ਦਿੱਲੀ ਫਤਹਿ ਦਿਵਸ: ਲਾਲ ਕਿਲ੍ਹੇ ’ਤੇ ਜਰਨੈਲੀ ਮਾਰਚ

ਦਿੱਲੀ ਫਤਹਿ ਦਿਵਸ: ਲਾਲ ਕਿਲ੍ਹੇ ’ਤੇ ਜਰਨੈਲੀ ਮਾਰਚ

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਲਾਲ ਕਿਲ੍ਹੇ ’ਤੇ ਦਿੱਲੀ ਫਤਹਿ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ
ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 1783 ਵਿਚ ਦਿੱਲੀ ’ਤੇ ਸਿੱਖ ਜਰਨੈਲਾਂ ਬਾਬਾ ਬਘੇਲ ਸਿੰਘ, ਬਾਬਾ ਜੱਸਾ ਸਿੰਘ ਰਾਮਗੜ੍ਹੀਆ ਤੇ ਬਾਬਾ ਜੱਸਾ ਸਿੰਘ ਆਹਲੂਵਾਲੀਆ ਦੀ ਜਿੱਤ ਦਾ ਜਸ਼ਨ ਦਿੱਲੀ ਫਤਹਿ ਦਿਵਸ ਦੇ ਰੂਪ ਵਿੱਚ ਲਾਲ ਕਿਲ੍ਹੇ ’ਤੇ ਮਨਾਇਆ ਗਿਆ। ਇਸ ਦੌਰਾਨ ਅੱਜ ਬਾਬਾ ਬਲਬੀਰ ਸਿੰਘ ਬੁੱਢਾ ਦਲ ਵਾਲਿਆਂ ਅਤੇ ਹੋਰ ਨਿਹੰਗ ਸਿੰਘ ਜਥੇਬੰਦੀਆਂ, ਸਿੱਖ ਸੰਪਰਦਾਵਾਂ ਤੇ ਸਿੱਖ ਸੰਸਥਾਵਾਂ ਦੇ ਮੈਂਬਰਾਂ ਵੱਲੋਂ ਮੋਰੀ ਪੁਲ ਤੋਂ ਲਾਲ ਕਿਲ੍ਹੇ ਤੱਕ ਜਰਨੈਲੀ ਮਾਰਚ ਸਜਾਇਆ ਗਿਆ। ਇਸ ਮਾਰਚ ਵਿਚ ਘੋੜੇ ਅਤੇ ਹਾਥੀਆਂ ’ਤੇ ਸਵਾਰ ਸਿੱਖ ਫੌਜਾਂ ਸ਼ਸ਼ਤਰਾਂ ਸਣੇ ਸ਼ਾਮਲ ਹੋਈਆਂ। ਪੂਰੇ ਜਾਹੋ ਜਲਾਲ ਨਾਲ ਇਹ ਮਾਰਚ ਲਾਲ ਕਿਲ੍ਹੇ ’ਤੇ ਪਹੁੰਚਿਆ ਅਤੇ ਤਿੰਨਾਂ ਮਹਾਨ ਜਰਨੈਲਾਂ ਬਾਬਾ ਬਘੇਲ ਸਿੰਘ, ਬਾਬਾ ਜੱਸਾ ਸਿੰਘ ਰਾਮਗੜ੍ਹੀਆ ਤੇ ਬਾਬਾ ਜੱਸਾ ਸਿੰਘ ਆਹਲੂਵਾਲੀਆ ਵੱਲੋਂ ਦਿੱਲੀ ਫਤਹਿ ਕਰਨ ਦਾ ਦ੍ਰਿਸ਼ ਸਿਰਜਿਆ ਗਿਆ।

ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਦੀ ਅਗਵਾਈ ਹੇਠ ਪੰਥ ਰਤਨ ਬਾਬਾ ਬਲਬੀਰ ਸਿੰਘ ਮੁਖੀ ਪੰਥ ਅਕਾਲੀ ਦਲ ਬੁੱਢਾ ਦਲ 96 ਕਰੋੜੀ, ਬਾਬਾ ਕਸ਼ਮੀਰ ਸਿੰਘ ਭੂਰੀ ਵਾਲੇ, ਬਾਬਾ ਮਨਮੋਹਨ ਸਿੰਘ ਬਾਰਨ ਵਾਲੇ, ਬਾਬਾ ਮੇਜਰ ਸਿੰਘ ਸੋਢੀ ਸ਼੍ਰੋਮਣੀ ਦਸਮੇਸ਼ ਤਰਣਾ ਦਲ, ਬਾਬਾ ਬਲਦੇਵ ਸਿੰਘ ਵੱਲਾਹ ਵਾਲੇ, ਰਿਕੀ ਸਿੰਘ ਹਜ਼ੂਰ ਸਾਹਿਬ ਵਾਲੇ, ਬਾਬਾ ਸੁਰਿੰਦਰ ਸਿੰਘ ਤੇ ਬਾਬਾ ਸਤਨਾਮ ਸਿੰਘ, ਬਾਬਾ ਸੁਖਦੇਵ ਸਿੰਘ ਮੁੱਖ ਬੁਲਾਰੇ ਦਮਦਮੀ ਟਕਸਾਲ, ਬਾਬਾ ਗੁਰਪ੍ਰੀਤ ਸਿੰਘ ਖਡੂਰ ਸਾਹਿਬ ਵਾਲੇ, ਬਾਬਾ ਸੇਵਾ ਸਿੰਘ ਕਾਰ ਸੇਵਾ ਵਾਲੇ, ਬਾਬਾ ਲੱਖਾ ਸਿੰਘ ਨਾਨਕਸਰ ਵਾਲੇ, ਬਾਬਾ ਸੁਖਜੀਤ ਸਿੰਘ ਫਿਰੋਜ਼ਪੁਰ ਵਾਲੇ ਸਮੇਤ ਹੋਰ ਸ਼ਖਸੀਅਤਾਂ ਨੇ ਹਾਜ਼ਰੀਆਂ ਭਰੀਆਂ।

ਭਾਜਪਾ ਦੇ ਕੌਮੀ ਸਕੱਤਰ ਮਨਜਿੰਦਰ ਸਿੰਘ ਸਿਰਸਾ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭੁਪਿੰਦਰ ਸਿੰਘ ਅਸੰਧ, ਬਲਜੀਤ ਸਿੰਘ ਦਾਦੂਵਾਲ, ਇਕਬਾਲ ਸਿੰਘ ਲਾਲਪੁਰਾ ਨੇ ਵੀ ਹਾਜ਼ਰੀਆਂ ਭਰੀਆਂ। ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਸਿੱਖ ਕੌਮ ਦਾ ਇਤਿਹਾਸ ਗੁਰੂ ਸਾਹਿਬਾਨ ਵੱਲੋਂ ਦਿੱਤੀਆਂ ਮਹਾਨ ਸ਼ਹਾਦਤਾਂ ਦੇ ਨਾਲ-ਨਾਲ ਵੱਡੀਆਂ-ਵੱਡੀਆਂ ਜੰਗਾਂ ਵਿਚ ਫਤਹਿ ਨਾਲ ਭਰਿਆ ਹੈ। ਉਨ੍ਹਾਂ ਕਿਹਾ ਕਿ 1783 ਵਿਚ ਬਾਬਾ ਬਘੇਲ ਸਿੰਘ, ਬਾਬਾ ਜੱਸਾ ਸਿੰਘ ਰਾਮਗੜ੍ਹੀਆ ਤੇ ਬਾਬਾ ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਹੇਠ ਦਿੱਲੀ ਵਿਚ ਸ਼ਾਹ ਆਲਮ ਦੂਜੇ ਨੂੰ ਮਾਤ ਦਿੱਤੀ ਗਈ।