ਦਿੱਲੀ ਕਮੇਟੀ ਵੱਲੋਂ ਦਰਸ਼ਨ ਧਾਲੀਵਾਲ ਦਾ ਸਨਮਾਨ

ਦਿੱਲੀ ਕਮੇਟੀ ਵੱਲੋਂ ਦਰਸ਼ਨ ਧਾਲੀਵਾਲ ਦਾ ਸਨਮਾਨ

ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਜਨਲਰ ਸਕੱਤਰ ਜਗਦੀਪ ਸਿੰਘ ਕਾਹਲੋਂ ਤੇ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਵੱਲੋਂ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਰਾਸ਼ਟਰਪਤੀ ਤੋਂ ਪਰਵਾਸੀ ਭਾਰਤੀ ਪੁਰਸਕਾਰ ਨਾਲ ਸਨਮਾਨਿਤ ਪਰਵਾਸੀ ਭਾਰਤੀ ਦਰਸ਼ਨ ਸਿੰਘ ਧਾਲੀਵਾਲ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਹਰਮੀਤ ਸਿੰਘ ਕਾਲਕਾ ਤੇ ਜਗਦੀਪ ਸਿੰਘ ਕਾਹਲੋਂ ਤੇ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਦਰਸ਼ਨ ਸਿੰਘ ਧਾਲੀਵਾਲ ਨੂੰ ਭਾਰਤ ਸਰਕਾਰ ਵੱਲੋਂ ਇੰਨਾ ਵੱਡਾ ਪੁਰਸਕਾਰ ਦੇਣਾ ਸਿੱਖਾਂ ਲਈ ਮਾਣ ਵਾਲੀ ਗੱਲ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਦੀ ਧਰਤੀ ’ਤੇ ਬਹੁਤ ਸਾਰੇ ਲੋਕ ਇਸ ਮੁਲਕ ਤੋਂ ਗਏ ਹਨ ਜਿਨ੍ਹਾਂ ਨੇ ਬਹੁਤ ਪੈਸਾ ਕਮਾਇਆ ਹੈ ਪਰ ਉਨ੍ਹਾਂ ਦੀ ਪਛਾਣ ਕੋਈ ਨਹੀਂ ਹੈ। ਇਹ ਪਛਾਣ ਦਰਸ਼ਨ ਸਿੰਘ ਧਾਲੀਵਾਲ ਦੀ ਹੈ ਜਿਨ੍ਹਾਂ ਆਪਣੀ ਧਰਤੀ ਨਾਲ ਜੁੜੇ ਰਹਿ ਕੇ ਗੁਰੂ ਘਰਾਂ ਨਾਲ ਜੁੜ ਕੇ ਸੰਗਤਾਂ ਦੀ ਸੇਵਾ ਕੀਤੀ ਹੈ। ਦਰਸ਼ਨ ਸਿੰਘ ਧਾਲੀਵਾਲ ਜਿਨ੍ਹਾਂ ਬਹੁਤ ਲੰਬੇ ਸਮੇਂ ਤੋਂ ਵਿਦੇਸ਼ਾਂ ਵਿਚ ਰਹਿੰਦੇ ਹੋਏ ਜਿਥੇ ਸਿੱਖੀ ਦਾ ਨਾਂ ਉੱਚਾ ਕੀਤਾ, ਉਥੇ ਹੀ ਅਮਰੀਕਾ ਵਰਗੇ ਮੁਲਕ ਵਿਚ ਲੋਕਾਂ ਨੂੰ ਸਿੱਖੀ ਨਾਲ ਜੋੜਨ ਤੇ ਕੌਮ ਦੀ ਸੇਵਾ ਜਿਹੇ ਵੱਡੇ ਕੰਮ ਕੀਤੇ। ਉਨ੍ਹਾਂ ਕਿਹਾ ਕਿ ਧਾਲੀਵਾਲ ਨੇ ਆਪਣੀ ਪਛਾਣ ਨੂੰ ਬਾਖੂਬੀ ਨਿਭਾਇਆ ਹੈ। ਉਨ੍ਹਾਂ ਅਮਰੀਕਾ ਵਿਚ ਰਹਿ ਕੇ ਭਾਰਤ ਅੰਦਰ ਮਨੁੱਖਤਾ ਦੀ ਸੇਵਾ ਕੀਤੀ ਹੈ। ਉਨ੍ਹਾਂ ਕਿਹਾ ਕਿ ਦਰਸ਼ਨ ਧਾਲੀਵਾਲ ਨੂੰ ਰਾਸ਼ਟਰਪਤੀ ਤੋਂ ਪਰਵਾਸੀ ਭਾਰਤੀ ਪੁਰਸਕਾਰ ਮਿਲਣ ਨਾਲ ਦੁਨੀਆਂ ਵਿੱਚ ਸ੍ਰੀ ਧਾਲੀਵਾਲ ਦੀ ਸ਼ਖਸੀਅਤ ਦਾ ਪ੍ਰਭਾਵ ਗਿਆ ਹੈ। ਇਸ ਦੌਰਾਨ ਦਰਸ਼ਨ ਸਿੰਘ ਧਾਲੀਵਾਲ ਨੇ ਕਿਹਾ ਕਿ ਉਹ ਨਿਮਰਤਾ ਨਾਲ ਭਾਰਤ ਸਰਕਾਰ ਤੇ ਦਿੱਲੀ ਕਮੇਟੀ ਦਾ ਇਸ ਸਨਮਾਨ ਲਈ ਧੰਨਵਾਦ ਕਰਦੇ ਹਨ।