ਦੀਵਾਲੀ ਅੰਮ੍ਰਿਤਸਰ ਦੀ…

ਦੀਵਾਲੀ ਅੰਮ੍ਰਿਤਸਰ ਦੀ…

ਡਾ. ਰੂਪ ਸਿੰਘ

ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਵਰੋਸਾਇਆ ਪਾਵਨ ਪਵਿੱਤਰ ਇਤਿਹਾਸਕ ਸ਼ਹਿਰ ਅੰਮ੍ਰਿਤਸਰ ਏਸ਼ੀਆ ਮਹਾਂਦੀਪ ਦਾ ਪ੍ਰਮੁੱਖ ਧਾਰਮਿਕ-ਇਤਿਹਾਸਕ ਸ਼ਹਿਰ ਹੈ। ਅੰਮ੍ਰਿਤਸਰ ਸਿੱਖ-ਧਰਮ ਦਾ ਕੇਂਦਰੀ ਸਥਾਨ, ਸਿੱਖ-ਵਿਸ਼ਵਾਸਾਂ ਦਾ ਧੁਰਾ, ਗੁਰਸਿੱਖਾਂ ਲਈ ਪ੍ਰੇਰਨਾ-ਸ੍ਰੋਤ ਤੇ ਸ਼ਕਤੀ ਦਾ ਪ੍ਰਮੁੱਖ ਸੋਮਾ ਹੈ, ਸਿੱਖ ਪ੍ਰੰਪਰਾਵਾਂ ਤੇ ਸਿੱਖ ਗੌਰਵ ਦੀ ਜਿਊਂਦੀ-ਜਾਗਦੀ ਮਿਸਾਲ ਹੈ।
ਸ੍ਰੀ ਗੁਰੂ ਰਾਮਦਾਸ ਜੀ ਨੇ ਪਾਵਨ ਅੰਮ੍ਰਿਤ ਸਰੋਵਰ ਦੀ ਆਰੰਭਤਾ ਕਰਵਾਈ ਤੇ ਫਿਰ ਗੁਰੂ ਅਰਜਨ ਦੇਵ ਜੀ ਨੇ ਸਰੋਵਰ ਨੂੰ ਸੰਪੂਰਨ ਤੇ ਪੱਕਿਆਂ ਕਰ, ਵਿਚਕਾਰ ’ਹਰਿਮੰਦਰ’ ਦਾ ਨਿਰਮਾਣ ਕਰਵਾਇਆ। ਅੰਮ੍ਰਿਤ-ਸਰੋਵਰ ਤੇ ਹਰਿਮੰਦਰ ਦੀ ਸਿਰਜਣਾ ਦਾ ਉਦੇਸ਼ ਚਹੁੰ ਵਰਨਾਂ ਨੂੰ ਸਾਂਝੀਵਾਲਤਾ ਉਪਦੇਸ਼ ਦੇਣਾ ਸੀ। ਹਰਿਮੰਦਰ ਦੀ ਸਿਰਜਣਾ ਤੇ ਇਮਾਰਤ-ਕਲਾ ਅਲੌਕਿਕ, ਅਨੂਠੀ ਤੇ ਵਿਲੱਖਣ ਹੈ।
1604 ਈਸਵੀ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਤਿਆਰ ਕਰ, ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ ਕੀਤਾ ਤੇ ਬਾਬਾ ਬੁੱਢਾ ਜੀ ਨੂੰ ਸ੍ਰੀ ਹਰਿਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ ਹੋਣ ਦਾ ਮਾਣ ਬਖਸ਼ਿਆ।
‘ਦੀਪਾਵਲੀ’ ਸੰਸਕ੍ਰਿਤ ਮੂਲ ਦਾ ਸ਼ਬਦ ਹੈ, ਜਿਸ ਦਾ ਅਰਥ ਹੈ ਦੀਵੇ ਜਗਾਉਣੇ, ਚਾਨਣ ਕਰਨਾ। ਇਹ ਚਾਨਣ ਕਿਸੇ ਖਾਸ ਖੁਸ਼ੀ ਦਾ ਪ੍ਰਗਟਾਵਾ ਕਰਦਾ ਹੈ। ਦੂਜੇ ਧਰਮਾਂ ਵਿਚ ਦੀਵਾਲੀ ਦੀਪ-ਪੂਜਾ ਤੇ ਲੱਛਮੀ-ਪੂਜਾ ਦੇ ਰੂਪ ਵਿਚ ਮਨਾਈ ਜਾਂਦੀ ਹੈ, ਪਰ ਸਿੱਖ ਇਹ ਦਿਹਾੜਾ ਆਪਣੇ ਗੌਰਵਮਈ ਵਿਰਸੇ ਨੂੰ ਯਾਦ ਕਰਨ ਲਈ ਮਨਾਉਂਦੇ ਹਨ। ਸਿੱਖ ਦੀਵਾਲੀ ਨਹੀਂ ਮਨਾਉਂਦੇ, ਸਿੱਖ ਤਾਂ ਬੰਦੀਛੋੜ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸ੍ਰੀ ਅੰਮ੍ਰਿਤਸਰ ਆਗਮਨ ਦੀ ਖੁਸ਼ੀ ਵਿਚ ਦੀਵੇ ਜਗਾਉਂਦੇ ਹਨ, ਰੌਸ਼ਨੀ ਕਰ ਕੇ, ਆਤਿਸ਼ਬਾਜ਼ੀ ਚਲਾ ਕੇ ਆਪਣੇ ਪਿਆਰੇ ਸਤਿਗੁਰੂ ਨੂੰ ਸਤਿਕਾਰ ਭੇਟ ਕਰਦੇ ਹਨ। ਇਸ ਤਰ੍ਹਾਂ ਸਿੱਖਾਂ ਨੇ ਦੀਵਾਲੀ ਵਾਲੇ ਦਿਨ ਨੂੰ ਬੰਦੀਛੋੜ ਦਿਵਸ ਦੇ ਰੂਪ ਵਿਚ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਿਖੇ ਮਨਾਉਣਾ ਸ਼ੁਰੂ ਕਰ ਦਿੱਤਾ ਤੇ ਫਿਰ ਇਹ ਲੋਕ-ਉਕਤੀ ਪ੍ਰਚੱਲਤ ਹੋ ਗਈ:
ਦਾਲ ਰੋਟੀ ਘਰ ਦੀ,
ਦੀਵਾਲੀ ਅੰਮ੍ਰਿਤਸਰ ਦੀ।
ਇਤਿਹਾਸ ਪੜ੍ਹਿ੍ਹਆਂ ਪਤਾ ਲੱਗਦਾ ਹੈ ਕਿ ਮੁਗ਼ਲ ਸਰਕਾਰ ਆਰੰਭ ਤੋਂ ਹੀ ਸਿੱਖ ਪੰਥ ਦੇ ਵਿਰੁੱਧ ਰਹੀ। ਬਾਦਸ਼ਾਹ ਜਹਾਂਗੀਰ ਨੂੰ ਸਿੱਖਾਂ ਦੀ ਵਧਦੀ ਹੋਈ ਸ਼ਕਤੀ ਕਿਸੇ ਤਰ੍ਹਾਂ ਸੁਖਾਵੀਂ ਨਹੀਂ ਸੀ ਲੱਗਦੀ। ਇਹੀ ਕਾਰਨ ਸੀ ਕਿ ਬਾਣੀ ਦੇ ਬੋਹਿਥ, ਸ਼ਾਂਤੀ ਦੇ ਪੁੰਜ, ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦੀ ਦੇਣੀ ਪਈ। ਬਾਦਸ਼ਾਹ ਜਹਾਂਗੀਰ ਨੂੰ ਖਿਆਲ ਸੀ ਕਿ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨਾਲ ਸਿੱਖ ਲਹਿਰ ਮੂਲੋਂ ਹੀ ਦੱਬ ਜਾਏਗੀ ਪਰ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਤੋਂ ਪਿੱਛੋਂ ‘ਦਲਿ ਭੰਜਨ ਗੁਰੁ ਸੂਰਮਾ’ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗੁਰ-ਗੱਦੀ ’ਤੇ ਬਿਰਾਜਮਾਨ ਹੁੰਦਿਆਂ ਹੀ ਮੀਰੀ-ਪੀਰੀ ਦੀਆਂ ਤਲਵਾਰਾਂ ਪਹਿਨ, ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਣਾ ਕਰ, ਚੰਗੇ ਘੋੜੇ ਤੇ ਸ਼ਸਤਰ ਭੇਟਾ ਹਿੱਤ ਲਿਆਉਣ ਲਈ ਹੁਕਮਨਾਮੇ ਜਾਰੀ ਕਰ ਕੇ ਇਹ ਸਪੱਸ਼ਟ ਕਰ ਦਿੱਤਾ ਕਿ ਸੱਚ ਦਾ ਚੰਦ੍ਰਮਾ ਜਬਰ-ਜ਼ੁਲਮ ਦੀ ਸ਼ਕਤੀ ਨਾਲ ਢਕਿਆ ਨਹੀਂ ਗਿਆ, ਸਗੋਂ ਸੱਚ ਦਾ ਪ੍ਰਕਾਸ਼ ਕਰਨ ਲਈ ਹੋਰ ਚਮਕੇਗਾ। ਜਹਾਂਗੀਰ ਕੋਲ ਇਹ ਖਬਰਾਂ ਪਹੁੰਚਣੀਆਂ ਸ਼ੁਰੂ ਹੋਈਆਂ ਕਿ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਣਾ ਕਰ ਕੇ ਹਥਿਆਰਬੰਦ ਸੈਨਾ ਤਿਆਰ ਕਰ ਲਈ ਹੈ ਤੇ ਆਪਣੇ ਆਪ ਨੂੰ ਸੱਚਾ ਪਾਤਸ਼ਾਹ ਅਖਵਾਉਣਾ ਸ਼ੁਰੂ ਕਰ ਦਿੱਤਾ ਹੈ। ਜਹਾਂਗੀਰ ਇਹ ਸਭ ਦੇਖ ਹੈਰਾਨ-ਪ੍ਰੇਸ਼ਾਨ ਹੋਇਆ। ਉਹ ਤਾਂ ਪਹਿਲਾਂ ਹੀ ਨਾਨਕ ਨਿਰਮਲ ਪੰਥ ਨੂੰ ਬੰਦ ਕਰਨ ਬਾਰੇ ਸੋਚ ਰਿਹਾ ਸੀ, ਜਿਹੜਾ ਕਿ ਉਸ ਲਈ ਇਕ ਵੰਗਾਰ ਬਣ ਕੇ ਪ੍ਰਗਟ ਹੋ ਰਿਹਾ ਸੀ।
ਬਾਦਸ਼ਾਹ ਜਹਾਂਗੀਰ ਨੇ ਗੁਰੂ ਜੀ ਨੂੰ ਦਿੱਲੀ ਬੁਲਾਇਆ ਤੇ ਹੱਕ-ਸੱਚ ਦੀ ਆਵਾਜ਼ ਤੋਂ ਵਿਸ਼ੇਸ਼ ਖ਼ਤਰਾ ਮਹਿਸੂਸ ਕਰਦਿਆਂ ਗੁਰੂ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲ੍ਹੇ ਵਿਚ ਬੰਦੀ ਬਣਾ ਲਿਆ, ਜਿੱਥੇ ਕਿ ਪਹਿਲਾਂ ਹੀ ਹਿੰਦੂ ਰਾਜੇ ਬੰਦੀ (ਕੈਦੀ) ਬਣਾਏ ਹੋਏ ਸਨ। ਗੁਰੂ ਜੀ ਦੀ ਗ੍ਰਿਫਤਾਰੀ ਨਾਲ ਗੁਰੂ-ਘਰ ਦੇ ਪ੍ਰੀਤਵਾਨ ਗੁਰਸਿੱਖਾਂ ਵਿਚ ਇਹ ਤੌਖਲਾ ਤੇ ਬੇਚੈਨੀ ਵਧ ਗਈ ਕਿ ਗੁਰੂ ਅਰਜਨ ਦੇਵ ਜੀ ਵਾਂਗ ਕਿਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਵੀ ਸ਼ਹੀਦ ਨਾ ਕਰ ਦਿੱਤਾ ਜਾਵੇ। ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਦੀ ਅਗਵਾਈ ਵਿਚ ਸੰਗਤਾਂ ਮਸ਼ਾਲਾਂ ਜਗਾ ਕੇ, ਗੁਰਬਾਣੀ ਪੜ੍ਹਦਿਆਂ ਗੁਰੂ ਜੀ ਦੀ ਰਿਹਾਈ ਲਈ ਸ਼ਾਂਤਮਈ ਪ੍ਰਦਰਸ਼ਨ ਕਰਦੀਆਂ। ਕਦੇ-ਕਦੇ ਗਵਾਲੀਅਰ ਪਹੁੰਚ ਸੰਗਤਾਂ ਕਿਲ੍ਹੇ ਦੀ ਪ੍ਰਕਰਮਾ ਕਰ ਆਪਣੇ ਪਿਆਰੇ ਗੁਰੂ ਪ੍ਰਤੀ ਸਤਿਕਾਰ ਪ੍ਰਗਟ ਕਰਦੀਆਂ। ਸਿੱਖ ਸੰਗਤਾਂ ਵੱਲੋਂ ਹੋ ਰਹੇ ਸ਼ਾਂਤਮਈ ਪ੍ਰਦਰਸ਼ਨ ਤੇ ਸਾਂਈ ਮੀਆਂ ਮੀਰ ਵਰਗੇ ਇਨਸਾਫ-ਪਸੰਦ ਮੁਸਲਮਾਨਾਂ ਦੇ ਦਖਲ ਨਾਲ ਗੁਰੂ ਸਾਹਿਬ ਜੀ ਦੀ ਰਿਹਾਈ ਸੰਭਵ ਹੋਈ। ਗੁਰੂ ਜੀ ਨੇ ਆਪਣੇ ਨਾਲ ਬੰਦੀ 52 ਹਿੰਦੂ ਰਾਜਿਆਂ ਨੂੰ ਵੀ ਬਾਦਸ਼ਾਹ ਦੀ ਕੈਦ ਤੋਂ ਮੁਕਤ ਕਰਵਾਇਆ, ਜਿਸ ਕਰਕੇ ਗੁਰੂ ਜੀ ਨੂੰ ‘ਬੰਦੀ-ਛੋੜ’ ਕਿਹਾ ਜਾਣ ਲੱਗਾ।
ਰਿਹਾਈ ਉਪਰੰਤ ਜਦੋਂ ਗੁਰੂ ਜੀ ਅੰਮ੍ਰਿਤਸਰ ਦੀ ਪਵਿੱਤਰ ਧਰਤੀ ’ਤੇ ਪਹੁੰਚੇ ਤਾਂ ਗੁਰੂ-ਘਰ ਦੇ ਪ੍ਰੀਤਵਾਨ ਗੁਰਸਿੱਖਾਂ ਨੇ ਘਿਉ ਦੇ ਦੀਵੇ ਜਗਾ, ਆਓ-ਭਗਤ ਤੇ ਖੁਸ਼ੀ ਦਾ ਇਜ਼ਹਾਰ ਕੀਤਾ। ਉਸ ਦਿਨ ਤੋਂ ਸਿੱਖ ਦੀਵਾਲੀ ਨੂੰ ‘ਬੰਦੀ-ਛੋੜ’ ਦਿਵਸ ਦੇ ਰੂਪ ਵਿਚ ਮਨਾਉਣ ਲੱਗ ਪਏ।
ਜਿਵੇਂ ਉੱਪਰ ਦੱਸਿਆ ਗਿਆ ਹੈ ਕਿ ਸਮੇਂ ਦੀਆਂ ਸਰਕਾਰਾਂ ਨੇ ਸਿੱਖ ਧਰਮ ’ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ,ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਤੇ ਉਨ੍ਹਾਂ ਦੀ ਸ਼ਹਾਦਤ ਤੋਂ ਬਾਅਦ ਜਦ ਸਿੰਘ ਜੰਗਲਾਂ, ਪਹਾੜਾਂ ਅਤੇ ਰੇਗਿਸਤਾਨਾਂ ਵਿਚ ਰਹਿ ਕੇ ਜ਼ਾਲਮ ਹਕੂਮਤ ਨਾਲ ਟੱਕਰ ਲੈ ਰਹੇ ਸਨ, ਉਸ ਸਮੇਂ ਵੀ ਸਮੇਂ ਦੇ ਹਾਕਮਾਂ ਵਲੋਂ ਸਿੰਘਾਂ ਦੇ ਸ੍ਰੀ ਅੰਮ੍ਰਿਤਸਰ ਦਾਖ਼ਲੇ ’ਤੇ ਸਖਤ ਪਾਬੰਦੀ ਲਾਈ ਹੋਈ ਸੀ। ਪੱਤਾ-ਪੱਤਾ ਸਿੰਘਾਂ ਦਾ ਵੈਰੀ ਸੀ, ਸਿੰਘਾਂ ਦੇ ਘਰ ਘੋੜਿਆਂ ਦੀਆਂ ਕਾਠੀਆਂ ਸਨ। ਅਜਿਹੇ ਬਿਖੜੇ ਵੇਲੇ ਵੀ ਗੁਰੂਘਰ ਦੇ ਪ੍ਰੀਤਵਾਨ ਗੁਰਸਿੱਖ ਜਾਨ ’ਤੇ ਖੇਡ ਕੇ ਗੁਰੂਘਰ ਦੇ ਦਰਸ਼ਨ-ਇਸ਼ਨਾਨ ਕਰ ਜਾਂਦੇ ਅਤੇ ਸ੍ਰੀ ਹਰਿਮੰਦਰ ਸਾਹਿਬ ਅੰਦਰ ‘ਜੋਤਿ’ ਜਗਾਉਣ ਦੀ ਖ਼ਾਤਰ ‘ਸ਼ਹੀਦੀ’ ਤਕ ਵੀ ਪਾ ਜਾਂਦੇ। ਮੱਸੇ ਤੋਂ ਲੈ ਕੇ ਮੀਰ ਮੰਨੂ, ਅਦੀਨਾ ਬੇਗ, ਅਬਦਾਲੀ ਤੇ ਸਮੇਂ ਦੀਆਂ ਸਰਕਾਰਾਂ ਨੇ ਸਿੱਖਾਂ ਨੂੰ ਆਪਣੇ ਸੋਮੇ ਨਾਲੋਂ ਤੋੜਨ ਲਈ ਹਰ ਹੀਲਾ ਕੀਤਾ। ਜ਼ਕਰੀਆ ਖਾਂ ਨੇ ਨਾਦਰ ਸ਼ਾਹ ਨੂੰ ਦੱਸਿਆ ਕਿ ਸਿੱਖਾਂ ਦੀ ਸ਼ਕਤੀ ਦਾ ਸੋਮਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਹੈ, ਤਾਂ ਨਾਦਰ ਸ਼ਾਹ ਨੇ ਉਸ ਨੂੰ ਸਲਾਹ ਦਿੱਤੀ ਕਿ ਇਨ੍ਹਾਂ ਦੇ ਇਸ ਰੂਹਾਨੀ ਸੋਮੇ ਨੂੰ ਹੀ ਮੁਕਾ ਦਿਓ!
ਨਾਦਰ ਸ਼ਾਹ ਤੇ ਜ਼ਕਰੀਆ ਖਾਨ ਦੇ ਇਤਿਹਾਸਕ ਵਾਰਤਾਲਾਪ ਤੋਂ ਸਪੱਸ਼ਟ ਹੈ ਕਿ ਘੋਰ ਯੁੱਧਾਂ, ਭਾਜੜਾਂ ਤੇ ਹਮਲਿਆਂ ਵੇਲੇ ਵੀ ਸਿੱਖ ਵੱਧ ਤੋਂ ਵੱਧ ਗਿਣਤੀ ਵਿਚ ਦੀਵਾਲੀ ਦੇ ਮੌਕੇ ਅੰਮ੍ਰਿਤਸਰ ਇਕੱਠੇ ਹੁੰਦੇ ਸਨ। ਇਥੇ ਹੀ ਭਵਿੱਖ ਦੀਆਂ ਯੋਜਨਾਵਾਂ ਬਣਾਈਆਂ ਜਾਂਦੀਆਂ, ਪ੍ਰਬੰਧਕੀ ਮਸਲੇ ਨਜਿੱਠੇ ਜਾਂਦੇ ਤੇ ਪੰਥਕ ਫ਼ੈਸਲੇ ਲਏ ਜਾਂਦੇ। ਦੀਵਾਲੀ ਦਾ ਦਿਨ ਸਾਨੂੰ ਭਾਈ ਮਨੀ ਸਿੰਘ ਦੀ ਮਹਾਨ ਸ਼ਹਾਦਤ ਦੀ ਵੀ ਯਾਦ ਦਿਵਾਉਂਦਾ ਹੈ। ਭਾਈ ਮਨੀ ਸਿੰਘ ਨੇ ਦੀਵਾਲੀ ਦੇ ਮੌਕੇ ਸਿੱਖਾਂ ਦਾ ਇਕੱਠ ਸੱਦਣ ਲਈ ਸਮੇਂ ਦੀ ਸਰਕਾਰ ਦੀ ਰਜ਼ਾਮੰਦੀ ਪ੍ਰਾਪਤ ਕਰ ਲਈ ਪਰ ਜਦ ਉਨ੍ਹਾਂ ਨੂੰ ਇਹ ਪਤਾ ਲੱਗਾ ਕਿ ਜ਼ਕਰੀਆ ਖਾਨ ਦੀਵਾਲੀ ਦੇ ਮੌਕੇ ’ਤੇ ਇਕੱਠੇ ਹੋਏ ਸਿੱਖਾਂ ਨੂੰ ਮਾਰ-ਮੁਕਾਉਣਾ ਚਾਹੁੰਦਾ ਹੈ ਤਾਂ ਉਨ੍ਹਾਂ ਇਹ ਇਕੱਠ ਮੁਲਤਵੀ ਕਰ ਦਿੱਤਾ, ਇਸ ਕਰਕੇ ਹੀ ਉਨ੍ਹਾਂ ਨੂੰ ਸ਼ਹਾਦਤ ਦਾ ਜਾਮ ਪੀਣਾ ਪਿਆ। ਭਾਵੇਂ ਕਿ ਭਾਈ ਮਨੀ ਸਿੰਘ ਦੀ ਸ਼ਹਾਦਤ ਦੀਵਾਲੀ ਵਾਲੇ ਦਿਨ ਨਹੀਂ ਹੋਈ ਪਰ, ਕਿਉਂਕਿ ਉਨ੍ਹਾਂ ਦੀ ਸ਼ਹਾਦਤ ਦਾ ਕਾਰਨ ਦੀਵਾਲੀ ਮਨਾਉਣਾ ਹੀ ਸੀ, ਇਸ ਕਰਕੇ ਸਿੱਖ ਜਿੱਥੇ ਦੀਵਾਲੀ ਦੇ ਸਮੇਂ ਬੰਦੀਛੋੜ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਨ, ਉਥੇ ਭਾਈ ਮਨੀ ਸਿੰਘ ਜੀ ਦੀ ਸ਼ਹਾਦਤ ਨੂੰ ਵੀ ਯਾਦ ਕਰ ਆਪਣਾ ਸਤਿਕਾਰ ਦਿੰਦੇ ਹਨ। ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਰਿਹਾਈ ਸਮੇਂ ਕੀਤੀ ਗਈ ਦੀਪਮਾਲਾ ਦੀਵਾਲੀ ਦੇ ਦਿਨ ਗੁਰਸਿੱਖਾਂ ਦੀ ਇਕੱਤਰਤਾ ਬੁਲਾਉਣ ਕਰਕੇ ਇਹ ਦਿਨ ਸਿੱਖਾਂ ਲਈ ਇਕ ਯਾਦਗਾਰੀ ਦਿਨ ਬਣ ਗਿਆ ਤੇ ਹਰ ਸਾਲ ਦੀਵਾਲੀ ਦੇ ਸਮੇਂ ਖ਼ਾਲਸਾ ਪੰਥ ਇਕੱਤਰ ਹੋ ਕੇ ਪੰਥਕ ਹਿੱਤਾਂ ਲਈ ਵਿਚਾਰਾਂ ਕਰਦਾ ਤੇ ਭਵਿੱਖ ਦੀਆਂ ਯੋਜਨਾਵਾਂ ਬਣਾਉਂਦਾ ਹੈ। ਇਨ੍ਹਾਂ ਇਕੱਤਰਤਾਵਾਂ ਨੂੰ ਸਰਬੱਤ ਖ਼ਾਲਸਾ ਤੇ ਹੋਏ ਫ਼ੈਸਲਿਆਂ ਨੂੰ ਗੁਰਮਤਾ ਕਿਹਾ ਜਾਂਦਾ ਹੈ।
ਦੀਵਾਲੀ ਵਾਲੇ ਦਿਨ ਹਰਿਮੰਦਰ ਸਾਹਿਬ ਕੰਪਲੈਕਸ ’ਤੇ ਮੁਕੰਮਲ ਰੂਪ ਵਿਚ ਦੀਪਮਾਲਾ ਕੀਤੀ ਜਾਂਦੀ ਹੈ। ਸ਼ਰਧਾਲੂਆਂ ਵਲੋਂ ਸਰੋਵਰ ਦੇ ਕੰਢੇ ਜਗਾਏ ਹੋਏ ਦੀਵੇ ਤੇ ਮੋਮਬੱਤੀਆਂ ਤੇ ਦੀਪਮਾਲਾ ਇਕ ਦਿਲਕਸ਼ ਨਜ਼ਾਰਾ ਪੇਸ਼ ਕਰਦੇ ਹਨ, ਜਿਸ ਦੀ ਖ਼ੂਬਸੂਰਤੀ ਨੂੰ ਅੱਖਰਾਂ ਵਿਚ ਬਿਆਨ ਕਰਨਾ ਅਸੰਭਵ ਹੈ, ਇਹ ਤਾਂ ਦੇਖਣ ’ਤੇ ਹੀ ਅਨੁਭਵ ਹੋਵੇਗਾ। ਇਤਿਹਾਸਕ ਦ੍ਰਿਸ਼ਟੀ ਤੋਂ ਦੇਖਿਆਂ ਪਤਾ ਲੱਗਦਾ ਹੈ ਕਿ ਇਨ੍ਹਾਂ ਦੀਵਿਆਂ ਵਿਚ ਤੇਲ ਨਹੀਂ ਬਲ ਰਿਹਾ, ਬਲਕਿ ਕੌਮਾਂ ਨੂੰ ਰੌਸ਼ਨੀ ਪ੍ਰਦਾਨ ਕਰਨ ਲਈ ‘ਸ਼ਹੀਦਾਂ ਦੀ ਚਰਬੀ’ ਬਲ ਰਹੀ ਹੈ। ਦੀਵਿਆਂ ਦੀ ਰੌਸ਼ਨੀ ਵਿਚ ਹਰਿਮੰਦਰ ਸਾਹਿਬ ਵਿੱਚੋਂ ਇਹ ਨਾਦ ਗੂੰਜਦਾ ਹੈ:
ਜਉ ਤਉ ਪ੍ਰੇਮ ਖੇਲਣ ਕਾ ਚਾਉ॥
ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰੁ ਧਰੀਜੈ॥
ਸਿਰੁ ਦੀਜੈ ਕਾਣਿ ਨ ਕੀਜੈ॥ (ਅੰਗ : 1412)
ਦੀਵਾਲੀ ਵਾਲੇ ਦਿਨ ਸ਼ਾਮ ਨੂੰ ’ਰਹਰਾਸਿ’ ਦੇ ਪਾਠ ਆਰੰਭ ਹੋਣ ਤੋਂ ਪਹਿਲਾਂ ਹੀ ਸੰਗਤਾਂ ਆਤਿਸ਼ਬਾਜ਼ੀ ਦਾ ਨਜ਼ਾਰਾ ਦੇਖਣ ਤੇ ਦਰਸ਼ਨੀ ਡਿਓੜ੍ਹੀ ਤੋਂ ਜਥੇਦਾਰ, ਸ੍ਰੀ ਅਕਾਲ ਤਖ਼ਤ ਸਾਹਿਬ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕੌਮ ਦੇ ਨਾਂਅ ਸੰਦੇਸ਼ ਸ੍ਰਵਣ ਕਰਨ ਲਈ ਜੁੜ ਬੈਠਦੀਆਂ ਹਨ। ‘ਰਹਰਾਸਿ’ ਦੇ ਪਾਠ ਉਪਰੰਤ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਦੇ ਚਾਰ ਕੋਨਿਆਂ ਵਿੱਚੋਂ ਆਤਿਸ਼ਬਾਜ਼ ਆਤਿਸ਼ਬਾਜ਼ੀ ਚਲਾਉਂਦੇ ਹਨ। ਇਹ ਨਜ਼ਾਰਾ ਦੇਖਿਆਂ ਹੀ ਬਣਦਾ ਹੈ। ਸਿੱਖ ਸ੍ਰੀ ਅੰਮ੍ਰਿਤਸਰ ਤੋਂ ਜੀਵਨ ਦੀ ਰੌਅ ਪ੍ਰਾਪਤ ਕਰਦਾ ਹੈ। ਅੰਮ੍ਰਿਤਸਰ ਤੋਂ ਜੀਵਨ ਦੀ ਰੌਸ਼ਨੀ ਪ੍ਰਾਪਤ ਕਰ ਆਪਣੇ ਜੀਵਨ ’ਚੋਂ ਹਨੇਰਾ ਦੂਰ ਕਰਦਾ ਹੈ। ਮੱਸਿਆ ਦੀ ਕਾਲੀ ਬੋਲੀ ਹਨੇਰੀ ਰਾਤ ਵਿਚ ਜਗ ਰਹੇ ਦੀਵੇ ਸਾਨੂੰ ਜੀਵਨ ਦਾ ਰਾਹ ਦਰਸਾਉਂਦੇ ਹਨ।
ਮਨੁੱਖ ਹਨ੍ਹੇਰਾ ਨਹੀਂ, ਪ੍ਰਕਾਸ਼ ਲੋਚਦਾ ਹੈ। ਇਤਿਹਾਸਕ ਘਟਨਾਵਾਂ ਨੂੰ ਰੂਪਮਾਨ ਕਰਦੇ ਇਹ ਦੀਵੇ, ਸਾਨੂੰ ਪ੍ਰੇਰਨਾ ਤੇ ਉਤਸ਼ਾਹ ਬਖਸ਼ਦੇ ਹਨ ਕਿ ਜ਼ਿੰਦਗੀ ‘ਪੂਰਨਮਾਸ਼ੀ ਦੀ ਰਾਤ’ ਬਣ ਜਾਵੇ ਭਾਵ ਜ਼ਿੰਦਗੀ ਜਿਊਣ ਦੀ ਜਾਚ ਸਾਨੂੰ ਆ ਜਾਵੇ। ਇਹ ਸੱਚ ਦਾ ਪ੍ਰਕਾਸ਼ ਤਾਂ ਹੀ ਹੋ ਸਕਦਾ ਹੈ ਜੇ ਸਤਿਗੁਰੂ ਆਪ ਕਿਰਪਾ ਕਰਨ। ਗੁਰਦੇਵ ਹੁਕਮ ਕਰਦੇ ਹਨ:
ਸਗਲੀ ਰੈਣਿ ਗੁਦਰੀ ਅੰਧਿਆਰੀ
ਸੇਵਿ ਸਤਿਗੁਰੁ ਚਾਨਣੁ ਹੋਇ॥ (ਅੰਗ : 78)
ਸਤਿਗੁਰੂ ਦੇ ਹੁਕਮ ਵਿਚ ਚੱਲ ਕੇ ਹੀ ਗਿਆਨ ਦਾ ਪ੍ਰਕਾਸ਼ ਹੋ ਸਕਦਾ ਹੈ। ਅਗਿਆਨਤਾ ਵੱਸ ਮਨੁੱਖ ਦੇਵਣਹਾਰ ਦਾਤਾਰ ਨੂੰ ਵਿਸਾਰ ਦਿੰਦਾ ਹੈ। ਲੋੜ ਹੈ ਮਨੁੱਖ ਦੇ ਮੱਸਿਆ ਰੂਪੀ ਜੀਵਨ ਦੀ ਰਾਤ ਵਿਚ ਗਿਆਨ ਰੂਪੀ ਦੀਵਾ ਬਾਲਣ ਦੀ।
ਗੁਰੂ ਅਰਜਨ ਦੇਵ ਜੀ ਦੇ ਉਪਦੇਸ਼ ਅਨੁਸਾਰ:
ਦੂਖੁ ਅੰਧੇਰਾ ਘਰ ਤੇ ਮਿਟਿਓ॥
ਗੁਰਿ ਗਿਆਨੁ ਦ੍ਰਿੜਾਇਓ ਦੀਪ ਬਲਿਓ॥
ਆਓ! ਗਿਆਨ ਰੂਪੀ ਦੀਵੇ ਨਾਲ ਆਪਣੇ ਅੰਦਰ ਪਸਰੇ ਕੂੜ ਦੇ ਹਨੇਰੇ ਨੂੰ ਦੂਰ ਕਰੀਏ, ਤਾਂ ਹੀ ਅਸੀਂ ਦੀਵਾਲੀ ਦੇ ਦੀਵਿਆਂ ਤੋਂ ਰੌਸ਼ਨੀ ਲੈ ਕੇ ਆਪਣੇ ਗੌਰਵਮਈ ਇਤਿਹਾਸ ਤੋਂ ਜਾਣੂ ਹੋ ਸਕਦੇ ਹਾਂ।