ ਬਖਸਿ਼ਆ ਹੈ ਪਰ ਦੀਵਾਲੀ ਦੀ ਰਾਤ ਚੰਦ ਪਲਾਂ ਦੀ ਖੁਸ਼ੀ ਲਈ ਕਰੋੜਾਂ ਰੁਪਏ ਦੇ ਪਟਾਕਿਆਂ ਨਾਲ ਗੰਧਲਾ ਕਰ ਦਿੱਤਾ ਜਾਂਦਾ ਹੈ।

ਭਾਰਤ ਦੇ ਲੋਕ ਤਿੱਥ-ਤਿਉਹਾਰ ਉਤਸ਼ਾਹ ਨਾਲ ਮਨਾਉਂਦੇ ਹਨ ਜਿਸ ਸਦਕਾ ਬਹੁਰੰਗੇ ਸੱਭਿਆਚਾਰ ਵਿਚ ਅਲੌਕਿਕ ਏਕਤਾ ਦਿਖਾਈ ਦਿੰਦੀ ਹੈ। ਦੀਵਾਲੀ ਸਰਬ ਧਰਮ ਸਾਂਝ ਦਾ ਤਿਉਹਾਰ ਹੈ। ਇਸ ਦੀ ਅਧੁਨਿਕ ਬਾਜ਼ਾਰੂ ਦਿੱਖ ਪੁਰਾਣੇ ਸਮੇਂ ਦੇ ਲੋਕਾਂ ਲਈ ਸੁੰਦਰ ਸੁਪਨੇ ਤੋਂ ਘੱਟ ਨਹੀਂ। ਪਹਿਲਾਂ ਦਿਨ-ਦਿਹਾੜੇ ਮਨਾਉਣ ਦਾ ਵੱਖਰਾ ਚਾਅ ਤੇ ਸਾਦਗੀ ਹੁੰਦੀ ਸੀ। ਘਰ ਦੇ ਖੋਏ ਦੀਆਂ ਮਠਿਆਈਆਂ, ਪਿੰਨੀਆਂ, ਬੂੰਦੀ ਦੇ ਲੱਡੂ ਤੇ ਪਕੌੜੇ ਬਣਾ ਕੇ ਖਾਧੇ ਅਤੇ ਆਂਢ-ਗੁਆਂਢ ਵਿਚ ਵੰਡੇ ਜਾਂਦੇ ਸਨ। ਬੱਚੇ ਘਰਦਿਆਂ ਵੱਲੋਂ ਖਰੀਦੇ ਨਵੇਂ ਕੱਪੜੇ ਪਾਉਂਦੇ। ਪਿੰਡ ਦੀ ਸਾਂਝੀ ਜਗ੍ਹਾ ’ਤੇ ਹਲਵਾਈ ਬੈਠਦਾ ਸੀ। ਜਲੇਬੀਆ ਖਰੀਦ ਡੋਲੂ ਵਿਚ ਹੀ ਪੁਆ ਲਿਆਉਣਾ ਹੁਣ ਬੀਤੇ ਸਮੇਂ ਦੀਆਂ ਗੱਲਾਂ ਹਨ। ਫੁਲਝੜੀਆਂ, ਚੱਕਰੀਆਂ ਤੇ ਛੋਟੇ ਪਟਾਕੇ ਚਲਾ ਕੇ ਮਨ ਪਰਚਾਵਾ ਕਰ ਲੈਂਦੇ। ਉਨ੍ਹਾਂ ਵਿਚ ਵੱਡੇ ਬਜ਼ੁਰਗ ਸ਼ਾਮਲ ਹੋ ਕੇ ਖੁਸ਼ੀ ਨੂੰ ਹੋਰ ਵੀ ਚਾਰ ਚੰਨ ਲਗਾ ਦਿੰਦੇ। ਅੱਜ ਭਾਵੇਂ ਜੋਸ਼ ਵਧੇਰੇ ਹੈ ਪਰ ਅਪਣਤ ਕਿਧਰੇ ਨਜ਼ਰੀ ਨਹੀਂ ਆਉਂਦੀ। ਖਰਚੀਲੇ ਵੇਗ ਵਿਚ ਹਰ ਮਨੁੱਖ ਨਾ ਚਹੁੰਦਿਆਂ ਵੀ ਰਗੜੇ ਖਾ ਰਿਹਾ ਹੈ।

ਅਜੋਕੇ ਸਮੇਂ ਦੇ ਪਟਾਕੇ ਲਗਭਗ 125 ਡੈਸੀਬਲ ਤੀਬਰਤਾ ਵਾਲੇ ਹਨ ਜਿਸ ਨਾਲ ਸ਼ੋਰ ਪ੍ਰਦੂਸ਼ਣ ਤਾਂ ਹੁੰਦਾ ਹੀ ਹੈ, ਇਹਨਾਂ ਵਿਚੋਂ ਨਿਕਲਦੀਆਂ ਪੋਟਾਸ਼ੀਅਮ, ਨਾਈਟ੍ਰੇਟ, ਕਾਰਬਨ ਗੈਸਾਂ ਮਨੁੱਖੀ ਸਰੀਰ ਲਈ ਨੁਕਸਾਨਦੇਹ ਹਨ। ਇਹਨਾਂ ਕਾਰਨ ਦਿਲ ਦਾ ਦੌਰਾ, ਬੋਲਾਪਣ, ਸਾਹ ਲੈਣ ਵਿਚ ਤਕਲੀਫ਼, ਬਲੱਡ ਪ੍ਰੈਸ਼ਰ ਵਧਣਾ ਜਾਂ ਘਟਣਾ ਅਤੇ ਚਮੜੀ ਦੇ ਰੋਗਾਂ ਦਾ ਖਤਰਾ ਰਹਿੰਦਾ ਹੈ। ਕਈ ਵਾਰ ਵੱਡੇ ਪਟਾਕੇ ਜਾਂ ਅਨਾਰ ਬੰਬ ਹੱਥ ਵਿਚ ਚੱਲਣ ਕਾਰਨ ਅੱਖਾਂ ਦੀ ਰੋਸ਼ਨੀ ਜਾਣਾ ਜਾਂ ਹੱਥ, ਬਾਂਹ ਤੋਂ ਨਕਾਰਾ ਹੋਣ ਦੀ ਨੌਬਤ ਵੀ ਆ ਜਾਂਦੀ ਹੈ। ਇਹ ਸਭ ਗੈਸਾਂ ਪਾਣੀ ਵਿਚ ਘੁਲ ਕੇ ਹੋਰ ਵੀ ਮਾਰੂ ਹਨ। ਸੰਸਾਰ ਸਿਹਤ ਸੰਗਠਨ ਦੇ ਅੰਕੜਿਆਂ ਅਨੁਸਾਰ ਧੂੰਏਂ ਦੇ ਗੰਧਲੇ ਵਾਤਾਵਰਨ ਕਾਰਨ ਸੰਸਾਰ ਵਿਚ 1.7 ਬਿਲੀਅਨ ਬੱਚੇ 5 ਸਾਲ ਦੀ ਉਮਰੇ, ਭਾਰਤ ਵਿਚ ਦੂਸ਼ਤ ਪਾਣੀ ਨਾਲ ਪੇਚਸ (ਡਾਇਰੀਆ) ਕਾਰਨ 3,61,000 ਅਤੇ ਮਲੇਰੀਆ ਨਾਲ 2,00,000 ਬੱਚੇ ਤੋਂ ਦੁਨੀਆ ਰੁਖਸਤ ਹੋ ਜਾਂਦੇ ਹਨ। ਪਟਾਕਿਆਂ ਦੀ ਭਿਆਨਕ ਆਵਾਜ਼ ਕਾਰਨ ਕਈ ਪੰਛੀ ਆਪਣੇ ਆਲ੍ਹਣੇ ਛੱਡ ਜਾਂ ਮਰ ਜਾਂਦੇ ਹਨ।

ਕੇਂਦਰੀ ਪ੍ਰਦੂਸ਼ਣ ਬੋਰਡ ਅਨੁਸਾਰ ਵਿਗਿਆਨਕ ਤੌਰ ਉਤੇ 85 ਡੈਸੀਬਲ ਤੋਂ ਵੱਧ ਆਵਾਜ਼ ਕੰਨਾਂ ਲਈ ਘਾਤਕ ਹੈ। ਮਨੁੱਖੀ ਸੁਣਨ ਇੰਦਰੀਆਂ (ਕੰਨਾਂ) ਲਈ 60 ਡੈਸੀਬਲ ਤੱਕ ਦੇ ਮਾਪ ਨੂੰ ਸਾਧਾਰਨ ਮੰਨਿਆ ਗਿਆ ਹੈ। ਆਮ ਗੱਲਬਾਤ 40 ਤੋਂ 50 ਡੈਸੀਬਲ ਤੱਕ ਹੁੰਦੀ ਹੈ। ਪਟਾਕੇ ਬਣਾਉਣ ਵਾਲੀਆਂ ਫੈਕਟਰੀਆਂ ਕਾਨੂੰਨ ਨੂੰ ਅੱਖੋਂ-ਪਰੋਖੇ ਕਰਦੀਆਂ ਹਨ। ਆਮ ਪਟਾਕੇ 90 ਡੈਸੀਬਲ ਤੇ ਵੱਡੇ ਰਾਕੇਟ ਜਾਂ ਬੰਬ ਨੂੰ 120 ਡੈਸੀਬਲ ਦੀ ਤੀਬਰਤਾ ਦੇ ਖੜਾਕ ਵਾਲੇ ਬਣਾਏ ਜਾਂਦੇ ਹਨ ਜਿਸ ਨਾਲ ਬੋਲਾਪਣ ਤੇ ਹਾਰਟ ਅਟੈਕ ਕਾਰਨ ਮੌਤ ਵੀ ਹੋ ਸਕਦੀ ਹੈ। ਆਲਮੀ ਤਪਸ਼ ਕਾਰਨ ਪੰਛੀਆਂ ਅਤੇ ਜਨਵਰਾਂ ਦੀਆਂ ਕਿੰਨੀਆਂ ਹੀ ਪ੍ਰਜਾਤੀਆਂ ਖਤਮ ਹੋ ਚੁੱਕੀਆਂ ਹਨ। ਸੰਸਾਰ ਸਿਹਤ ਸੰਗਠਨ ਅਨੁਸਾਰ 2.5 ਪ੍ਰਦੂਸ਼ਣ ਮਾਈਕਰੋ ਗ੍ਰਾਮ ਪ੍ਰਤੀ ਕਿਉਸਿਕ ਮੀਟਰ ਮਨੁੱਖੀ ਜੀਵਨ ਲਈ ਘਾਤਕ ਨਹੀਂ ਪਰ ਇਹ ਅੰਕੜਾ ਭਾਰਤ ਵਿਚ ਆਉਣਾ ਸੰਭਵ ਨਹੀਂ ਜਾਪਦਾ। ਧੁਨੀ ਪ੍ਰਦੂਸ਼ਣ ਵਿਚ ਇਰਾਕ ਪਹਿਲੇ ਅਤੇ ਭਾਰਤ ਦੂਜੇ ਸਥਾਨ ’ਤੇ ਹੈ। ਦਿੱਲੀ ਦਾ ਸਭ ਤੋਂ ਵੱਧ ਧੁਨੀ ਤੇ ਵਾਤਾਵਰਨ ਪ੍ਰਦੂਸ਼ਣ ਕਾਰਨ ਸੰਸਾਰ ਦੇ ਪਹਿਲੇ 10 ਸ਼ਹਿਰਾਂ ਵਿਚ ਨਾਮ ਦਰਜ ਹੈ। ਪਿਛਲੀ ਦੀਵਾਲੀ ਸਮੇਂ ਵਾਤਾਵਰਨ ਪ੍ਰਦੂਸ਼ਣ ਦੀ ਮਾਤਰਾ 60 ਮਾਈਕਰੋ ਗ੍ਰਾਮ ਪ੍ਰਤੀ ਕਿਉਸਿਕ ਮੀਟਰ ਤੋਂ ਵੀ ਵੱਧ ਸੀ ਜਿਸ ਨਾਲ ਦਿਨ ਸਮੇਂ ਧੁੰਦ ਵਰਗਾ ਮਾਹੌਲ ਬਣਨ ਕਰ ਕੇ ਦਿੱਲੀ ਦੇ ਲਗਭਗ 1800 ਸਕੂਲ ਬੰਦ ਕਰਨੇ ਪਏ ਸਨ। ਪਟਾਕੇ ਜਲਣ ਮਗਰੋਂ ਗਲੀ-ਮੁਹੱਲੇ ਅਤੇ ਮੈਦਾਨਾਂ ਵਿਚ ਹਰ ਪਾਸੇ 4000 ਟਨ ਦਾ ਵਾਧੂ ਕੈਮੀਕਲ ਕਚਰਾ ਜਮ੍ਹਾਂ ਹੋ ਜਾਂਦਾ ਹੈ ਜਿਸ ਨਾਲ ਲੋਕ ਅਲਰਜੀ, ਜੁਕਾਮ, ਖੰਘ, ਦਮਾ ਵਰਗੀਆਂ ਬਿਮਾਰੀਆ ਤੋਂ ਪੀੜਤ ਹੁੰਦੇ ਹਨ।

ਪ੍ਰਦੂਸ਼ਤ ਵਾਤਾਵਰਨ ਤੋਂ ਜਨਤਾ ਦੀ ਸੁਰੱਖਿਆ ਅਹਿਮ ਹੈ ਜਿਸ ਲਈ ਜਾਗਰੂਕਤਾ ਲਹਿਰ ਜ਼ਰੂਰੀ ਹੈ। ਲੋਕਾਂ ਨੂੰ ਪੌਦੇ ਲਗਾਉਣ ਲਈ ਪ੍ਰੇਰਨਾ ਪਵੇਗਾ। ਜ਼ਰੂਰਤਮੰਦ ਲੋਕਾਂ ਨੂੰ ਮਠਿਆਈਆਂ, ਫਲ, ਦਵਾਈਆਂ ਅਤੇ ਸਰਦੀਆਂ ਤੋਂ ਬਚਣ ਲਈ ਗਰਮ ਕੱਪੜੇ ਜਾਂ ਕੰਬਲ ਵੰਡ ਕੇ ਖੁਸ਼ੀ ਹੋਰ ਵਧਾ ਸਕਦੇ ਹਾਂ। ਮਠਿਾਈਆਂ, ਪਟਾਕੇ ਜਾਂ ਮਹਿੰਗੇ ਤੋਹਫੇ ਦੇਣ ਨਾਲੋਂ ਗੁਣਕਾਰੀ ਪੌਦੇ ਅਤੇ ਕਿਤਾਬਾਂ ਦੇ ਤੋਹਫੇ ਕਿਸੇ ਪੱਖੋਂ ਘੱਟ ਨਹੀਂ। ਆਓ, ਕੁਦਰਤ ਅਤੇ ਕਿਤਾਬਾਂ ਨੂੰ ਜਿ਼ੰਦਗੀ ਦਾ ਹਿੱਸਾ ਬਣਾਈਏ। ਕਿਤਾਬਾਂ ਖਰੀਦਣ ਦੀ ਆਦਤ ਸਫਲ ਜੀਵਨ ਲਈ ਚੰਗਾ ਨਿਵੇਸ਼ ਹੈ ਜਿਸ ਨਾਲ ਨਵੀਆਂ ਪਿਰਤਾਂ ਦੇ ਮੋਢੀ ਵੀ ਬਣੋਗੇ। ਆਓ, ਦੀਵਾਲੀ ਦੇ ਦੀਵੇ ਵਾਂਗ ਮਨਾਂ ਨੂੰ ਰੋਸ਼ਨ ਕਰ ਹਰਿਆਵਲ ਵਾਤਾਵਰਨ ਵਿਚ ਨਿੱਗਰ ਸਮਾਜ ਦੀ ਸਿਰਜਣਾ ਕਰੀਏ।