ਦਿੱਲੀ ਤੋਂ ਬਠਿੰਡਾ ਜੇਲ੍ਹ ਲਿਆਂਦਾ ਲਾਰੈਂਸ ਬਿਸ਼ਨੋਈ

ਦਿੱਲੀ ਤੋਂ ਬਠਿੰਡਾ ਜੇਲ੍ਹ ਲਿਆਂਦਾ ਲਾਰੈਂਸ ਬਿਸ਼ਨੋਈ

ਬਠਿੰਡਾ- ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਅੱਜ ਸਵੇਰੇ ਦਿੱਲੀ ਪੁਲੀਸ ਵਲੋਂ ਬਠਿੰਡਾ ਜੇਲ੍ਹ ਵਿਚ ਭੇਜਿਆ ਗਿਆ ਹੈ। ਪਤਾ ਲੱਗਾ ਹੈ ਕਿ ਭਾਰੀ ਸੁਰੱਖਿਆ ਹੇਠ ਇੱਕ ਬੱਸ ਰਾਹੀਂ ਲਾਰੈਂਸ ਨੂੰ ਇੱਥੇ ਕੇਂਦਰੀ ਜੇਲ੍ਹ ਬਠਿੰਡਾ ਲਿਆਂਦਾ ਗਿਆ। ਜੇਲ੍ਹ ਸੂਤਰਾਂ ਅਨੁਸਾਰ ਉਕਤ ਗੈਂਗਸਟਰ ਨੂੰ ਵੱਖਰੇ ਸੈੱਲ ਵਿੱਚ ਰੱਖਿਆ ਗਿਆ ਹੈ। ਬਿਸ਼ਨੋਈ ਦੇ ਵਕੀਲ ਵੱਲੋਂ ਇਸ ਗੈਂਗਸਟਰ ਨੂੰ ਵਿਰੋਧੀ ਧਿਰਾਂ ਤੋਂ ਜਾਨ ਦਾ ਖ਼ਤਰਾ ਹੋਣ ਬਾਰੇ ਅਦਾਲਤ ਵਿੱਚ ਅਰਜ਼ੀ ਦਾਇਰ ਕੀਤੀ ਗਈ ਸੀ। ਗੌਰਤਲਬ ਹੈ ਕਿ ਲਾਰੈਂਸ ਬਿਸ਼ਨੋਈ ਨੂੰ ਦਿੱਲੀ ਪੁਲੀਸ ਬਠਿੰਡਾ ਤੋਂ ਬੀਤੀ 17 ਅਪਰੈਲ ਨੂੰ ਇੱਕ ਮਾਮਲੇ ਵਿਚ ਪ੍ਰੋਡਕਸ਼ਨ ਵਾਰੰਟ ’ਤੇ ਲੈ ਕੇ ਗਈ ਸੀ ਜਿਸ ਤੋਂ ਬਾਅਦ ਉਸ ਨੂੰ ਗੁਜਰਾਤ ਪੁਲੀਸ ਰਿਮਾਂਡ ’ਤੇ ਲੈ ਗਈ ਸੀ। ਇਸ ਮਗਰੋਂ ਲਾਰੈਂਸ ਨੂੰ ਰਿਮਾਂਡ ਖਤਮ ਹੋਣ ਤੋਂ ਬਾਅਦ ਤਿਹਾੜ ਜੇਲ੍ਹ ਭੇਜਿਆ ਗਿਆ ਸੀ ਪਰ ਉਸ ਵਲੋਂ ਅਦਾਲਤ ਵਿਚ ਇਸ ਜੇਲ੍ਹ ’ਚ ਆਪਣੀ ਜਾਨ ਨੂੰ ਖ਼ਤਰਾ ਹੋਣ ਦਾ ਦਾਅਵਾ ਕਰਦਿਆਂ ਬਠਿੰਡਾ ਜੇਲ੍ਹ ਵਿਚ ਭੇਜਣ ਦੀ ਮੰਗ ਕੀਤੀ ਗਈ ਸੀ। ਦੱਸਣਾ ਬਣਦਾ ਹੈ ਕਿ ਪਿਛਲੇ ਸਾਲ 29 ਮਈ ਨੂੰ ਸਿੱਧੂ ਮੂਸੇਵਾਲਾ ਦੀ ਹੱਤਿਆ ਤੋਂ ਬਾਅਦ ਲਾਰੈਂਸ ਦਾ ਨਾਮ ਸਾਹਮਣੇ ਆਇਆ ਸੀ। ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਪੁੱਛਗਿਛ ਖ਼ਤਮ ਹੋਣ ਤੋਂ ਬਾਅਦ ਕਰੀਬ ਇੱਕ ਦਰਜਨ ਜ਼ਿਲ੍ਹਿਆਂ ਦੀ ਪੁਲੀਸ ਨੇ ਲਾਰੈਂਸ ’ਤੇ ਦਰਜ ਪੁਰਾਣੇ ਮਾਮਲਿਆਂ ਵਿਚ ਉਸ ਦਾ ਰਿਮਾਂਡ ਹਾਸਲ ਕੀਤਾ ਸੀ। ਇਹ ਵੀ ਦੱਸਣਾ ਬਣਦਾ ਹੈ ਕਿ ਲਾਰੈਂਸ ਵੱਲੋਂ ਬਠਿੰਡਾ ਜੇਲ੍ਹ ਵਿੱਚੋਂ ਇੱਕ ਚੈਨਲ ਨੂੰ ਦਿੱਤੀ ਇੰਟਰਵਿਊ ਕਾਰਨ ਵਿਵਾਦ ਖੜ੍ਹਾ ਹੋ ਗਿਆ ਸੀ। ਅਦਾਲਤ ਵੱਲੋਂ ਕਿਹਾ ਗਿਆ ਹੈ ਕਿ ਬਿਸ਼ਨੋਈ ਨੂੰ ਪੰਜਾਬ ਵਿੱਚ ਚਲਦੇ ਕੇਸਾਂ ਦੇ ਨਿਪਟਾਰੇ ਤੱਕ ਸੂਬੇ ਵਿੱਚ ਰੱਖਿਆ ਜਾਵੇਗਾ।