ਦਿੱਲੀ ਫ਼ਤਹਿ ਦਿਵਸ: ਅਕਾਲ ਤਖ਼ਤ ਤੋਂ ਨਗਰ ਕੀਰਤਨ ਰਵਾਨਾ

ਦਿੱਲੀ ਫ਼ਤਹਿ ਦਿਵਸ: ਅਕਾਲ ਤਖ਼ਤ ਤੋਂ ਨਗਰ ਕੀਰਤਨ ਰਵਾਨਾ

ਅੰਮ੍ਰਿਤਸਰ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਦਿੱਲੀ ਫ਼ਤਹਿ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ, ਜੋ ਅਕਾਲ ਤਖ਼ਤ ਤੋਂ ਦਿੱਲੀ ਲਈ ਰਵਾਨਾ ਕੀਤਾ ਗਿਆ। ਇਹ ਨਗਰ ਕੀਰਤਨ ਦਿੱਲੀ ਫ਼ਤਹਿ ਦਿਵਸ ਤੋਂ ਇਲਾਵਾ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਦੇ 200 ਸਾਲਾ ਸ਼ਹੀਦੀ ਦਿਹਾੜੇ ਅਤੇ ਬਾਬਾ ਜੱਸਾ ਸਿੰਘ ਰਾਮਗੜ੍ਹੀਆ ਦੇ 300 ਸਾਲਾ ਜਨਮ ਦਿਹਾੜੇ ਨੂੰ ਸਮਰਪਿਤ ਹੈ।

ਸਵੇਰੇ ਵੇਲੇ ਅਕਾਲ ਤਖ਼ਤ ’ਤੇ ਅਰਦਾਸ ਕੀਤੀ ਗਈ ਜਿਸ ਮਗਰੋਂ ਪੰਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਰਵਾਨਾ ਕੀਤਾ ਗਿਆ। ਇਸ ਮੌਕੇ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨੂੰ ਸੁੰਦਰ ਪਾਲਕੀ ਵਿੱਚ ਸਜਾਇਆ ਗਿਆ ਸੀ। ਨਗਰ ਕੀਰਤਨ ਵਿੱਚ ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਹੋਰ ਆਗੂਆਂ ਸਮੇਤ ਨਿਹੰਗ ਸਿੰਘ ਜਥੇਬੰਦੀਆਂ, ਸੰਤ ਮਹਾਪੁਰਖ, ਸ਼੍ਰੋਮਣੀ ਕਮੇਟੀ ਦੇ ਪ੍ਰਤੀਨਿਧ ਅਤੇ ਹੋਰ ਪ੍ਰਮੁੱਖ ਜਥੇਬੰਦੀਆਂ ਦੇ ਨੁਮਾਇੰਦੇ ਸ਼ਾਮਲ ਸਨ। ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਗਤਕੇ ਦੇ ਜੌਹਰ ਦਿਖਾਏ ਗਏ। ਨਗਰ ਕੀਰਤਨ ਵਿੱਚ ਗੁਰੂ ਸਾਹਿਬਾਨ ਅਤੇ ਸਿੱਖ ਜਰਨੈਲਾਂ ਨਾਲ ਸਬੰਧਤ ਪਵਿੱਤਰ ਵਸਤਾਂ ਅਤੇ ਸ਼ਸਤਰ ਵੀ ਸੰਗਤ ਦੇ ਦਰਸ਼ਨ ਵਾਸਤੇ ਰੱਖੇ ਗਏ ਸਨ । ਇਸ ਮੌਕੇ ਦਿੱਲੀ ਕਮੇਟੀ ਦੇ ਪ੍ਰਧਾਨ ਨੇ ਦੱਸਿਆ ਕਿ ਇਹ ਨਗਰ ਕੀਰਤਨ ਅੱਜ ਜਲੰਧਰ, ਲੁਧਿਆਣਾ, ਖੰਨਾ ਤੇ ਰਾਜਪੁਰਾ ਤੋਂ ਹੁੰਦਾ ਹੋਇਆ ਅੰਬਾਲਾ ਦਾਖਲ ਹੋਵੇਗਾ ਤੇ ਰਾਤ ਵੇਲੇ ਵਿਸ਼ਰਾਮ ਕਰੇਗਾ। 7 ਅਪਰੈਲ ਨੂੰ ਹਰਿਆਣਾ ’ਚੋਂ ਆਰੰਭ ਹੋ ਕੇ ਦਿੱਲੀ ਵਿੱਚ ਦਾਖਲ ਹੋਵੇਗਾ ਤੇ ਗੁਰਦੁਆਰਾ ਮਜਨੂੰ ਕਾ ਟਿੱਲਾ ਪੁੱਜ ਕੇ ਸਮਾਪਤ ਹੋਵੇਗਾ। ਉਨ੍ਹਾਂ ਦੱਸਿਆ ਕਿ ਦਿੱਲੀ ਫਤਹਿ ਦਿਵਸ ਦੇ ਸਬੰਧ ਵਿਚ 8 ਅਤੇ 9 ਅਪਰੈਲ ਨੂੰ ਮੁੱਖ ਸਮਾਗਮ ਦਿੱਲੀ ਵਿੱਚ ਲਾਲ ਕਿਲੇ ’ਤੇ ਹੋਵੇਗਾ।