ਦੀਵਾਲੀ ਦੀ ਰੋਸ਼ਨੀ ’ਤੇ ਖਪਤਕਾਰੀ ਯੁੱਗ ਦਾ ਪਰਛਾਵਾਂ

ਦੀਵਾਲੀ ਦੀ ਰੋਸ਼ਨੀ ’ਤੇ ਖਪਤਕਾਰੀ ਯੁੱਗ ਦਾ ਪਰਛਾਵਾਂ

  • ਰਵਿੰਦਰ ਸਿੰਘ ਧਾਲੀਵਾਲ
    ਬਦਲੇ ਜ਼ਮਾਨੇ ਨੇ ਖ਼ੁਸ਼ੀਆਂ ਦੇ ਮਾਅਨੇ ਹੀ ਬਦਲ ਦਿੱਤੇ ਹਨ। ਅੱਜ ਸਭ ਪਾਸੇ ਮਾਲ ਕਲਚਰ, ਆਨ ਲਾਈਨ ਖ਼ਰੀਦਦਾਰੀ ਤੇ ਬਹੁਰਾਸ਼ਟਰੀ ਕੰਪਨੀਆਂ ਦੀ ਚਕਾਚੌਧ ਹੈ। ਖਪਤਕਾਰੀ ਯੁੱਗ ਦਾ ਮਾਇਆ ਜਾਲ ਸੇਲ ਜਾਂ ਮੁਫ਼ਤ ਦੇ ਲਾਲਚ ਵਸ ਲੋਕਾਈ ਨੂੰ ਜੇਬ ਖ਼ਾਲੀ ਹੁੰਦਿਆਂ ਵੀ ਪਤਾ ਨਹੀਂ ਲੱਗਣ ਦਿੰਦਾ। ਜਿਸ ਨੇ ਤਿਉਹਾਰਾਂ ਨੂੰ ਖ਼ਰੀਦੋ ਫਰੋਖਤ ਤਕ ਹੀ ਸੀਮਤ ਕਰ ਦਿੱਤਾ ਹੈ। ਨਾਲੋ ਨਾਲ ਲੋਕਾਂ ਦੀ ਭਾਈਚਾਰਕ ਸਾਂਝ ਨੂੰ ਖੰੂਝੇ ਲਾ ਛੱਡਿਆ ਹੈ। ਆਧੁਨਿਕਤਾ ਦੀ ਆੜ ਵਿਚ ਇਹ ਕੋਈ ਅਲੋਕਾਰੀ ਗੱਲ ਨਹੀਂ ਪਰ ਤਿਉਹਾਰਾਂ ਨਾਲ ਜੁੜੇ ਚਾਅ, ਮਲ੍ਹਾਰ ਤੇ ਖ਼ੁਸ਼ੀਆਂ ਖੇੜੇ ਨੂੰ ਪੈਸੇ ਨਾਲ ਤੋਲਣਾ ਜ਼ਰੂਰ ਦੁਖਦਾਈ ਹੈ।

ਤਿਉਹਾਰ ਸਾਂਝ ਤੇ ਸ਼ਾਂਤੀ ਦੇ ਸੰਦੇਸ਼ ਨਾਲ ਕੁਲ ਆਲਮ ਦੇ ਭਲੇ ਦਾ ਸੂਚਕ ਹਨ। ਸਭ ਲੋਕ ਘਰਾਂ ਦੀ ਸਫ਼ਾਈ, ਦੇਵੀ ਦੇਵਤਿਆਂ ਤੇ ਗੁਰੂ ਪੀਰਾਂ ਦੀ ਪੂਜਾ ਅਤੇ ਧਾਰਮਿਕ ਸਥਾਨਾਂ ਉਤੇ ਜਾ ਕੇ ਸਿਜਦਾ ਵੀ ਕਰਦੇ। ਇਸ ਰੂਹਾਨੀ ਸਫ਼ਰ ਦੀ ਲੋਅ ਵਿਚ ਚੱਲਦੇ ਹੋਏ ਵੀ ਉਸ ਪਵਿੱਤਰ ਵਾਕ ‘ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ’ ਨੂੰ ਭੁੱਲ ਕੇ ਵਾਤਾਵਰਨ ਪਲੀਤ ਕਰਦਿਆਂ ਇਕ ਵਾਰ ਵੀ ਨਹੀਂ ਸੋਚਦੇ। ਜ਼ਿੰਦਗੀ ਦੇ ਰੰਗ ਮਾਣਨ ਲਈ ਕੁਦਰਤ ਨੇ ਹਰਿਆਵਲ ਚੌਗਿਰਦਾ ਬਖ਼ਸ਼ਿਆ ਹੈ। ਦੀਵਾਲੀ ਦੀ ਰਾਤ ਚੰਦ ਪਲਾਂ ਦੀ ਖ਼ੁਸ਼ੀ ਲਈ ਕਰੋੜਾਂ ਰੁਪਏ ਦੇ ਪਟਾਕਿਆਂ ਨਾਲ ਗੰਧਲਾ ਕਰਨੋਂ ਨਹੀਂ ਟਲਦੇ।
ਭਾਰਤ ਦੇ ਲੋਕ ਤਿੱਥ-ਤਿਉਹਾਰਾਂ ਨੂੰ ਬੜੇ ਉੁਤਸਾਹ ਨਾਲ ਮਨਾਉਂਦੇ ਹਨ। ਜਿਸ ਸਦਕੇ ਬਹੁਰੰਗੇ ਸੱਭਿਆਚਾਰ ਵਿਚ ਅਲੌਕਿਕ ਏਕਤਾ ਦਿਖਾਈ ਦਿੰਦੀ ਹੈ। ਦੀਵਾਲੀ ਸਰਬ ਧਰਮ ਸਾਂਝਾ, ਖ਼ਾਸ ਤੇ ਵੱਡਾ ਤਿਉਹਾਰ ਹੈ। ਇਸ ਦੀ ਆਧੁਨਿਕ ਬਾਜ਼ਾਰੂ ਦਿੱਖ ਪੁਰਾਣੇ ਸਮੇਂ ਦੇ ਲੋਕਾਂ ਲਈ ਸੁੰਦਰ ਸੁਪਨੇ ਤੋਂ ਘੱਟ ਨਹੀਂ। ਪਹਿਲਾਂ ਦਿਨ-ਦਿਹਾੜੇ ਮਨਾਉਣ ਦਾ ਇਕ ਵੱਖਰਾ ਹੀ ਚਾਅ ਤੇ ਸਾਦਾਪਨ ਹੁੰਦਾ ਸੀ। ਘਰ ਦੇ ਖੋਏ ਦੀਆਂ ਮਿਠਾਈਆਂ, ਚੌਲਾਂ ਦੇ ਆਟੇ ਦੀਆਂ ਪਿੰਨੀਆਂ, ਬੂੰਦੀ ਦੇ ਲੱਡੂ ਤੇ ਪਕੌੜੇ ਬਣਾ ਕੇ ਖਾਂਦੇ ਅਤੇ ਆਂਢ-ਗੁਆਂਢ ਵਿਚ ਵੰਡਦੇ ਸਨ। ਬੱਚੇ ਘਰਦਿਆਂ ਵੱਲੋਂ ਖ਼ਰੀਦੇ ਨਵੇਂ ਕੱਪੜੇ ਪਾਉਂਦੇ। ਪਿੰਡ ਦੀ ਸਾਂਝੀ ਜਗ੍ਹਾ ’ਤੇ ਹਲਵਾਈ ਬੈਠਦਾ ਸੀ। ਜਲੇਬੀਆਂ ਖ਼ਰੀਦ ਡੋਲੂ ਵਿਚ ਹੀ ਪਵਾ ਲਿਆਉਣਾ ਹੁਣ ਬੀਤੇ ਸਮੇਂ ਦੀਆਂ ਗੱਲਾਂ ਹਨ। ਫੁਲਝੜੀਆਂ, ਚੱਕਰੀਆਂ ਤੇ ਛੋਟੇ ਪਟਾਕੇ ਚਲਾ ਕੇ ਮਨ ਪਰਚਾਵਾ ਕਰ ਲੈਂਦੇ। ਉਨ੍ਹਾਂ ਵਿਚ ਵੱਡੇ ਬਜ਼ੁਰਗ ਸ਼ਾਮਲ ਹੋ ਕੇ ਖ਼ੁਸ਼ੀ ਨੂੰ ਹੋਰ ਵੀ ਚਾਰ ਚੰਨ ਲਗਾ ਦਿੰਦੇ। ਭਾਵੇਂ ਅੱਜ ਜੋਸ਼ ਵਧੇਰੇ ਹੈ, ਪਰ ਅਪਣਤ ਕਿੱਧਰੇ ਨਜ਼ਰੀ ਨਹੀਂ ਆਉਂਦੀ ਪਰ ਖ਼ਰਚੀਲੀ ਵੇਗ ਵਿਚ ਹਰ ਮਨੁੱਖ ਨਾ ਚਾਹੰੁਦਿਆਂ ਵੀ ਰਗੜੇ ਖਾ ਰਿਹਾ ਹੈ। ਜਿਸ ਦੇ ਭਿਆਨਕ ਨਤੀਜੇ ਕਿਸੇ ਤੋਂ ਛਿਪੇ ਨਹੀਂ।
ਅਜੋਕੇ ਸਮੇਂ ਦੇ ਪਟਾਕੇ ਲਗਪਗ 125 ਡੇਸੀਬਲ ਤੀਬਰਤਾ ਦੇ ਹਨ। ਜਿਸ ਨਾਲ ਸ਼ੋਰ-ਪ੍ਰਦੂਸ਼ਣ ਤਾਂ ਹੁੰਦਾ ਹੀ ਹੈ, ਨਾਲੋ ਨਾਲ ਇਨ੍ਹਾਂ ਵਿੱਚੋਂ ਨਿਕਲਦੀਆਂ ਪੋਟਾਸ਼ੀਅਮ, ਨਾਈਟ੍ਰੇਟ, ਕਾਰਬਨ ਗੈਸਾਂ ਮਨੁੱਖੀ ਸਰੀਰ ਲਈ ਨੁਕਸਾਨਦੇਹ ਵੀ ਹਨ। ਜਿਸ ਕਾਰਨ ਦਿਲ ਦਾ ਦੌਰਾ, ਬੋਲਾਪਣ, ਸ਼ਾਹ ਲੈਣਾ, ਬਲੱਡ ਪ੍ਰੈਸ਼ਰ ਵਧਣਾ ਜਾਂ ਘਟਣਾ ਅਤੇ ਚਮੜੀ ਦੇ ਰੋਗਾਂ ਦਾ ਖ਼ਤਰਾ ਰਹਿੰਦਾ ਹੈ। ਕਈ ਵਾਰ ਵੱਡੇ ਪਟਾਕੇ ਜਾਂ ਅਨਾਰ ਬੰਬ ਹੱਥ ਵਿਚ ਚੱਲਣ ਕਾਰਨ ਅੱਖਾਂ ਦੀ ਰੋਸ਼ਨੀ ਜਾਣਾ ਜਾਂ ਹੱਥ, ਬਾਂਹ ਤੋਂ ਨਕਾਰਾ ਹੋਣ ਦੀ ਨੌਬਤ ਵੀ ਆ ਜਾਂਦੀ ਹੈ। ਇਹ ਸਭ ਗੈਸਾਂ ਪਾਣੀ ਵਿਚ ਘੁਲ ਕੇ ਹੋਰ ਵੀ ਮਾਰੂ ਹਨ। ਸੰਸਾਰ ਸਿਹਤ ਸੰਗਠਨ ਦੇ ਅੰਕੜਿਆਂ ਅਨੁਸਾਰ ਧੂੰਏਂ ਦੇ ਗੰਧਲੇ ਵਾਤਾਵਰਨ ਕਾਰਨ ਸੰਸਾਰ ਵਿਚ 1.7 ਬਿਲੀਅਨ ਬੱਚੇ 5 ਸਾਲ ਦੀ ਉਮਰੇ, ਭਾਰਤ ਵਿਚ ਦੂਸ਼ਤ ਪਾਣੀ ਨਾਲ ਡਾਇਰੀਆ ਦੇ ਕਾਰਨ 3,61,000 ਤੇ ਮਲੇਰੀਆ ਨਾਲ 2,00,000 ਬੱਚੇ ਤੋਂ ਦੁਨੀਆ ਰੁਖ਼ਸਤ ਕਰ ਜਾਂਦੇ ਹਨ। ਪਟਾਕਿਆਂ ਦੀ ਭਿਆਨਕ ਆਵਾਜ਼ ਕਾਰਨ ਕਈ ਪੰਛੀ ਆਪਣੇ ਆਲ੍ਹਣੇ ਛੱਡ ਜਾਂ ਮਰ ਜਾਂਦੇ ਹਨ। ਕੇਂਦਰੀ ਪ੍ਰਦੂਸ਼ਣ ਬੋਰਡ ਅਨੁਸਾਰ ਵਿਗਿਆਨਕ ਤੌਰ ਉਤੇ 85 ਡੇਸੀਬਲ ਤੋਂ ਵੱਧ ਆਵਾਜ਼ ਕੰਨਾਂ ਲਈ ਘਾਤਕ ਹੈ। ਮਨੁੱਖੀ ਸੁਣਨ ਇੰਦਰੀਆਂ (ਕੰਨਾਂ) ਲਈ 60 ਡੇਸੀਬਲ ਤਕ ਦੇ ਮਾਪ ਨੂੰ ਸਧਾਰਨ ਮੰਨਿਆ ਗਿਆ। ਆਮ ਗੱਲਬਾਤ 40 ਤੋਂ 50 ਡੇਸੀਬਲ ਤਕ ਹੀ ਹੁੰਦੀ ਹੈ। ਬਿਡੰਬਨਾ ਇਹ ਹੈ ਕਿ ਪਟਾਕੇ ਬਣਾਉਣ ਵਾਲੀਆਂ ਫੈਕਟਰੀਆਂ ਕਨੂੰਨ ਨੂੰ ਅੱਖੋ ਪਰੋਖੇ ਕਰਦੇ ਹਨ। ਆਮ ਪਟਾਕਿਆਂ ਨੂੰ 90 ਡੇਸੀਬਲ ਤੇ ਵੱਡੇ ਰਾਕੇਟ ਜਾਂ ਬੰਬ ਨੂੰ 120 ਡੇਸੀਬਲ ਦੀ ਤੀਬਰਤਾ ਦੇ ਖੜਾਕ ਵਾਲੇ ਬਣਾਉਂਦੇ ਹਨ। ਜਿਸ ਨਾਲ ਬੋਲਾਪਣ ਤੇ ਹਾਰਟ ਅਟੈਕ ਕਾਰਨ ਮੌਤ ਵੀ ਹੋ ਸਕਦੀ ਹੈ। ਗਲੋਬਲ ਵਾਰਮਿੰਗ ਦੇ ਕਾਰਨ ਕਿੰਨੀਆਂ ਹੀ ਪੰਛੀਆਂ ਤੇ ਜਾਨਵਰਾਂ ਦੀਆਂ ਪਰਜਾਤੀਆਂ ਖ਼ਤਮ ਹੋ ਚੁੱਕੀਆਂ ਹਨ। ਸੰਸਾਰ ਸਿਹਤ ਸੰਗਠਨ ਅਨੁਸਾਰ 2.5 ਪ੍ਰਦੂਸ਼ਣ ਮਾਈਕਰੋ ਗ੍ਰਾਮ ਪ੍ਰਤੀ ਕਿਉਸਿਕ ਮੀਟਰ ਮਨੁੱਖੀ ਜੀਵਨ ਲਈ ਘਾਤਕ ਨਹੀਂ, ਪਰ ਇਹ ਅੰਕੜਾ ਭਾਰਤ ਵਿਚ ਆਉਣਾ ਸੰਭਵ ਨਹੀਂ ਜਾਪਦਾ। ਧੁਨੀ ਪ੍ਰਦੂਸ਼ਣ ਵਿਚ ਇਰਾਕ ਪਹਿਲੇ ਤੇ ਭਾਰਤ ਦੂਜੇ ਸਥਾਨ ’ਤੇ ਹੈ। ਦਿੱਲੀ ਦਾ ਸਭ ਤੋਂ ਵੱਧ ਧੁਨੀ ਤੇ ਵਾਤਾਵਰਨ ਪ੍ਰਦੂਸਣ ਕਾਰਨ ਸੰਸਾਰ ਦੇ ਪਹਿਲੇ 10 ਸ਼ਹਿਰਾਂ ਵਿਚ ਨਾਂ ਦਰਜ ਹੈ। ਪਿਛਲੀ ਦੀਵਾਲੀ ਦੇ ਸਮੇਂ ਵਾਤਾਵਰਨ ਪ੍ਰਦੂਸ਼ਣ ਦੀ ਮਾਤਰਾ 60 ਮਾਈਕ੍ਰੋ ਗ੍ਰਾਮ ਪ੍ਰਤੀ ਕਿਊਸਿਕ ਮੀਟਰ ਤੋਂ ਵੀ ਵੱਧ ਚੁੱਕੀ ਸੀ। ਜਿਸ ਨਾਲ ਦਿਨ ਸਮੇਂ ਧੁੰਦ ਵਰਗਾ ਮਾਹੌਲ ਬਣਨ ਕਰਕੇ ਦਿੱਲੀ ਮਹਾਨਗਰ ਦੇ ਲਗਪਗ 1800 ਸਕੂਲ ਬੰਦ ਕਰਨੇ ਪਏ ਸਨ। ਪਟਾਕਿਆਂ ਦੇ ਜਲਣ ਮਗਰੋਂ ਗਲੀ ਮੁਹੱਲੇ ਤੇ ਮੈਦਾਨਾਂ ਵਿਚ ਹਰ ਪਾਸੇ 4000 ਟਨ ਦਾ ਵਾਧੂ ਕੈਮੀਕਲ ਕਚਰਾ ਜਮ੍ਹਾਂ ਹੋ ਜਾਂਦਾ ਹੈ। ਜਿਸ ਨਾਲ ਅਲਰਜੀ, ਜੁਕਾਮ, ਖਾਂਸੀ, ਦਮੇ ਵਰਗੀਆਂ ਬਿਮਾਰੀਆਂ ਤੋਂ ਬਹੁਤ ਲੋਕ ਪੀੜਤ ਹੁੰਦੇ ਹਨ।

ਇਸ ਪ੍ਰਦੂਸ਼ਿਤ ਵਾਤਾਵਰਨ ਤੋਂ ਜਨਤਾ ਦੀ ਸੁਰੱਖਿਆ ਅਹਿਮ ਹੈ। ਜਿਸ ਲਈ ਜਾਗਰੂਕਤਾ ਲਹਿਰ ਦੀ ਹੋਂਦ ਜ਼ਰੂਰੀ ਹੈ। ਅਜਿਹੇ ਮੌਕੇ ਪੌਦੇ ਲਗਾਉਣ ਦਾ ਰੁਝਾਨ ਜਹਾਨ ਲਈ ਪ੍ਰੇਰਨਾ ਸ੍ਰੋਤ ਹੋਵੇਗਾ। ਜ਼ਰੂਰਤਮੰਦ ਲੋਕਾਂ ਨੂੰ ਮਿਠਾਈਆਂ, ਫਲ, ਦਵਾਈਆਂ ਤੇ ਸਰਦੀਆਂ ਤੋਂ ਬਚਣ ਲਈ ਗਰਮ ਕੱਪੜੇ ਜਾਂ ਕੰਬਲ ਵੰਡ ਕੇ ਖ਼ੁਸ਼ੀ ਨੂੰ ਹੋਰ ਵਧਾ ਸਕਦੇ ਹਾਂ। ਮਿਠਾਈਆਂ, ਪਟਾਕੇ ਜਾ ਮਹਿੰਗੇ ਤੋਹਫ਼ੇ ਦੇਣ ਨਾਲੋਂ ਗੁਣਾਕਾਰੀ ਪੌਦੇ ਤੇ ਕਿਤਾਬਾਂ ਦੇ ਗਿਫਟ ਕਿਸੇ ਪੱਖੋ ਘੱਟ ਨਹੀਂ ਹਨ। ਕੁਦਰਤ ਅਤੇ ਕਿਤਾਬਾਂ ਨੂੰ ਜ਼ਿੰਦਗੀ ਦਾ ਹਿੱਸਾ ਬਣਾਈਏ। ਕਿਤਾਬਾਂ ਖਰੀਦਣ ਦੀ ਆਦਤ ਸਫਲ ਜੀਵਨ ਲਈ ਚੰਗਾ ਨਿਵੇਸ਼ ਹੈ। ਜਿਸ ਨਾਲ ਨਵੀਆਂ ਪਿਰਤਾਂ ਦੇ ਮੋਢੀ ਵੀ ਬਣੋਗੇ। ਸੋ ਆਓ ਦੀਵਾਲੀ ਦੇ ਦੀਪ ਵਾਂਗ ਮਨਾਂ ਨੂੰ ਰੋਸ਼ਨ ਕਰ ਹਰਿਆਵਲ ਵਾਤਾਵਰਨ ਵਿਚ ਨਿੱਗਰ ਸਮਾਜ ਦੀ ਸਿਰਜਣਾ ਕਰੀਏ।