ਦੀਵਾਲੀ ਅੰਬਰਸਰ ਦੀ…

ਦੀਵਾਲੀ ਅੰਬਰਸਰ ਦੀ…

ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਵਰੋਸਾਏ ਪਾਵਨ ਪਵਿੱਤਰ ਇਤਿਹਾਸਕ ਸ਼ਹਿਰ ਅੰਮ੍ਰਿਤਸਰ ਦੀ ਆਪਣੀ ਮਹੱਤਤਾ, ਪਹਿਚਾਣ ਤੇ ਇਤਿਹਾਸਕ ਗੌਰਵ ਹੈ। ਅੰਮ੍ਰਿਤਸਰ ਏਸ਼ੀਆ ਮਹਾਂਦੀਪ ਦਾ ਪ੍ਰਮੁੱਖ ਧਾਰਮਿਕ-ਇਤਿਹਾਸਕ ਸ਼ਹਿਰ ਹੈ, ਜਿਸ ਨੂੰ ਪੰਜਾਬ ਦਾ ਦਿਲ ਤੇ ਗੁਰਸਿੱਖਾਂ ਦੀ ਜਿੰਦ-ਜਾਨ ਕਹਿ ਲਿਆ ਜਾਵੇ ਤਾਂ ਇਸ ਵਿਚ ਕੋਈ ਅਤਿਕਥਨੀ ਨਹੀਂ ਹੋਵੇਗੀ। ਅੰਮ੍ਰਿਤਸਰ ਸਿੱਖ-ਧਰਮ ਦਾ ਕੇਂਦਰੀ ਸਥਾਨ, ਸਿੱਖ-ਵਿਸ਼ਵਾਸਾਂ ਦਾ ਧੁਰਾ, ਗੁਰਸਿੱਖਾਂ ਲਈ ਪ੍ਰੇਰਨਾ-ਸ੍ਰੋਤ ਤੇ ਸ਼ਕਤੀ ਦਾ ਪ੍ਰਮੁੱਖ ਸੋਮਾ ਹੈ, ਸਿੱਖ ਪ੍ਰੰਪਰਾਵਾਂ ਤੇ ਸਿੱਖ ਗੌਰਵ ਦੀ ਜਿਊਂਦੀ-ਜਾਗਦੀ ਮਿਸਾਲ ਹੈ।
ਅੰਮ੍ਰਿਤਸਰ ਕੇਵਲ ਸਿੱਖਾਂ ਲਈ ਹੀ ਨਹੀਂ, ਸਗੋਂ ਵਿਸ਼ਵ ਦੇ ਲੋਕਾਂ ਲਈ ਵਿਸ਼ਵ-ਧਰਮ ਮੰਦਰ, ਸ੍ਰੀ ਹਰਿਮੰਦਰ ਸਾਹਿਬ ਕਰਕੇ ਖਿੱਚ ਦਾ ਕੇਂਦਰ ਹੈ। ਸੰਸਾਰ ਦੇ ਕਿਸੇ ਵੀ ਕੋਨੇ ਵਿਚੋਂ ਕੋਈ ਵੀ ਕਿਸੇ ਸਮੇਂ ਬਿਨਾਂ ਕਿਸੇ ਰੋਕ-ਟੋਕ ਦੇ ਅੰਮ੍ਰਿਤਸਰ ਦੇ ਦਰਸ਼ਨ-ਇਸ਼ਨਾਨ ਕਰ ਸਕਦਾ ਹੈ। ਸ੍ਰੀ ਅੰਮ੍ਰਿਤਸਰ ਦੀ ਸਿਰਜਣਾ ਦੇ ਸਮੇਂ ਤੋਂ ਹੀ ਹਰ ਕਿੱਤੇ ਦੇ ਲੋਕਾਂ ਨੂੰ ਇਥੇ ਵਸਾਇਆ ਗਿਆ ਸੀ।
1604 ਈਸਵੀ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਤਿਆਰ ਕਰ, ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਕਾਸ਼ ਕੀਤਾ ਤੇ ਬਾਬਾ ਬੁੱਢਾ ਜੀ ਨੂੰ ਹਰਿਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ ਹੋਣ ਦਾ ਮਾਣ ਬਖਸ਼ਿਆ।
ਸ੍ਰੀ ਹਰਿਮੰਦਰ ਸਾਹਿਬ ਵਿਖੇ ਸਤਿਗੁਰਾਂ ਦੇ ਪ੍ਰਕਾਸ਼-ਗੁਰਪੁਰਬ, ਗੁਰ-ਗੱਦੀ ਦਿਵਸ, ਜੋਤੀ ਜੋਤ ਸਮਾਉਣ ਦੇ ਦਿਹਾੜੇ, ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼-ਦਿਵਸ ਤੇ ਗੁਰ-ਗੱਦੀ ਦਿਵਸ ਮਨਾਏ ਜਾਂਦੇ ਹਨ। ਪਰ ਇਨ੍ਹਾਂ ਪਾਵਨ ਇਤਿਹਾਸਕ ਗੁਰਪੁਰਬਾਂ ਨੂੰ ਮਨਾਉਣ ਦਾ ਢੰਗ ਵੀ ਅਲੌਕਿਕ ਹੈ।
ਦੂਜੇ ਧਰਮਾਂ ਵਿਚ ਦੀਵਾਲੀ ਦੀਪ-ਪੂਜਾ ਤੇ ਲੱਛਮੀ-ਪੂਜਾ ਦੇ ਰੂਪ ਵਿਚ ਮਨਾਈ ਜਾਂਦੀ ਹੈ, ਪਰ ਸਿੱਖ ਇਹ ਦਿਹਾੜਾ ਆਪਣੇ ਗੌਰਵਮਈ ਵਿਰਸੇ ਨੂੰ ਯਾਦ ਕਰਨ ਲਈ ਮਨਾਉਂਦੇ ਹਨ। ਸਿੱਖ ਤਾਂ ਬੰਦੀ-ਛੋੜ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਸ੍ਰੀ ਅੰਮ੍ਰਿਤਸਰ ਆਗਮਨ ਦੀ ਖ਼ੁਸ਼ੀ ਵਿਚ ਦੀਵੇ ਜਗਾਉਂਦੇ ਹਨ, ਰੌਸ਼ਨੀ ਕਰ ਕੇ, ਆਤਿਸ਼ਬਾਜ਼ੀ ਚਲਾ ਕੇ ਆਪਣੇ ਪਿਆਰੇ ਸਤਿਗੁਰੂ ਨੂੰ ਸਤਿਕਾਰ ਭੇਟ ਕਰਦੇ ਹਨ, ਇਸ ਤਰ੍ਹਾਂ ਸਿੱਖਾਂ ਨੇ ਦੀਵਾਲੀ ਵਾਲੇ ਦਿਨ ਨੂੰ ਬੰਦੀ-ਛੋੜ ਦਿਵਸ ਦੇ ਰੂਪ ਵਿਚ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਿਖੇ ਮਨਾਉਣਾ ਸ਼ੁਰੂ ਕਰ ਦਿੱਤਾ ਤੇ ਫਿਰ ਇਹ ਲੋਕ-ਉਕਤੀ ਪ੍ਰਚੱਲਤ ਹੋ ਗਈ:
ਦਾਲ ਰੋਟੀ ਘਰ ਦੀ, ਦੀਵਾਲੀ ਅੰਬਰਸਰ ਦੀ।
ਇਤਿਹਾਸ ਪੜ੍ਹਿਆਂ ਪਤਾ ਲੱਗਦਾ ਹੈ ਕਿ ਮੁਗ਼ਲ ਸਰਕਾਰ ਆਰੰਭ ਤੋਂ ਹੀ ਸਿੱਖ-ਪੰਥ ਦੇ ਵਿਰੁੱਧ ਰਹੀ। ਬਾਦਸ਼ਾਹ ਜਹਾਂਗੀਰ ਨੂੰ ਸਿੱਖਾਂ ਦੀ ਵਧਦੀ ਹੋਈ ਸ਼ਕਤੀ ਕਿਸੇ ਤਰ੍ਹਾਂ ਵੀ ਸੁਖਾਵੀਂ ਨਹੀਂ ਸੀ ਲੱਗਦੀ। ਇਹੀ ਕਾਰਨ ਸੀ ਕਿ ਬਾਣੀ ਦੇ ਬੋਹਿਥ, ਸ਼ਾਂਤੀ ਦੇ ਪੁੰਜ, ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦੀ ਦੇਣੀ ਪਈ। ਜਹਾਂਗੀਰ ਪਾਸ ਇਹ ਖਬਰਾਂ ਪਹੁੰਚਣੀਆਂ ਸ਼ੁਰੂ ਹੋਈਆਂ ਕਿ ਗੁਰੂ ਹਰਿਗੋਬਿੰਦ ਸਾਹਿਬ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਕਰ ਕੇ ਹਥਿਆਰਬੰਦ ਸੈਨਾ ਤਿਆਰ ਕਰ ਲਈ ਹੈ ਤੇ ਆਪਣੇ ਆਪ ਨੂੰ ਸੱਚਾ ਪਾਤਸ਼ਾਹ ਅਖਵਾਉਣਾ ਸ਼ੁਰੂ ਕਰ ਦਿੱਤਾ ਹੈ।
ਸਮੇਂ ਦੀਆਂ ਸਰਕਾਰਾਂ ਨੇ ਸਿੱਖ ਧਰਮ ‘ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ, ਬਾਬਾ ਬੰਦਾ ਸਿੰਘ ਬਹਾਦਰ ਦੇ ਸਮੇਂ ਤੇ ਉਨ੍ਹਾਂ ਦੀ ਸ਼ਹਾਦਤ ਤੋਂ ਬਾਅਦ ਜਦ ਸਿੰਘ ਜੰਗਲਾਂ, ਪਹਾੜਾਂ ਅਤੇ ਰੇਗਿਸਤਾਨਾਂ ਵਿਚ ਰਹਿ ਕੇ ਜ਼ਾਲਮ ਹਕੂਮਤ ਨਾਲ ਟੱਕਰ ਲੈ ਰਹੇ ਸਨ, ਉਸ ਸਮੇਂ ਵੀ ਸਮੇਂ ਦੇ ਹਾਕਮਾਂ ਵਲੋਂ ਸਿੰਘਾਂ ਦੇ ਸ੍ਰੀ ਅੰਮ੍ਰਿਤਸਰ ਦਾਖ਼ਲੇ ‘ਤੇ ਸਖ਼ਤ ਪਾਬੰਦੀ ਲਾਈ ਹੋਈ ਸੀ। ਪੱਤਾ-ਪੱਤਾ ਸਿੰਘਾਂ ਦਾ ਵੈਰੀ ਸੀ, ਸਿੰਘਾਂ ਦੇ ਘਰ ਘੋੜਿਆਂ ਦੀਆਂ ਕਾਠੀਆਂ ਸਨ। ਅਜਿਹੇ ਬਿਖੜੇ ਵੇਲੇ ਵੀ ਗੁਰੂ-ਘਰ ਦੇ ਪ੍ਰੀਤਵਾਨ ਗੁਰਸਿੱਖ ਜਾਨ ‘ਤੇ ਖੇਡ ਕੇ ਗੁਰੂ-ਘਰ ਦੇ ਦਰਸ਼ਨ-ਇਸ਼ਨਾਨ ਕਰ ਜਾਂਦੇ ਅਤੇ ਸ੍ਰੀ ਹਰਿਮੰਦਰ ਸਾਹਿਬ ਅੰਦਰ ‘ਜੋਤਿ’ ਜਗਾਉਣ ਦੀ ਖ਼ਾਤਰ ‘ਸ਼ਹੀਦੀ’ ਤਕ ਵੀ ਪਾ ਜਾਂਦੇ। ਮੱਸੇ ਤੋਂ ਲੈ ਕੇ ਮੀਰ ਮੰਨੂ, ਅਦੀਨਾ ਬੇਗ, ਅਬਦਾਲੀ ਤੇ ਸਮੇਂ ਦੀਆਂ ਸਰਕਾਰਾਂ ਆਦਿ ਕਈਆਂ ਨੇ ਸਿੱਖਾਂ ਨੂੰ ਆਪਣੇ ਸੋਮੇ ਨਾਲੋਂ ਤੋੜਨ ਲਈ ਹਰ ਹੀਲਾ ਕੀਤਾ। ਜ਼ਕਰੀਆ ਖਾਂ ਨੇ ਨਾਦਰ ਸ਼ਾਹ ਨੂੰ ਦੱਸਿਆ ਕਿ ਸਿੱਖਾਂ ਦੀ ਸ਼ਕਤੀ ਦਾ ਸੋਮਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਹੈ ਤਾਂ ਨਾਦਰ ਸ਼ਾਹ ਨੇ ਉਸ ਨੂੰ ਸਲਾਹ ਦਿੱਤੀ ਕਿ ਇਨ੍ਹਾਂ ਦੇ ਇਸ ਰੂਹਾਨੀ ਸੋਮੇ ਨੂੰ ਹੀ ਮੁਕਾ ਦਿਓ!
ਨਾਦਰ ਸ਼ਾਹ ਤੇ ਜ਼ਕਰੀਆ ਖਾਨ ਦੇ ਇਤਿਹਾਸਕ ਵਾਰਤਾਲਾਪ ਤੋਂ ਸਪੱਸ਼ਟ ਹੈ ਕਿ ਘੋਰ ਯੁੱਧਾਂ, ਭਾਜੜਾਂ ਤੇ ਹਮਲਿਆਂ ਵੇਲੇ ਵੀ ਸਿੱਖ ਵੱਧ ਤੋਂ ਵੱਧ ਗਿਣਤੀ ਵਿਚ ਦੀਵਾਲੀ ਦੇ ਮੌਕੇ ਅੰਮ੍ਰਿਤਸਰ ਇਕੱਠੇ ਹੁੰਦੇ। ਇਥੇ ਹੀ ਭਵਿੱਖ ਦੀਆਂ ਯੋਜਨਾਵਾਂ ਬਣਾਈਆਂ ਜਾਂਦੀਆਂ, ਪ੍ਰਬੰਧਕੀ ਮਸਲੇ ਨਜਿੱਠੇ ਜਾਂਦੇ ਤੇ ਪੰਥਕ ਫ਼ੈਸਲੇ ਲਏ ਜਾਂਦੇ। ਦੀਵਾਲੀ ਦਾ ਦਿਨ ਸਾਨੂੰ ਭਾਈ ਮਨੀ ਸਿੰਘ ਦੀ ਮਹਾਨ ਸ਼ਹਾਦਤ ਦੀ ਵੀ ਯਾਦ ਦਿਵਾਉਂਦਾ ਹੈ। ਭਾਈ ਮਨੀ ਸਿੰਘ ਨੇ ਦੀਵਾਲੀ ਦੇ ਮੌਕੇ ਸਿੱਖਾਂ ਦਾ ਇਕੱਠ ਸੱਦਣ ਲਈ ਸਮੇਂ ਦੀ ਸਰਕਾਰ ਦੀ ਰਜ਼ਾਮੰਦੀ ਪ੍ਰਾਪਤ ਕਰ ਲਈ ਪਰ ਜਦ ਉਨ੍ਹਾਂ ਨੂੰ ਇਹ ਪਤਾ ਲੱਗਾ ਕਿ ਜ਼ਕਰੀਆ ਖਾਨ ਦੀਵਾਲੀ ਦੇ ਮੌਕੇ ਇਕੱਠੇ ਹੋਏ ਸਿੱਖਾਂ ਨੂੰ ਮਾਰ-ਮੁਕਾਉਣਾ ਚਾਹੁੰਦਾ ਹੈ ਤਾਂ ਉਨ੍ਹਾਂ ਇਹ ਇਕੱਠ ਮੁਲਤਵੀ ਕਰ ਦਿੱਤਾ। ਇਸ ਕਰਕੇ ਹੀ ਉਨ੍ਹਾਂ ਨੂੰ ਸ਼ਹਾਦਤ ਦਾ ਜਾਮ ਪੀਣਾ ਪਿਆ। ਭਾਵੇਂ ਕਿ ਭਾਈ ਮਨੀ ਸਿੰਘ ਦੀ ਸ਼ਹਾਦਤ ਦੀਵਾਲੀ ਵਾਲੇ ਦਿਨ ਨਹੀਂ ਹੋਈ ਪਰ ਕਿਉਂਕਿ ਉਨ੍ਹਾਂ ਦੀ ਸ਼ਹਾਦਤ ਦਾ ਕਾਰਨ ਦੀਵਾਲੀ ਮਨਾਉਣਾ ਹੀ ਸੀ, ਇਸ ਕਰਕੇ ਸਿੱਖ ਜਿੱਥੇ ਦੀਵਾਲੀ ਦੇ ਸਮੇਂ ਬੰਦੀ-ਛੋੜ ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹਨ, ਉਥੇ ਭਾਈ ਮਨੀ ਸਿੰਘ ਦੀ ਸ਼ਹਾਦਤ ਨੂੰ ਵੀ ਯਾਦ ਕਰ ਆਪਣਾ ਸਤਿਕਾਰ ਦਿੰਦੇ ਹਨ। ਗੁਰੂ ਹਰਿਗੋਬਿੰਦ ਸਾਹਿਬ ਦੀ ਰਿਹਾਈ ਸਮੇਂ ਕੀਤੀ ਗਈ ਦੀਪਮਾਲਾ ਦੀਵਾਲੀ ਦੇ ਦਿਨ ਗੁਰਸਿੱਖਾਂ ਦੀ ਇਕੱਤਰਤਾ ਬੁਲਾਉਣ ਕਰਕੇ ਇਹ ਦਿਨ ਸਿੱਖਾਂ ਲਈ ਇਕ ਯਾਦਗਾਰੀ ਦਿਨ ਬਣ ਗਿਆ ਤੇ ਹਰ ਸਾਲ ਦੀਵਾਲੀ ਦੇ ਸਮੇਂ ਖ਼ਾਲਸਾ ਪੰਥ ਇਕੱਤਰ ਹੋ ਕੇ ਪੰਥਕ ਹਿੱਤਾਂ ਲਈ ਵਿਚਾਰਾਂ ਕਰਦਾ ਤੇ ਭਵਿੱਖ ਦੀਆਂ ਯੋਜਨਾਵਾਂ ਬਣਾਉਂਦਾ ਹੈ। ਇਨ੍ਹਾਂ ਇਕੱਤਰਤਾਵਾਂ ਨੂੰ ਸਰਬੱਤ ਖ਼ਾਲਸਾ ਤੇ ਹੋਏ ਫ਼ੈਸਲਿਆਂ ਨੂੰ ਗੁਰਮਤਾ ਕਿਹਾ ਜਾਂਦਾ ਹੈ।
ਦੀਵਾਲੀ ਵਾਲੇ ਦਿਨ ਹਰਿਮੰਦਰ ਸਾਹਿਬ ਕੰਪਲੈਕਸ ‘ਤੇ ਮੁਕੰਮਲ ਰੂਪ ਵਿਚ ਦੀਪਮਾਲਾ ਕੀਤੀ ਜਾਂਦੀ ਹੈ। ਸ਼ਰਧਾਲੂਆਂ ਵਲੋਂ ਸਰੋਵਰ ਦੇ ਕੰਢੇ ਜਗਾਏ ਹੋਏ ਦੀਵੇ ਤੇ ਮੋਮਬੱਤੀਆਂ ਤੇ ਦੀਪਮਾਲਾ ਇਕ ਦਿਲਕਸ਼ ਨਜ਼ਾਰਾ ਪੇਸ਼ ਕਰਦੇ ਹਨ, ਜਿਸ ਦੀ ਖ਼ੂਬਸੂਰਤੀ ਨੂੰ ਅੱਖਰਾਂ ਵਿਚ ਬਿਆਨ ਕਰਨਾ ਅਸੰਭਵ ਹੈ। ਇਹ ਤਾਂ ਦੇਖਣ ‘ਤੇ ਹੀ ਅਨੁਭਵ ਹੋਵੇਗਾ। ਇਤਿਹਾਸਕ ਦ੍ਰਿਸ਼ਟੀ ਤੋਂ ਦੇਖਿਆਂ ਪਤਾ ਲੱਗਦਾ ਹੈ ਕਿ ਇਨ੍ਹਾਂ ਦੀਵਿਆਂ ਵਿਚ ਤੇਲ ਨਹੀਂ ਬਲ ਰਿਹਾ, ਬਲਕਿ ਕੌਮਾਂ ਨੂੰ ਰੌਸ਼ਨੀ ਪ੍ਰਦਾਨ ਕਰਨ ਲਈ ‘ਸ਼ਹੀਦਾਂ ਦੀ ਚਰਬੀ’ ਬਲ ਰਹੀ ਹੈ। ਜ਼ੁਲਮ ਤੇ ਪਾਪ ਦੀ ਹਨੇਰੀ ਨੂੰ ਦੂਰ ਕਰਨ ਲਈ ਸੂਰਬੀਰ ਆਪਣੀ ਚਰਬੀ ਦੀਵਿਆਂ ਵਿਚ ਪਾਉਣ ਲਈ ਖੜ੍ਹੇ ਦਿੱਸਣਗੇ।
ਆਓ! ਗਿਆਨ ਰੂਪੀ ਦੀਵੇ ਨਾਲ ਆਪਣੇ ਅੰਦਰ ਪੱਸਰੇ ਕੂੜ ਦੇ ਹਨੇਰੇ ਨੂੰ ਦੂਰ ਕਰੀਏ, ਤਾਂ ਹੀ ਅਸੀਂ ਦੀਵਾਲੀ ਦੇ ਦੀਵਿਆਂ ਤੋਂ ਰੋਸ਼ਨੀ ਲੈ ਕੇ ਆਪਣੇ ਗੌਰਵਮਈ ਇਤਿਹਾਸ ਤੋਂ ਜਾਣੂ ਹੋ ਸਕਦੇ ਹਾਂ।