ਦਿੱਲੀ ’ਚੋਂ ਪਾਣੀ ਕੱਢਣ ਲਈ ਟੀਮਾਂ ਜੁਟੀਆਂ

ਦਿੱਲੀ ’ਚੋਂ ਪਾਣੀ ਕੱਢਣ ਲਈ ਟੀਮਾਂ ਜੁਟੀਆਂ

ਕੌਮੀ ਰਾਜਧਾਨੀ ਵਿੱਚ 26000 ਤੋਂ ਵੱਧ ਲੋਕ ਹੜ੍ਹ ਕਾਰਨ ਪ੍ਰਭਾਵਿਤ; 44 ਰਾਹਤ ਕੈਂਪਾਂ ’ਚ ਰਹਿ ਰਹੇ ਨੇ ਪੀੜਤ ਲੋਕ
ਨਵੀਂ ਦਿੱਲੀ- ਦਿੱਲੀ ਵਿੱਚੋਂ ਲੰਘਦੀ ਯਮੁਨਾ ਦੇ 22 ਕਿਲੋਮੀਟਰ ਦੇ ਇਲਾਕੇ ਵਿੱਚ ਬੰਨ੍ਹ ਤੋੜ ਕੇ ਆਬਾਦੀ ਵਾਲੇ ਖੇਤਰਾਂ ਵਿੱਚ ਦਾਖ਼ਲ ਹੋਏ ਪਾਣੀ ਕਾਰਨ 26000 ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ। ਦਿੱਲੀ ਸਰਕਾਰ ਨੇ ਪ੍ਰਭਾਵਿਤ ਲੋਕਾਂ ਵਿੱਚੋਂ 21 ਹਜ਼ਾਰ ਤੋਂ ਵੱਧ ਨੂੰ ਵੱਖ-ਵੱਖ 44 ਕੈਂਪਾਂ ਵਿੱਚ ਰੱਖਿਆ ਹੈ ਤੇ ਕਰੀਬ 5 ਹਜ਼ਾਰ ਲੋਕਾਂ ਨੇ ਆਪਣੇ ਕਰੀਬੀਆਂ ਤੇ ਰਿਸ਼ਤੇਦਾਰਾਂ ਕੋਲ ਰਹਿਣ ਨੂੰ ਤਰਜੀਹ ਦਿੱਤੀ।
ਦਿੱਲੀ ਸਰਕਾਰ ਵੱਲੋਂ ਪ੍ਰਭਾਵਿਤ ਲੋਕਾਂ ਦੀ ਜ਼ਿੰਦਗੀ ਮੁੜ ਪੱਟੜੀ ਉਪਰ ਲਿਆਉਣ ਲਈ ਜੱਦੋ-ਜਹਿਦ ਕੀਤੀ ਜਾ ਰਹੀ ਹੈ। ਦਿੱਲੀ ਸਰਕਾਰ ਦੀਆਂ ਵੱਖ-ਵੱਖ ਏਜੰਸੀਆਂ ਯਮੁਨਾ ਹੜ੍ਹ ਕਾਰਨ ਰਾਜਘਾਟ-ਸ਼ਾਂਤੀ ਵੈਨ, ਆਈਟੀਓ ਅਤੇ ਰਿੰਗ ਰੋਡ ’ਤੇ ਭਰੇ ਪਾਣੀ ਨੂੰ ਕੱਢਣ ਲਈ ਜੰਗੀ ਪੱਧਰ ’ਤੇ ਕੰਮ ਕਰ ਰਹੀਆਂ ਹਨ। ਉਥੇ ਹੀ ਲੋਕ ਨਿਰਮਾਣ ਮੰਤਰੀ ਆਤਿਸ਼ੀ ਨੇ ਅੱਜ ਇੱਥੇ ਚੱਲ ਰਹੇ ਨਿਕਾਸੀ ਦੇ ਕੰਮ ਦਾ ਨਿਰੀਖਣ ਕੀਤਾ। ਆਤਿਸ਼ੀ ਨੇ ਕਿਹਾ ਕਿ ਰਾਜ ਘਾਟ ਅਤੇ ਇੱਥੇ ਮੌਜੂਦ ਹੋਰ ਸਾਰੇ ਸਮਾਰਕਾਂ ’ਚ ਹੜ੍ਹ ਆਉਣ ਤੋਂ ਬਾਅਦ ਪਾਣੀ ਭਰਨ ਦੀ ਸਮੱਸਿਆ ਸਾਹਮਣੇ ਆਈ ਹੈ। ਉਨ੍ਹਾਂ ਦੱਸਿਆ ਕਿ ਹੜ੍ਹ ਕਾਰਨ ਕਰੀਬ 250 ਏਕੜ ਵਿੱਚ ਪਾਣੀ ਰੁਕ ਗਿਆ ਹੈ। ਉਨ੍ਹਾਂ ਕਿਹਾ ਕਿ ਰਾਜਘਾਟ ਰਾਸ਼ਟਰੀ ਮਹੱਤਵ ਵਾਲਾ ਸਮਾਰਕ ਹੈ ਅਤੇ ਇੱਥੇ ਦੁਨੀਆ ਭਰ ਤੋਂ ਲੋਕ ਆਉਂਦੇ ਹਨ। ਅਜਿਹੇ ’ਚ ਕੇਂਦਰ ਤੇ ਦਿੱਲੀ ਸਰਕਾਰ ਦੀਆਂ ਸਾਰੀਆਂ ਏਜੰਸੀਆਂ ਇਸ ਪੂਰੇ ਕੰਪਲੈਕਸ ’ਚੋਂ ਭਰੇ ਹੜ੍ਹ ਦੇ ਪਾਣੀ ਨੂੰ ਕੱਢਣ ਲਈ ਮਿਲ ਕੇ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੂਰੇ ਕੈਂਪਸ ਵਿੱਚ ਅਜੇ ਵੀ ਕਾਫੀ ਪਾਣੀ ਖੜ੍ਹਾ ਹੈ ਪਰ ਜਲਦੀ ਹੀ ਇਹ ਸਮੱਸਿਆ ਦੂਰ ਹੋ ਜਾਵੇਗੀ। ਆਈਟੀਓ ਫਲਾਈਓਵਰ ਨੇੜੇ ਹੜ੍ਹਾਂ ਕਾਰਨ ਪਾਣੀ ਭਰਨ ਦੀ ਸਥਿਤੀ ਲਗਭਗ ਖਤਮ ਹੋ ਗਈ ਹੈ ਅਤੇ ਸੜਕ ਨੂੰ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ ਹੈ। ਪ੍ਰੈਸ਼ਰ ਪਾਈਪਾਂ ਰਾਹੀਂ ਸੜਕਾਂ ਦੀ ਸਫ਼ਾਈ ਕੀਤੀ ਜਾ ਰਹੀ ਹੈ। ਪੀਡਬਲਯੂਡੀ ਮੰਤਰੀ ਨੇ ਰਾਜਘਾਟ ਤੋਂ ਸ਼ਾਂਤੀਵਨ ਤੱਕ ਸੜਕ ਦਾ ਮੁਆਇਨਾ ਵੀ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਸੜਕ ਦੇ ਸਾਰੇ ਟੋਇਆਂ ’ਚੋਂ ਪਾਣੀ ਕੱਢਣ ਅਤੇ ਸੜਕ ਦੀ ਸਫਾਈ ਦਾ ਕੰਮ ਜਲਦੀ ਤੋਂ ਜਲਦੀ ਪੂਰਾ ਕੀਤਾ ਜਾਵੇ।