ਦਿੱਲੀ ’ਚ ਸੰਯੁਕਤ ਕਿਸਾਨ ਮੋਰਚੇ ਦੀ ਮਹਾਂਪੰਚਾਇਤ ਸ਼ੁਰੂ

ਦਿੱਲੀ ’ਚ ਸੰਯੁਕਤ ਕਿਸਾਨ ਮੋਰਚੇ ਦੀ ਮਹਾਂਪੰਚਾਇਤ ਸ਼ੁਰੂ

ਸ਼ੁਭਕਰਨ ਸਿੰਘ ਬੱਲ੍ਹੋ ਦੀਆਂ ਅਸਥੀਆਂ ਦੀ ਦੇਸ਼ ਵਿਆਪੀ ‘ਕਲਸ਼ ਯਾਤਰਾ’ ਕੱਢਣ ਦਾ ਫੈਸਲਾ; 16 ਮਾਰਚ ਤੋਂ ਸ਼ੁਰੂ ਹੋਵੇਗੀ ਯਾਤਰਾ
ਨਵੀਂ ਦਿੱਲੀ : ਸੰਯੁਕਤ ਕਿਸਾਨ ਮੋਰਚੇ ਦੀ ਕਿਸਾਨਾਂ ਦੀਆਂ ਮੰਗਾਂ ਨੂੰ ਕੇਂਦਰ ਸਰਕਾਰ ਤੋਂ ਮਨਵਾਉਣ ਲਈ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਮਹਾਪੰਚਾਇਤ ਸ਼ੁਰੂ ਹੋ ਗਈ ਹੈ ਤੇ ਦੇਸ਼ ਦੇ ਵੱਖ ਵੱਖ ਇਲਾਕਿਆਂ ਤੋਂ ਕਿਸਾਨ ਇਕੱਠੇ ਹੋਏ ਹਨ। ਦਿੱਲੀ ਪੁਲੀਸ ਵੱਲੋਂ ਰਾਮ ਲੀਲਾ ਮੈਦਾਨ ਨੂੰ ਜਾਂਦੇ ਰਾਹਾਂ ਦੀ ਆਵਾਜਾਈ ਦਾ ਰੁਖ਼ ਮੋੜਨ ਕਾਰਨ ਦਿੱਲੀ ਦੇ ਕੇਂਦਰੀ ਹਿੱਸਿਆਂ ਵਿੱਚ ਟ?ਰੈਫਿਕ ਜਾਮ ਕਈ ਥਾਵਾਂ ਉਪਰ ਲੱਗ ਗਿਆ। ਦਿੱਲੀ ਪੁਲੀਸ ਵੱਲੋਂ ਸਖ਼ਤ ਚੌਕਸੀ ਵਰਤੀ ਜਾ ਰਹੀ ਸੀ। ਪੰਜਾਬ ਤੋਂ ਕਿਸਾਨਾਂ ਦੀ ਗਿਣਤੀ ਵੱਧ ਨਜ਼ਰ ਆ ਰਹੀ ਹੈ। ਸੰਯੁਕਤ ਕਿਸਾਨ ਮੋਰਚੇ ਦੇ ਮੁੱਖ ਆਗੂ ਮੈਦਾਨ ਵਿੱਚ ਪਹੁੰਚ ਚੁੱਕੇ ਹਨ। ਸੰਚਾਲਨ ਕਮੇਟੀ ਬਲਦੇਵ ਸਿੰਘ ਨਿਹਾਲਗੜ੍ਹ, ਰਮਿੰਦਰ ਸਿੰਘ ਪਟਿਆਲਾ, ਪ੍ਰੇਮ ਸਿੰਘ ਗਹਿਲਾਵਤ ਅਤੇ ਹੋਰ ਆਗੂ ਸਟੇਜ ਉਪਰ ਹਾਜ਼ਰ ਹਨ।
ਕਿਸਾਨ ਅੰਦੋਲਨ ਦੀ ਅਗਵਾਈ ਕਰ ਰਹੇ ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਨੇ ਸੰਘਰਸ਼ ਦਾ ਇਕ ਮਹੀਨਾ ਪੂਰਾ ਹੋਣ ’ਤੇ ਅੱਜ ਕਿਸਾਨ ਸ਼ੁਭਕਰਨ ਸਿੰਘ ਬੱਲ੍ਹੋ ਦੀਆਂ ਅਸਥੀਆਂ ਦੀ ਦੇਸ਼ ਵਿਆਪੀ ‘ਕਲਸ਼ ਯਾਤਰਾ’ ਕੱਢਣ ਦਾ ਫੈਸਲਾ ਲਿਆ ਹੈ। ਇਸ ਯਾਤਰਾ ਦਾ ਆਗਾਜ਼ 16 ਮਾਰਚ ਨੂੰ ਬਾਰਡਰਾਂ ਤੋਂ ਕੀਤਾ ਜਾਵੇਗਾ ਜੋ ਸਭ ਤੋਂ ਪਹਿਲਾਂ ਹਰਿਆਣਾ ਵਿੱਚ ਦਾਖ਼ਲ ਹੋਵੇਗੀ। ਇਸ ਦੌਰਾਨ ਕਿਸਾਨਾਂ ਨੇ ਹਰਿਆਣਾ ਵਿਚ ਦੋ ਵੱਡੇ ਇਕੱਠ ਕਰਨ ਦਾ ਐਲਾਨ ਕੀਤਾ ਹੈ। ਪਹਿਲਾ ਇਕੱਠ 22 ਮਾਰਚ ਨੂੰ ਹਿਸਾਰ ਨੇੜੇ ਪਿਊਮਾਜਰਾ ਅਤੇ ਦੂਜਾ 31 ਮਾਰਚ ਨੂੰ ਅੰਬਾਲਾ ਨੇੜੇ ਪਿੰਡ ਮੌੜਾ ਵਿੱਚ ਹੋਵੇਗਾ। ਅਸਲ ਵਿਚ ਇਹ ਇਕੱਠ ਮਹਾਪੰਚਾਇਤਾਂ ਦੇ ਰੂਪ ’ਚ ਵੱਡੇ ਸ਼ਰਧਾਂਜਲੀ ਸਮਾਗਮ ਹੋਣਗੇ। ਜਾਣਕਾਰੀ ਅਨੁਸਾਰ ਭਾਜਪਾ ਨੇ ਹਰਿਆਣਾ ਵਿਚ ਹਾਲ ਹੀ ਵਿੱਚ ਵਜ਼ਾਰਤੀ ਫੇਰਬਦਲ ਕੀਤਾ ਹੈ ਤਾਂ ਜੋ ਲੋਕਾਂ ਦਾ ਧਿਆਨ ਸਾਰੇ ਮੁੱਦਿਆਂ ਤੋਂ ਹਟਾ ਕੇ ਚੋਣਾਂ ਜਿੱਤੀਆਂ ਜਾ ਸਕਣ ਪਰ ਹੁਣ ਦੇਖਣਾ ਹੋਵੇਗਾ ਕਿ ਲੋਕਾਂ ’ਤੇ ਕਿਸਾਨ ਆਪਣਾ ਪ੍ਰਭਾਵ ਛੱਡਣ ਵਿਚ ਕਾਮਯਾਬ ਹੁੰਦੇ ਹਨ ਜਾਂ ਹਰਿਆਣਾ ਦੇ ਨਵੇਂ ਮੁੱਖ ਮੰਤਰੀ।
ਇਹ ਐਲਾਨ ਅੱਜ ਸ਼ੰਭੂ ਬਾਰਡਰ ’ਤੇ ਪ੍ਰੈੱਸ ਕਾਨਫਰੰਸ ਦੌਰਾਨ ਕਿਸਾਨ ਆਗੂ ਸਰਵਣ ਸਿੰਘ ਪੰਧੇਰ, ਜਗਜੀਤ ਸਿੰਘ ਡੱਲੇਵਾਲ, ਮਨਜੀਤ ਸਿੰਘ ਘਮਾਣਾ, ਅਭਿਮਨਿਊ ਕੋਹਾੜ, ਨਿਰਮਲ ਸਿੰਘ ਮੋੜ੍ਹੀ ਨੇ ਕੀਤਾ। ਇਸ ਦੌਰਾਨ ਜਸਵਿੰਦਰ ਲੌਂਗੋਵਾਲ, ਬਲਦੇਵ ਸਿਰਸਾ, ਲਖਵਿੰਦਰ ਔਲਖ, ਮਲਕੀਤ ਸਿੰਘ ਅਤੇ ਮਨਜੀਤ ਨਿਆਲ ਵੀ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਪੰਚਕੂਲਾ, ਯਮੁਨਾਨਗਰ, ਕੁਰੂਕਸ਼ੇਤਰ, ਹਿਸਾਰ, ਕਰਨਾਲ, ਕੈਥਲ ਅਤੇ ਅੰਬਾਲਾ ਦੇ ਪਿੰਡਾਂ ਵਿਚ ਦੋ-ਦੋ ਦਿਨ ਘੁੰਮਦੀ ਹੋਈ ਇਹ ਯਾਤਰਾ ਆਪਣੀਆਂ ਮੰਗਾਂ ਅਤੇ ਹਕੂਮਤ ਵੱਲੋਂ ਢਾਹੇ ਗਏ ਤਸ਼ੱਦਦ ਸਬੰਧੀ ਜਾਣੂ ਕਰਵਾਉਂਦਿਆਂ ਲੋਕਾਂ ਨੂੰ ਅੰਦੋਲਨ ਪ੍ਰਤੀ ਲਾਮਬੰਦ ਵੀ ਕਰੇਗੀ। ਯਾਤਰਾ ’ਚ ਸ਼ਾਮਲ ਰਹਿਣ ਵਾਲੇ ਕਿਸਾਨਾਂ ਨੇ ਆਪਣੀਆਂ ਮੰਗਾਂ ਅਤੇ ਸ਼ੁਭਕਰਨ ਨੂੰ ਮੌਤ ਲਈ ਜ਼ਿੰਮੇਵਾਰ ਲੋਕਾਂ ਸਬੰਧੀ ਸਵਾਲਾਂ ’ਤੇ ਆਧਾਰਤ ਤਖ਼ਤੀਆਂ ਫੜੀਆਂ ਹੋਣਗੀਆਂ।
ਸਰਵਣ ਪੰਧੇਰ ਨੇ ਦੱਸਿਆ ਕਿ ਇਸ ਸੰਘਰਸ਼ ਦੀ ਅਗਵਾਈ ਕਰ ਰਹੀਆਂ ਦੋਵੇਂ ਫੋਰਮਾਂ ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਤੇ ਕਿਸਾਨ ਮਜ਼ਦੂਰ ਮੋਰਚਾ ਦੇ ਪ੍ਰਮੁੱਖ ਆਗੂਆਂ ਦਾ ਇੱਕ ਵਫ਼ਦ 15 ਮਾਰਚ ਨੂੰ ਬੱੱਲ੍ਹੋ ਪਿੰਡ ਜਾ ਕੇ ਸ਼ੁਭਕਰਨ ਸਿੰਘ ਦੀਆਂ ਅਸਥੀਆਂ ਦੇ 21 ਕਲਸ਼ ਲੈ ਕੇ ਸ਼ੰਭੂ ਅਤੇ ਢਾਬੀਗੁੱਜਰਾਂ ਬਾਰਡਰ ’ਤੇ ਪੁੱਜੇਗਾ। ਇਸ ਮਗਰੋਂ 16 ਮਾਰਚ ਨੂੰ ਇਨ੍ਹਾਂ ਦੋਵਾਂ ਬਾਰਡਰਾਂ ਤੋਂ ਹੀ ਰਸਮੀ ਤੌਰ ’ਤੇ ਕਲਸ਼ ਯਾਤਰਾ ਹਰਿਆਣਾ ਲਈ ਰਵਾਨਾ ਹੋਵੇਗੀ। ਜ਼ਿਕਰੋਯਗ ਹੈ ਕਿ ਬਠਿੰਡਾ ਦੇ ਪਿੰਡ ਬੱਲ੍ਹੋ ਦੇ 22 ਸਾਲਾ ਕਿਸਾਨ ਸ਼ੁਭਕਰਨ ਸਿੰਘ ਦੀ 21 ਫਰਵਰੀ ਨੂੰ ਢਾਬੀਗੁੱਜਰਾਂ ਬਾਰਡਰ ’ਤੇ ਸਿਰ ’ਚ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ।