ਦਿੱਲੀ: ਕਾਰ-ਸਕੂਟੀ ਹਾਦਸੇ ਦੀ ਜਾਂਚ ਲਈ ਟੀਮ ਬਣਾਈ

ਦਿੱਲੀ: ਕਾਰ-ਸਕੂਟੀ ਹਾਦਸੇ ਦੀ ਜਾਂਚ ਲਈ ਟੀਮ ਬਣਾਈ

ਕਾਰ ਸਵਾਰ ਪੰਜ ਮੁਲਜ਼ਮ ਤਿੰਨ ਦਿਨ ਦੇ ਰਿਮਾਂਡ ’ਤੇ ਭੇਜੇ, ਗੈਰਇਰਾਦਤਨ ਕਤਲ ਸਮੇਤ ਹੋਰ ਸਖ਼ਤ ਧਾਰਾਵਾਂ ਆਇਦ
ਨਵੀਂ ਦਿੱਲੀ-ਦਿੱਲੀ ’ਚ ਬੀਤੇ ਦਿਨ ਸਕੂਟੀ ਸਵਾਰ 20 ਸਾਲਾ ਲੜਕੀ ਦੀ ਕਾਰ ਹੇਠਾਂ ਦਰੜੇ ਜਾਣ ਕਾਰਨ ਹੋਈ ਮੌਤ ਦੇ ਮਾਮਲੇ ’ਚ ਅੱਜ ਪੁਲੀਸ ਨੇ ਹਿਰਾਸਤ ’ਚ ਲਏ ਪੰਜ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕੀਤਾ ਜਿੱਥੋਂ ਉਨ੍ਹਾਂ ਨੂੰ 3 ਰੋਜ਼ਾ ਪੁਲੀਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ। ਪੁਲੀਸ ਨੇ ਮਾਮਲੇ ਦੀ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਦਿੱਲੀ ਪੁਲੀਸ ਮੁਤਾਬਕ ਮੁਲਜ਼ਮਾਂ ਦੀ ਪਛਾਣ ਦੀਪਕ ਖੰਨਾ, ਅਮਿਤ ਖੰਨਾ, ਕ੍ਰਿਸ਼ਨਾ, ਮਿੱਠੂ ਤੇ ਮਨੋਜ ਮਿੱਤਲ ਵੱਜੋਂ ਹੋਈ ਹੈ ਤੇ ਮੁਲਜ਼ਮਾਂ ਖ਼ਿਲਾਫ਼ ਗੈਰ-ਇਰਾਦਤਨ ਕਤਲ ਸਮੇਤ ਸਖ਼ਤ ਧਾਰਾਵਾਂ ਆਇਦ ਕੀਤੀਆਂ ਗਈਆਂ ਹਨ। ਇਸ ਦੌਰਾਨ ਦਿੱਲੀ ਪੁਲੀਸ ਨੇ ਵਿਸ਼ੇਸ਼ ਕਮਿਸ਼ਨਰ ਸ਼ਾਲਿਨੀ ਸਿੰਘ ਦੀ ਅਗਵਾਈ ਹੇਠ ਜਾਂਚ ਟੀਮ ਗਠਿਤ ਕਰਦਿਆਂ ਜਲਦੀ ਰਿਪੋਰਟ ਸੌਂਪਣ ਲਈ ਕਿਹਾ ਗਿਆ ਹੈ।

ਵਿਸ਼ੇਸ਼ ਪੁਲੀਸ ਕਮਿਸ਼ਨਰ (ਕਾਨੂੰਨ ਅਤੇ ਵਿਵਸਥਾ) ਸਾਗਰ ਪ੍ਰੀਤ ਹੁੱਡਾ ਨੇ ਕਿਹਾ ਕਿ ਜੇਕਰ ਪੋਸਟਮਾਰਟਮ ਰਿਪੋਰਟ ਵਿੱਚ ਕੁਝ ਸਾਹਮਣੇ ਆਉਂਦਾ ਹੈ ਤਾਂ ਮੁਲਜ਼ਮਾਂ ਵਿਰੁੱਧ ਕੇਸ ਵਿੱਚ ਨਵੇਂ ਦੋਸ਼ ਸ਼ਾਮਲ ਕੀਤੇ ਜਾਣਗੇ। ਹੁੱਡਾ ਨੇ ਕਿਹਾ, ‘ਮੁਲਜ਼ਮਾਂ ਨੂੰ ਘਟਨਾ ਵਾਲੀ ਥਾਂ ’ਤੇ ਲਿਜਾਇਆ ਜਾਵੇਗਾ ਤਾਂ ਜੋ ਘਟਨਾ ਦੀ ਜਾਂਚ ਕੀਤੀ ਜਾ ਸਕੇ। ਸੀਸੀਟੀਵੀ ਫੁਟੇਜ ਅਤੇ ਡਿਜੀਟਲ ਸਬੂਤ ਦੇ ਆਧਾਰ ’ਤੇ ਘਟਨਾਵਾਂ ਦੀ ਸਮਾਂ-ਸੀਮਾ ਤੈਅ ਕੀਤੀ ਜਾਵੇਗੀ। ਵਾਹਨ ਦੀ ਫੋਰੈਂਸਿਕ ਜਾਂਚ ਵੀ ਕੀਤੀ ਜਾ ਰਹੀ ਹੈ।’ ਉਨ੍ਹਾਂ ਕਿਹਾ ਕਿ ਪਰਿਵਾਰ ਨੂੰ ਜਾਂਚ ਦੀ ਪ੍ਰਗਤੀ ਬਾਰੇ ਦੱਸਿਆ ਜਾਂਦਾ ਰਹੇਗਾ ਅਤੇ ਸਾਰੇ ਸਬੂਤਾਂ ਦੇ ਆਧਾਰ ’ਤੇ ਮੁਲਜ਼ਮਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲੜਕੀ ਨੂੰ ਸੁਲਤਾਨਪੁਰੀ ਵਿੱਚ 10-12 ਕਿਲੋਮੀਟਰ ਤੱਕ ਘੜੀਸਿਆ ਗਿਆ ਤੇ ਕਿਤੇ ਮੁੜਨ ਦੌਰਾਨ ਲਾਸ਼ ਵੱਖ ਹੋਈ ਹੋਵੇਗੀ। ਅਧਿਕਾਰੀਆਂ ਮੁਤਾਬਕ ਲਾਸ਼ ਸੰਜੈ ਗਾਂਧੀ ਮੈਮੋਰੀਅਲ ਹਸਪਤਾਲ ’ਚ ਪੋਸਟਮਾਰਟਮ ਲਈ ਭੇਜੀ ਗਈ।

ਦੂਜੇ ਪਾਸੇ ਮ੍ਰਿਤਕਾ ਦੀ ਮਾਂ ਨੇ ਆਪਣੀ ਧੀ ਨਾਲ ਕੁਝ ਗ਼ਲਤ ਹੋਣ ਦੇ ਸ਼ੰਕੇ ਵੀ ਜ਼ਾਹਿਰ ਕੀਤੇ ਤੇ ਦੋਸ਼ੀਆਂ ਲਈ ਮੌਤ ਦੀ ਸਜ਼ਾ ਦੀ ਮੰਗ ਕੀਤੀ ਹੈ। ਇਸ ਤੋਂ ਪਹਿਲਾਂ ਦਿਨੇ ਆਮ ਆਦਮੀ ਪਾਰਟੀ ਨੇ ਦਿੱਲੀ ਦੇ ਉਪ ਰਾਜਪਾਲ ਵਿਨੈ ਕੁਮਾਰ ਸਕਸੈਨਾ ਦੀ ਰਿਹਾਇਸ਼ ਅੱਗੇ ਤੇ ਆਮ ਲੋਕਾਂ ਨੇ ਸੁਲਤਾਨਪੁਰੀ ਪੁਲੀਸ ਸਟੇਸ਼ਨ ਦੇ ਬਾਹਰ ਦੋਸ਼ੀਆਂ ਖ਼ਿਲਾਫ਼ ਸਖਤ ਸਜ਼ਾ ਦੀ ਮੰਗ ਕਰਦੇ ਹੋਏ ਰੋਸ ਮੁਜ਼ਾਹਰੇ ਕੀਤੇ। ‘ਆਪ’ ਨੇ ਵਿਨੈ ਕੁਮਾਰ ਸਕਸੈਨਾ ਨੂੰ ਉੱਪ ਰਾਜਪਾਲ ਦੇ ਅਹੁਦੇ ਤੋਂ ਤੁਰੰਤ ਬਰਖਾਸਤ ਕਰਨ ਦੀ ਮੰਗ ਕੀਤੀ ਹੈ। ‘ਆਪ’ ਵਰਕਰਾਂ ਨੇ ਦਿੱਲੀ ਦੇ ਉਪ ਰਾਜਪਾਲ ਦੇ ਦਫ਼ਤਰ ਦਾ ਘਿਰਾਓ ਕੀਤਾ। ਇਸ ਦਰਦਨਾਕ ਘਟਨਾ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਦੀ ਭੀੜ ਨੇ ਸੁਲਤਾਨਪੁਰੀ ਥਾਣੇ ਦਾ ਘਿਰਾਓ ਕਰ ਲਿਆ ਤੇ ਮੰਗ ਕੀਤੀ ਕਿ ਮੁਲਜ਼ਮਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ। ਗੁੱਸੇ ’ਚ ਆਈ ਭੀੜ ਨੇ ਸੁਲਤਾਨਪੁਰੀ ਥਾਣੇ ਪਹੁੰਚੀ ਦਿੱਲੀ ਵਿਧਾਨ ਸਭਾ ਦੇ ਡਿਪਟੀ ਸਪੀਕਰ ਅਤੇ ਸਥਾਨਕ ਵਿਧਾਇਕ ਰਾਖੀ ਬਿਰਲਾ ਦੀ ਕਾਰ ਦੇ ਸ਼ੀਸ਼ੇ ਵੀ ਤੋੜ ਦਿੱਤੇ।

ਇਸੇ ਦੌਰਾਨ ‘ਆਪ’ ਨੇ ਕਿਹਾ ਕਿ ਇਸ ਮਾਮਲੇ ਦਾ ਇੱਕ ਮੁਲਜ਼ਮ ਮਨੋਜ ਮਿੱਤਲ ਭਾਜਪਾ ਆਗੂ ਹੈ। ਉਸ ਦਾ ਹੋਰਡਿੰਗ ਸੁਲਤਾਨਪੁਰੀ ਥਾਣੇ ਕੋਲ ਲਾਇਆ ਹੋਇਆ ਹੈ। ‘ਆਪ’ ਨੇ ਦੋਸ਼ ਲਾਇਆ ਇਸ ਲਈ ਮਾਮਲੇ ’ਤੇ ਪਰਦਾ ਪਾਇਆ ਜਾ ਰਿਹਾ ਹੈ। ‘ਆਪ’ ਨੇ ਸਵਾਲ ਕੀਤਾ ਕਿ ਇਸ ਘਟਨਾ ਮਗਰੋਂ ਇਲਾਕੇ ਦੇ ਡੀਸੀਪੀ ਅਤੇ ਐੱਸਐੱਚਓ ਨੂੰ ਅਜੇ ਤੱਕ ਮੁਅੱਤਲ ਕਿਉਂ ਨਹੀਂ ਕੀਤਾ ਗਿਆ? ‘ਆਪ’ ਨੇ ਕਿਹਾ ਕਿ ਚਸ਼ਮਦੀਦ ਨੇ ਕਾਰ ’ਚ ਫਸੀ ਲੜਕੀ ਬਾਰੇ ਜਾਣਕਾਰੀ ਦੇਣ ਲਈ 22 ਵਾਰ ਫ਼ੋਨ ਕੀਤੇ ਪਰ ਪੁਲੀਸ ਨੇ ਕੋਈ ਕਾਰਵਾਈ ਨਹੀਂ ਕੀਤੀ।

ਉਪ ਰਾਜਪਾਲ ਵੱਲੋਂ ਪੁਲੀਸ ਕਮਿਸ਼ਨਰ ਤਲਬ

ਦਿੱਲੀ ਦੇ ਉਪ ਰਾਜਪਾਲ ਵੀਕੇ ਸਕਸੈਨਾ ਨੇ ਦਿੱਲੀ ਪੁਲੀਸ ਕਮਿਸ਼ਨਰ ਨੂੰ ਤਲਬ ਕਰਕੇ ਮਾਮਲੇ ਦੇ ਪੂਰੇ ਵੇਰਵੇ ਮੰਗੇ ਗਏ ਹਨ। ਉਨ੍ਹਾਂ ਪੁਲੀਸ ਕਮਿਸ਼ਨਰ ਨੂੰ ਹਦਾਇਤ ਕੀਤੀ ਕਿ ਜੇਕਰ ਕਾਂਝਾਵਾਲਾ ਘਟਨਾ ਦੇ ਮਾਮਲੇ ’ਚ ਪੁਲੀਸ ਤੋਂ ਕੋਈ ਗਲਤੀ ਹੋਈ ਹੈ ਤਾਂ ਸਖਤ ਕਾਰਵਾਈ ਯਕੀਨੀ ਬਣਾਈ ਜਾਵੇ। ਉਨ੍ਹਾਂ ਹਦਾਇਤ ਕੀਤੀ ਕਿ ਮੁਲਜ਼ਮਾਂ ਨਾਲ ਕਾਨੂੰਨ ਅਨੁਸਾਰ ਵਿਹਾਰ ਕੀਤਾ ਜਾਵੇ। ਐੱਲਜੀ ਨੇ ਘਟਨਾ ਦੀ ਨਿੰਦਾ ਕਰਦਿਆਂ ਕਿਹਾ ਕਿ ਇਸ ਨਾਲ ਅਣਮਨੁੱਖੀ ਘਟਨਾ ਨੇ ਉਨ੍ਹਾਂ ਦਾ ਸਿਰ ਸ਼ਰਮ ਨਾਲ ਝੁਕਾ ਦਿੱਤਾ ਹੈ। ਉਨ੍ਹਾਂ ਅਧਿਕਾਰੀਆਂ ਨੂੰ ਹੁਕਮ ਦਿੱਤੇ ਕਿ ਪੀੜਤਾ ਦੇ ਪਰਿਵਾਰ ’ਚੋਂ ਕਿਸੇ ਜੀਅ ਨੂੰ ਸਰਕਾਰੀ ਨੌਕਰੀ ਦੇਣ ਦੀ ਸੰਭਾਵਨਾ ਵੱਲ ਵੀ ਧਿਆਨ ਦਿੱਤਾ ਜਾਵੇ। ਇਸੇ ਦੌਰਾਨ ਕੌਮੀ ਮਹਿਲਾ ਕਮਿਸ਼ਨ ਤੇ ਦਿੱਲੀ ਮਹਿਲਾ ਕਮਿਸ਼ਨ ਵੱਲੋਂ ਵੀ ਦਿੱਲੀ ਪੁਲੀਸ ਤੋਂ ਜਵਾਬ-ਤਲਬੀ ਕੀਤੀ ਗਈ ਹੈ। ਮਾਲੀਵਾਲ ਨੇ ਕਿਹਾ ਕਿ ਇਹ ਅਜਿਹਾ ਮਾਮਲਾ ਹੈ ਜੋ ਸਾਡੀ ਮਨੁੱਖਤਾ ਨੂੰ ਸ਼ਰਮਸਾਰ ਕਰਦਾ ਹੈ।

ਮੁਲਜ਼ਮਾਂ ਨੂੰ ਫਾਂਸੀ ਦਿੱਤੀ ਜਾਵੇ: ਕੇਜਰੀਵਾਲ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੁਲਤਾਨਪੁਰੀ ਮਾਮਲੇ ਵਿੱਚ ਸਾਰੇ ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਅੱਗੇ ਕਿਹਾ, ‘ਮੈਂ ਇਸ ਘਟਨਾ ਤੋਂ ਬਹੁਤ ਦੁਖੀ ਹਾਂ, ਸਾਨੂੰ ਸਾਰਿਆਂ ਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਸ ਵਿੱਚ ਸ਼ਾਮਲ ਦੋਸ਼ੀਆਂ ਨੂੰ ਫਾਂਸੀ ਦਿੱਤੀ ਜਾਵੇ।’ ਉਨ੍ਹਾਂ ਅੱਗੇ ਕਿਹਾ, ‘ਕਾਂਝਵਾਲਾ ਕਾਂਡ ਬਾਰੇ ਐੱਲਜੀ ਨਾਲ ਗੱਲ ਕੀਤੀ ਹੈ। ਉਨ੍ਹਾਂ ਨੂੰ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕਰਨ ਦੀ ਬੇਨਤੀ ਕੀਤੀ ਹੈ। ਉਨ੍ਹਾਂ ਦੇ ਉੱਚ ਸਿਆਸੀ ਸਬੰਧ ਹੋਣ ਦੇ ਬਾਵਜੂਦ ਕੋਈ ਢਿੱਲ ਨਹੀਂ ਵਰਤੀ ਜਾਣੀ ਚਾਹੀਦੀ।’

ਅਮਿਤ ਸ਼ਾਹ ਨੇ ਦਿੱਲੀ ਪੁਲੀਸ ਤੋਂ ਰਿਪੋਰਟ ਮੰਗੀ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੰਝਾਵਾਲਾ ਹਾਦਸੇ ਦਾ ਨੋਟਿਸ ਲੈਂਦਿਆਂ ਦਿੱਲੀ ਪੁਲੀਸ ਤੋਂ ਇਸ ਮਾਮਲੇ ਬਾਰੇ ਰਿਪੋਰਟ ਮੰਗ ਲਈ ਹੈ। ਉਨ੍ਹਾਂ ਪੁਲੀਸ ਨੂੰ ਇਸ ਮਾਮਲੇ ਵਿਚ ਕੀਤੀ ਕਾਰਵਾਈ ਬਾਰੇ ਵਿਸਥਾਰਤ ਰਿਪੋਰਟ ਪੇਸ਼ ਕਰਨ ਦੀ ਹਦਾਇਤ ਵੀ ਕੀਤੀ ਹੈ।