ਦਿੱਲੀ ਵਿੱਚ ਰਾਮ ਰਾਜ ਦੇ ਸੰਕਲਪ ’ਤੇ ਸਰਕਾਰ ਚਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ: ਕੇਜਰੀਵਾਲ

ਦਿੱਲੀ ਵਿੱਚ ਰਾਮ ਰਾਜ ਦੇ ਸੰਕਲਪ ’ਤੇ ਸਰਕਾਰ ਚਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ: ਕੇਜਰੀਵਾਲ

ਮੁੱਖ ਮੰਤਰੀ ਨੇ ‘ਆਪ’ ਆਗੂਆਂ ਨਾਲ ਦੇਖੀ ਰਾਮ ਲੀਲਾ
ਨਵੀਂ ਦਿੱਲੀ- ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਦਿੱਲੀ ਸਰਕਾਰ ਦੀ ਹਿੰਦੀ ਅਕਾਦਮੀ ਵੱਲੋਂ ਪਿਆਰੇ ਲਾਲ ਭਵਨ ਵਿੱਚ ਕਰਵਾਈ ਜਾ ਰਹੀ ਰਾਮ ਲੀਲਾ ਦੇਖਣ ਪੁੱਜੇ। ਉਨ੍ਹਾਂ ਨਾਲ ਕੈਬਨਿਟ ਦੀ ਸਮੁੱਚੀ ਟੀਮ ਹਾਜ਼ਰ ਸੀ। ਰਾਮ ਲੀਲਾ ਦਾ ਮੰਚਨ ਸ਼ੁਰੂ ਹੋਣ ਤੋਂ ਪਹਿਲਾਂ ਮੁੱਖ ਮੰਤਰੀ ਨੇ ਭਗਵਾਨ ਸ੍ਰੀ ਰਾਮ ਦੀ ਆਰਤੀ ਉਤਾਰੀ ਤੇ ਜੈ ਸ੍ਰੀ ਰਾਮ ਦਾ ਨਾਅਰਾ ਲਗਾਇਆ। ਉਨ੍ਹਾਂ ਕਿਹਾ ਕਿ ਭਲਕੇ ਅਯੁੱਧਿਆ ’ਚ ਭਗਵਾਨ ਸ੍ਰੀ ਰਾਮ ਦੇ ਮੰਦਰ ਦੀ ਸਥਾਪਨਾ ਹੋਣ ਜਾ ਰਹੀ ਹੈ। ਇਹ ਸਾਡੇ ਸਾਰਿਆਂ ਲਈ ਬਹੁਤ ਖੁਸ਼ੀ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਦਿੱਲੀ ’ਚ ਰਾਮ ਰਾਜ ਦੇ ਸੰਕਲਪ ’ਤੇ ਸਰਕਾਰ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਬਿਹਤਰ ਸਿੱਖਿਆ, ਸਿਹਤ ਆਦਿ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਰਾਮ ਰਾਜ ਵੱਡੀ ਗੱਲ ਹੈ, ਅਸੀਂ ਬਹੁਤ ਛੋਟੇ ਹਾਂ ਪਰ ਅਸੀਂ ਉਸੇ ਤਰ੍ਹਾਂ ਜਨਤਾ ਦੀ ਸੇਵਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਇਸੇ ਦੌਰਾਨ ‘ਆਪ’ ਵਿਧਾਇਕ ਦਲੀਪ ਪਾਂਡੇ ਨੇ ਕਿਹਾ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਪ੍ਰੇਰਨਾ ਅਤੇ ਨਿਰਦੇਸ਼ਾਂ ’ਤੇ ਆਮ ਆਦਮੀ ਪਾਰਟੀ ਨੇ ਦਿੱਲੀ ਨੂੰ ਵੀ ਰਾਮਮਈ ਬਣਾਉਣ ਦੀ ਤਿਆਰੀ ਕਰ ਲਈ ਹੈ। 22 ਜਨਵਰੀ ਨੂੰ ਸਾਰੇ 70 ਵਿਧਾਨ ਸਭਾ ਹਲਕਿਆਂ ਵਿੱਚ ਸੁੰਦਰਕਾਂਡ, ਸ਼ੋਭਾ ਯਾਤਰਾ, ਆਰਤੀ, ਪ੍ਰਸ਼ਾਦ ਵੰਡਣ ਸਣੇ ਕਈ ਤਰ੍ਹਾਂ ਦੇ ਸਮਾਗਮ ਕਰਵਾਏ ਜਾਣਗੇ। ਸ੍ਰੀ ਪਾਂਡੇ ਨੇ ਕਿਹਾ ਕਿ ਭਗਵਾਨ ਰਾਮ ਦੇ ਸਵਾਗਤ ਲਈ ਪੂਰਾ ਦੇਸ਼ ਤਿਆਰੀਆਂ ਕਰ ਰਿਹਾ ਹੈ। ਇਸ ਦੇ ਨਾਲ ਹੀ ਦਿੱਲੀ ਵਾਲੇ ਵੀ ਪਿੱਛੇ ਨਹੀਂ ਹਨ। ਇੱਕ ਪਾਸੇ ਦਿੱਲੀ ਵਿੱਚ ਰਾਮ ਲੀਲਾ ਦਾ ਮੰਚਨ ਕੀਤਾ ਜਾ ਰਿਹਾ ਹੈ। ਦਿੱਲੀ ਸਰਕਾਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਸਾਰੇ ਸਰਕਾਰੀ ਤੇ ਸਹਾਇਤਾ ਪ੍ਰਾਪਤ ਸਕੂਲ ਦੋ ਵਜੇ ਤੱਕ ਬੰਦ ਰਹਿਣਗੇ ਤੇ ਦੁਪਹਿਰ ਤੋਂ ਬਾਅਦ ਲੱਗਣ ਵਾਲੇ ਸਕੂਲਾਂ ਨੂੰ ਦੋ ਵਜੇ ਬਾਅਦ ਸ਼ੁਰੂ ਹੋ ਕੇ ਸ਼ਾਮ ਸਾਢੇ ਪੰਜ ਵਜੇ ਤੱਕ ਖੋਲ੍ਹਣ ਦੀ ਹਦਾਇਤ ਕੀਤੀ ਗਈ ਹੈ।