ਦਿੱਲੀ ’ਚ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਦਰਸਾਉਂਦੇ ਪੋਸਟਰ ਲਾਏ

ਦਿੱਲੀ ’ਚ ਮੋਦੀ ਸਰਕਾਰ ਦੀਆਂ ਪ੍ਰਾਪਤੀਆਂ ਦਰਸਾਉਂਦੇ ਪੋਸਟਰ ਲਾਏ

ਨਵੀਂ ਦਿੱਲੀ- ਭਾਜਪਾ ਕਾਰਕੁਨਾਂ ਨੇ ਅੱਜ ਦਿੱਲੀ ਦੇ ਕਈ ਚੌਕਾਂ ਵਿੱਚ ਮੋਦੀ ਸਰਕਾਰ ਦੇ 9 ਸਾਲਾਂ ਦੇ ਕਾਰਜਾਂ ਨੂੰ ਦਰਸਾਉਂਦੇ ਪੋਸਟਰ ਦਿਖਾਏ ਗਏ। ਇਸ ਦੌਰਾਨ ਭਾਜਪਾ ਕਾਰਕੁਨ ਮੋਦੀ ਸਰਕਾਰ ਦੇ 9 ਸਾਲ ਪੂਰੇ ਹੋਣ ਦੇ ਮੱਦੇਨਜ਼ਰ ਵੱਖ-ਵੱਖ ਚੌਕਾਂ ਅਤੇ ਨੁੱਕਰਾਂ ’ਚ ਪੋਸਟਰ ਲੈ ਕੇ ਖੜ੍ਹੇ ਸਨ। ਲੁਟਿਅਨਸ ਜ਼ੋਨ ਦੀਆਂ ਕਈ ਸੜਕਾਂ ਅਤੇ ਸੰਸਦ ਭਵਨ ਇਲਾਕੇ ਵਿੱਚ ਭਾਜਪਾ ਕਾਰਕੁਨਾਂ ਨੇ ਪਾਰਟੀ ਦੀਆਂ ਪ੍ਰਾਪਤੀਆਂ ਨੂੰ ਉਭਾਰਿਆ। ਪੋਸਟਰਾਂ ’ਤੇ ਨਵੇਂ ਸੰਸਦ ਭਵਨ ਦੇ ਉਦਘਾਟਨ, ਨਵੀਂਆਂ ਸੜਕਾਂ ਦੇ ਨਿਰਮਾਣ, ਪ੍ਰਗਤੀ ਮੈਦਾਨ ਦੀ ਸੁਰੰਗ, ਕਰਤਵਿਆ ਪੱਥ, ਤੀਨ ਮੂਰਤੀ ਭਵਨ ਵਿੱਚ ਪ੍ਰਧਾਨ ਮੰਤਰੀ ਅਜਾਇਬ ਘਰ ਬਣਾਉਣ ਸਮੇਤ ਹੋਰ ਪ੍ਰਾਜੈਕਟਾਂ ਦੀਆਂ ਤਸਵੀਰਾਂ ਪ੍ਰਧਾਨ ਮੰਤਰੀ ਦੀ ਤਸਵੀਰ ਨਾਲ ਛਾਪੀਆਂ ਗਈਆਂ ਸਨ। ਦਿੱਲੀ ਪ੍ਰਦੇਸ਼ ਭਾਜਪਾ ਵੱਲੋਂ ਇਹ ਵੱਖਰੀ ਕਿਸਮ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਇਨ੍ਹਾਂ ਪੋਸਟਰਾਂ ਵਿੱਚ ਪੂਰਬੀ ਪੇਰੀਫੇਰੀਅਲ ਐਕਸਪ੍ਰੈਸਵੇਅ, ਕੌਮੀ ਮਾਰਗ-24 ਤੇ ਦੁਆਰਕਾ ਦੇ ਨਿਰਮਾਣ ਦਾ ਸਿਹਰਾ ਵੀ ਮੋਦੀ ਸਰਕਾਰ ਸਿਰ ਬੰਨ੍ਹਣ ਦੀ ਕੋਸ਼ਿਸ਼ ਕੀਤੀ ਗਈ। ਜ਼ਿਕਰਯੋਗ ਹੈ ਕਿ ਵਿਰੋਧੀ ਪਾਰਟੀਆਂ ਦੇ ਆਗੂ ਨਿੱਤ ਦਿਨ ਭਾਜਪਾ ਸਰਕਾਰ ਨੂੰ ਭੰਡ ਰਹੇ ਹਨ, ਇਸੇ ਦੇ ਜਵਾਬ ਵਿੱਚ ਭਾਜਪਾ ਕਾਰਕੁਨਾਂ ਵੱਲੋਂ ਇਨ੍ਹਾਂ ਪੋਸਟਰਾਂ ’ਤੇ ਮੋਦੀ ਸਰਕਾਰ ਦੇ ਕੰਮਾਂ ਦਾ ਜ਼ਿਕਰ ਕੀਤਾ ਗਿਆ ਹੈ। ਇਸ ਦੌਰਾਨ ਸੂਬਾ ਪ੍ਰਧਾਨ ਵਰਿੰਦਰ ਸਚਦੇਵਾ ਨੇ ਯੂਥ ਆਗੂਆਂ ਨੂੰ ਵੱਖ-ਵੱਖ 18 ਥਾਵਾਂ ’ਤੇ ਸਵੇਰੇ 3 ਘੰਟੇ ਤੇ ਸ਼ਾਮ ਨੂੰ ਚਾਰ ਘੰਟੇ ਪੋਸਟਰ ਮੁਹਿੰਮ ਵਿੱਚ ਸ਼ਾਮਲ ਹੋਣ ਲਈ ਕਿਹਾ। ਭਾਜਪਾ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਦੇ 9 ਸਾਲ ਪੂਰੇ ਹੋਣ ਕਰਕੇ ਲੋਕਾਂ ਨੂੰ ਪ੍ਰਾਜੈਕਟਾਂ ਬਾਰੇ ਇਨ੍ਹਾਂ ਪੋਸਟਰਾਂ ਰਾਹੀਂ ਜਾਗਰੂਕ ਕੀਤਾ ਜਾ ਰਿਹਾ ਹੈ।