ਦੀਵਾਲੀ ਤੇ ਬੰਦੀ ਛੋੜ ਦਿਵਸ ਸ਼ਰਧਾ ਨਾਲ ਮਨਾਇਆ

ਦੀਵਾਲੀ ਤੇ ਬੰਦੀ ਛੋੜ ਦਿਵਸ ਸ਼ਰਧਾ ਨਾਲ ਮਨਾਇਆ

ਰਾਤ ਵੇਲੇ ਪਟਾਕੇ ਚਲਾਉਣ ਸਮੇਂ ਦੌਰਾਨ ਪ੍ਰਦੂਸ਼ਣ ਸਿਖਰ ਉੱਤੇ ਪੁੱਜਾ

ਅੰਮ੍ਰਿਤਸਰ-ਦੀਵਾਲੀ ਅਤੇ ਬੰਦੀ ਛੋੜ ਦਿਵਸ ਦਾ ਤਿਉਹਾਰ ਇਥੇ ਸ਼ਹਿਰ ਵਿੱਚ ਸ੍ਰੀ ਦਰਬਾਰ ਸਾਹਿਬ ਤੋਂ ਇਲਾਵਾ ਵੱਖ ਵੱਖ ਥਾਵਾਂ ਤੇ ਗੁਰਦੁਆਰਿਆਂ ਤੇ ਹੋਰ ਪ੍ਰਮੁੱਖ ਸਥਾਨਾਂ ਤੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਭਾਵੇਂ ਸਰਕਾਰ ਵੱਲੋਂ ਦੀਵਾਲੀ ਵਾਲੀ ਰਾਤ ਸਿਰਫ ਦੋ ਘੰਟੇ ਪਟਾਕੇ ਚਲਾਉਣ ਲਈ ਆਖਿਆ ਗਿਆ ਸੀ ਪਰ ਇਸਦੇ ਬਾਵਜੂਦ ਦੇਰ ਰਾਤ ਤੱਕ ਪਟਾਕੇ ਚਲਦੇ ਰਹੇ ਹਨ। ਜਿਸ ਕਾਰਨ ਪਟਾਕੇ ਚਲਾਉਣ ਦੇ ਸਮੇਂ ਦੌਰਾਨ ਪ੍ਰਦੂਸ਼ਣ ਦੀ ਮਾਤਰਾ ਵੀ ਸਿਖਰ ਤੇ ਰਹੀ ਹੈ। ਲੇਕਿਨ ਦੀਵਾਲੀ ਵਾਲੇ ਦਿਨ 24 ਘੰਟਿਆਂ ਦੌਰਾਨ ਪ੍ਰਦੂਸ਼ਣ ਦੀ ਮਾਤਰਾ ਵਿੱਚ ਕਮੀ ਆਈ ਹੈ। ਸ਼ਹਿਰ ਵਿੱਚ ਦੀਵਾਲੀ ਦੇ ਮੌਕੇ ਰਾਤ ਵੇਲੇ ਹੋਟਲਾਂ ਅਤੇ ਰੈਸਟੋਰੈਂਟਾਂ ਆਦਿ ਵਿੱਚ ਲੋਕਾਂ ਦੀ ਭਾਰੀ ਭੀੜ ਰਹੀ ਹੈ। ਸ਼ਹਿਰ ਵਿੱਚ ਦਿਨ ਤਿਉਹਾਰ ਹੋਟਲਾਂ ਅਤੇ ਰੈਸਟੋਰੈਂਟਾਂ ਵਿੱਚ ਇਕੱਠੇ ਹੋ ਕੇ ਰਾਤ ਦਾ ਭੋਜਨ ਕਰਕੇ ਇਕੱਠੇ ਮਨਾਉਣ ਦਾ ਰੁਝਾਨ ਤੇਜ਼ੀ ਨਾਲ ਵਧ ਰਿਹਾ ਹੈ। ਲੋਕਾਂ ਵੱਲੋਂ ਘਰਾਂ ਵਿੱਚ ਪਟਾਕੇ ਚਲਾਉਣ ਤੋਂ ਬਾਅਦ ਹੋਟਲਾਂ ਅਤੇ ਰੈਸਟੋਰੈਂਟਾਂ ਦਾ ਰੁਖ ਕੀਤਾ ਗਿਆ।

ਇਸ ਦੌਰਾਨ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਮਿਲੇ ਅੰਕੜਿਆਂ ਮੁਤਾਬਕ ਦੀਵਾਲੀ ਵਾਲੇ ਦਿਨ 24 ਘੰਟਿਆਂ ਦੌਰਾਨ ਸ਼ਹਿਰ ਵਿੱਚ ਪ੍ਰਦੂਸ਼ਣ ਦੀ ਮਾਤਰਾ ਪਿਛਲੇ ਸਾਲਾਂ ਨਾਲੋਂ ਘੱਟ ਰਹੀ ਹੈ। ਇਸ ਸਮੇਂ ਦੌਰਾਨ ਏਅਰ ਕੁਆਲਿਟੀ ਇੰਡੈਕਸ ਦਾ ਪੱਧਰ 197 ਰਿਹਾ ਜੋ ਕਿ ਪਿਛਲੇ ਵਰ੍ਹੇ 2021 ਵਿੱਚ ਦੀਵਾਲੀ ਵਾਲੇ ਦਿਨ 303 ਸੀ ਅਤੇ ਉਸ ਤੋਂ ਪਹਿਲਾਂ 2020 ਵਿੱਚ 386 ਸੀ। ਬੋਰਡ ਦੇ ਸਥਾਨਕ ਅਧਿਕਾਰੀਆਂ ਦੇ ਮੁਤਾਬਕ ਪਟਾਕੇ ਚਲਾਉਣ ਦੇ ਰੁਝਾਨ ਵਿੱਚ ਕਮੀ ਆਈ ਹੈ ਪਰ ਰਾਤ ਦੱਸ ਤੋਂ ਬਾਰਾਂ ਵਜੇ ਤਕ ਏਅਰ ਕੁਆਲਿਟੀ ਇੰਡੈਕਸ ਦਾ ਪੱਧਰ ਸਿਖਰ ਤੇ ਸੀ। ਇਸ ਦੌਰਾਨ ਪਰਟੀਕੁਲੇਟ ਮੈਟਰ 10 ਦਾ ਪੱਧਰ 244. 5 ਅਤੇ ਪਾਰਟੀਕੁਲੇਟ ਮੈਟਰ 2.5 ਦਾ ਪੱਧਰ 129. 59 ਰਿਹਾ। ਇਸ ਦੌਰਾਨ ਬੰਦੀ ਛੋੜ ਦਿਵਸ ਦੇ ਸਬੰਧ ਵਿੱਚ ਸ਼ਹਿਰ ਵਿਚ ਕਈ ਥਾਵਾਂ ਤੇ ਲੰਗਰ ਵੀ ਲਾਏ ਗਏ ਸਨ। ਸ਼ਹਿਰ ਵਿੱਚ ਕਈ ਥਾਵਾਂ ਤੇ ਗੁਰਦੁਆਰਿਆਂ ਵਿਚ ਦੀਵਾਲੀ ਦੇ ਸਬੰਧ ਵਿਚ ਵਿਸ਼ੇਸ਼ ਗੁਰਮਤਿ ਸਮਾਗਮ ਕੀਤੇ ਗਏ ਅਤੇ ਲੰਗਰ ਵੀ ਲਾਏ ਗਏ। ਸ੍ਰੀ ਦਰਬਾਰ ਸਾਹਿਬ ਤੇ ਇਸ ਦੇ ਆਲੇ ਦੁਆਲੇ ਬਾਜ਼ਾਰਾਂ ਵਿੱਚ ਵੀ ਵੱਡੀ ਰੌਣਕ ਰਹੀ ਹੈ। ਦੂਰ ਦੁਰਾਡੇ ਤੋਂ ਆਏ ਯਾਤਰੂਆਂ ਨੇ ਗੁਰੂ ਘਰ ਵਿਖੇ ਮੱਥਾ ਟੇਕਿਆ ਅਤੇ ਸਰੋਵਰ ਵਿੱਚ ਇਸ਼ਨਾਨ ਕੀਤਾ।