ਦਿੱਲੀ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਨੇ ਗੁਰਦੁਆਰਾ ਬੰਗਲਾ ਸਾਹਿਬ ਮੱਥਾ ਟੇਕਿਆ

ਦਿੱਲੀ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਨੇ ਗੁਰਦੁਆਰਾ ਬੰਗਲਾ ਸਾਹਿਬ ਮੱਥਾ ਟੇਕਿਆ

ਨਵੀਂ ਦਿੱਲੀ- ਦਿੱਲੀ ਭਾਜਪਾ ਦੇ ਨਵ-ਨਿਯੁਕਤ ਕਾਰਜਕਾਰੀ ਪ੍ਰਧਾਨ ਵਰਿੰਦਰ ਸਚਦੇਵਾ ਨੇ ਅੱਜ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਦਿੱਲੀ ਵਾਸੀਆਂ ਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਉਨ੍ਹਾਂ ਨੇ ਦਿੱਲੀ ਭਾਜਪਾ ਦੇ ਸਾਬਕਾ ਪ੍ਰਧਾਨ ਅਤੇ ਸੰਸਦ ਮੈਂਬਰ ਡਾ. ਹਰਸ਼ਵਰਧਨ, ਵਿਜੈ ਗੋਇਲ, ਵਿਜੇਂਦਰ ਗੁਪਤਾ, ਸਤੀਸ਼ ਉਪਾਧਿਆਏ ਅਤੇ ਸੰਸਦ ਮੈਂਬਰ ਮਨੋਜ ਤਿਵਾੜੀ ਅਤੇ ਪ੍ਰਵੇਸ਼ ਸਾਹਿਬ ਸਿੰਘ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਆਸ਼ੀਰਵਾਦ ਲਿਆ। ਉਹ ਭਲਕੇ ਦਿੱਲੀ ਦੇ ਬਾਕੀ ਸਾਰੇ ਸੰਸਦ ਮੈਂਬਰਾਂ ਨੂੰ ਵੀ ਮਿਲਣਗੇ।

ਵਰਿੰਦਰ ਸਚਦੇਵਾ ਨੇ ਅੱਜ ਸ਼ਾਮ ਗੁਰਦੁਆਰਾ ਬੰਗਲਾ ਸਾਹਿਬ ਵਿੱਚ ਜਾ ਕੇ ਦਿੱਲੀ ਦੀ ਸਰਬਪੱਖੀ ਤਰੱਕੀ ਲਈ ਅਰਦਾਸ ਕੀਤੀ। ਗੁਰਦੁਆਰਾ ਪ੍ਰਬੰਧਕਾਂ ਵਰਿੰਦਰ ਸਚਦੇਵਾ ਨੂੰ ਸਿਰੋਪਾ ਭੇਟ ਕਰਕੇ ਜੀ ਆਇਆਂ ਕਿਹਾ। ਸ੍ਰੀ ਵਰਿੰਦਰ ਸਚਦੇਵਾ ਨੇ ਅੱਜ ਬਾਅਦ ਦੁਪਹਿਰ ਪਾਰਟੀ ਦਫ਼ਤਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਰਟੀ ਦੇ ਸੰਗਠਨ ਨੂੰ ਉਸਾਰਨ ਵਿਚ ਸਾਰੇ ਸਾਬਕਾ ਪ੍ਰਧਾਨਾਂ, ਸੀਨੀਅਰ ਵਰਕਰਾਂ ਅਤੇ ਸੰਸਦ ਮੈਂਬਰਾਂ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ ਅਤੇ ਉਨ੍ਹਾਂ ਦੇ ਆਸ਼ੀਰਵਾਦ ਨਾਲ ਪਾਰਟੀ ਦੇ ਪ੍ਰਚਾਰ ਦਾ ਕੰਮ ਸ਼ੁਰੂ ਕੀਤਾ ਜਾਵੇਗਾ।

ਸ੍ਰੀ ਸਚਦੇਵਾ ਨੇ ਕਿਹਾ, ‘‘ਜਿੱਥੇ ਅਸੀਂ ਸੰਗਠਨ ਨੂੰ ਮਜ਼ਬੂਤ ​​ਕਰਨ ਲਈ ਕੰਮ ਕਰਾਂਗੇ, ਉੱਥੇ ਹੀ ਕੇਂਦਰ ਸਰਕਾਰ ਵੱਲੋਂ ਜਹਾਨ ਝੁੱਗੀ ਵਾਹਨ ਮਕਾਨ ਯੋਜਨਾ ਤਹਿਤ ਵੱਧ ਤੋਂ ਵੱਧ ਗ਼ਰੀਬ ਲੋਕਾਂ ਨੂੰ ਮਕਾਨ ਅਤੇ ਅਣ-ਅਧਿਕਾਰਤ ਕਲੋਨੀਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਡੀ.ਡੀ.ਏ. ਤੋਂ ਘਰ ਦੀ ਰਜਿਸਟਰੀ ਕਰਵਾਉਣਾ ਸਾਡੀ ਪਹਿਲ ਹੋਵੇਗੀ। ਮਦਨ ਲਾਲ ਖੁਰਾਣਾ, ਵਿਜੇ ਕੁਮਾਰ ਮਲਹੋਤਰਾ ਵਰਗੇ ਪੰਜਾਬੀ ਆਗੂਆਂ ਦੀ ਬਦੌਲਤ ਬਣੇ ਰਾਜਧਾਨੀ ਦੇ ਪੰਜਾਬੀਆਂ ਦੇ ਵੱਡੇ ਵੋਟ ਬੈਂਕ ਨੂੰ ਸਾਂਭਣ ਦੀ ਕੋਸ਼ਿਸ਼ ਉਹ ਕਰ ਸਕਣਗੇ।’’