ਦਿੱਲੀ ਵਿੱਚ ਪਾਣੀ ਛਿੜਕਣ ਲਈ ਵਿਸ਼ੇਸ਼ ਮੁਹਿੰਮ ਸ਼ੁਰੂ

ਦਿੱਲੀ ਵਿੱਚ ਪਾਣੀ ਛਿੜਕਣ ਲਈ ਵਿਸ਼ੇਸ਼ ਮੁਹਿੰਮ ਸ਼ੁਰੂ

ਪ੍ਰਦੂਸ਼ਣ ਘਟਾਉਣ ਲਈ ਉਪਰਾਲਾ
ਨਵੀਂ ਦਿੱਲੀ- ਦਿੱਲੀ ਦੇ ਵਾਤਾਵਰਨ ਮੰਤਰੀ ਗੋਪਾਲ ਰਾਏ ਨੇ ਦੱਸਿਆ ਕਿ ਦੀਵਾਲੀ ਤੋਂ ਬਾਅਦ ਦਿੱਲੀ ਵਿੱਚ ਵਧਦੇ ਪ੍ਰਦੂਸ਼ਣ ਦੇ ਮੱਦੇਨਜ਼ਰ ਅੱਜ ਤੋਂ ਪੂਰੀ ਦਿੱਲੀ ਵਿੱਚ ਪਾਣੀ ਛਿੜਕਣ ਦੀ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ। ਦਿੱਲੀ ਸਰਕਾਰ ਨੇ ਦਿੱਲੀ ਭਰ ਦੀਆਂ ਸੜਕਾਂ ’ਤੇ ਪਾਣੀ ਛਿੜਕਣ ਲਈ 215 ਮੋਬਾਈਲ ਐਂਟੀ ਸਮੋਗ ਗਨ ਤਾਇਨਾਤ ਕੀਤੀਆਂ ਹਨ। ਦਿੱਲੀ ਦੇ 70 ਵਿਧਾਨ ਸਭਾ ਹਲਕਿਆਂ ਲਈ ਪਾਣੀ ਛਿੜਕਣ ਲਈ 70 ਮੋਬਾਈਲ ਐਂਟੀ ਸਮੋਗ ਗਨ ਹੋਵੇਗੀ। ਵਾਤਾਵਰਨ ਮੰਤਰੀ ਨੇ ਦੱਸਿਆ,‘‘ਦਿੱਲੀ ਵਿੱਚ ਪ੍ਰਦੂਸ਼ਣ ਨੂੰ ਨੱਥ ਪਾਉਣ ਲਈ ਦਿੱਲੀ ਵਿੱਚ ਕਈ ਮੁਹਿੰਮਾਂ ਚਲਾ ਰਹੇ ਹਾਂ। ਭਾਵੇਂ ਇਹ ਧੂੜ-ਵਿਰੋਧੀ ਮੁਹਿੰਮ ਹੋਵੇ, ਖੁੱਲ੍ਹੇ ’ਚ ਪਰਾਲੀ ਸਾੜਨ ਦੀ ਮੁਹਿੰਮ ਹੋਵੇ ਜਾਂ ਬਾਇਓ-ਡਿਕੰਪੋਜ਼ਰ ਦਾ ਛਿੜਕਾਅ ਹੋਵੇ, ਅਸੀਂ ਪ੍ਰਦੂਸ਼ਣ ਨੂੰ ਰੋਕਣ ਲਈ ਸਖ਼ਤ ਕਦਮ ਚੁੱਕੇ ਹਨ, ਦਿੱਲੀ ਭਰ ਵਿੱਚ ਮੋਬਾਈਲ ਐਂਟੀ-ਸਮੋਗ ਗੰਨ ਚਲਾਵਾਂਗੇ ਜੋ ਸੜਕਾਂ ’ਤੇ ਪਾਣੀ ਛਿੜਕਣਗੀਆਂ’ ਮੰਤਰੀ ਨੇ ਕਿਹਾ ਕਿ 60 ਐਂਟੀ ਸਮੋਗ ਗੰਨਾਂ ਨੂੰ ਸ਼ਹਿਰ ਦੇ ‘ਹੌਟਸਪੌਟਸ’ ’ਤੇ ਤਾਇਨਾਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਯਤਨਾਂ ਦੇ ਨਤੀਜੇ ਵਜੋਂ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਸਾਲ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ 60 ਫੀਸਦੀ ਕਮੀ ਆਈ ਹੈ। ਉਨ੍ਹਾਂ ਕਿਹਾ ਕਿ ਗ੍ਰੇਪ-4 ਦੇ ਨਿਯਮ ਅਜੇ ਵੀ ਲਾਗੂ ਰਹਿਣਗੇ।’’ ਰਾਏ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਇਸ ਦੇ ਨੇਤਾ ਸੁਪਰੀਮ ਕੋਰਟ ਦੀ ਪਾਬੰਦੀ ਦੇ ਬਾਵਜੂਦ ਪਟਾਕੇ ਚਲਾਉਣ ਨੂੰ ਉਤਸ਼ਾਹਿਤ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਦਿੱਲੀ, ਹਰਿਆਣਾ ਤੇ ਉੱਤਰ ਪ੍ਰਦੇਸ਼ ਦੇ ਪੁਲੀਸ ਬਲ ਭਾਜਪਾ ਦੇ ਕੰਟਰੋਲ ਵਾਲੀਆਂ ਸਰਕਾਰਾਂ ਦੇ ਹੱਥ ਵਿੱਚ ਹਨ ਪਰ ਉਹ ਕੌਮੀ ਰਾਜਧਾਨੀ ਖੇਤਰ ’ਚ ਪਟਾਕਿਆਂ ਦੀ ਵਿਕਰੀ ਤੇ ਪਟਾਕੇ ਚਲਾਏ ਜਾਣ ਨੂੰ ਰੋਕਣ ’ਚ ਨਾਕਾਮ ਰਹੇ। ਕਾਂਗਰਸ ਨੇ ਪ੍ਰਦੂਸ਼ਣ ਲਈ ਭਾਜਪਾ ਅਤੇ ‘ਆਪ’ ਦੋਵਾਂ ਨੂੰ ਜ਼ਿੰਮੇਵਾਰ ਠਹਿਰਾਇਆ।