ਦਿੱਲੀ ਕਮੇਟੀ ਵੱਲੋਂ ਜਥੇਦਾਰ ਕਾਉਂਕੇ ਨੂੰ ਫਖ਼ਰ-ਏ-ਕੌਮ ਐਵਾਰਡ ਦੇਣ ਦੀ ਅਪੀਲ

ਦਿੱਲੀ ਕਮੇਟੀ ਵੱਲੋਂ ਜਥੇਦਾਰ ਕਾਉਂਕੇ ਨੂੰ ਫਖ਼ਰ-ਏ-ਕੌਮ ਐਵਾਰਡ ਦੇਣ ਦੀ ਅਪੀਲ

ਅੰਮ੍ਰਿਤਸਰ- ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਰਘਬੀਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਉਹ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਮਰਨ ਉਪਰੰਤ ਫਖ਼ਰ-ਏ-ਕੌਮ ਐਵਾਰਡ ਦੇਣ ਬਾਰੇ ਫ਼ੈਸਲਾ ਕਰਨ। ਸ੍ਰੀ ਕਾਲਕਾ ਅੱਜ ਇਥੇ ਉਹ ਇਥੇ ਬੰਦੀ ਸਿੰਘਾਂ ਦੇ ਮਾਮਲੇ ’ਚ ਪੰਜ ਮੈਂਬਰੀ ਕਮੇਟੀ ਦੀ ਮੀਟਿੰਗ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਹੋਏ ਸਨ। ਮੀਟਿੰਗ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਕਾਲਕਾ ਨੇ ਕਿਹਾ ਕਿ ਦਿੱਲੀ ਵਿੱਚ ਦਿੱਲੀ ਕਮੇਟੀ ਵੱਲੋਂ ਜਥੇਦਾਰ ਕਾਉਂਕੇ ਦੀ ਯਾਦ ਵਿੱਚ ਇਕ ਸਮਾਗਮ ਕੀਤਾ ਸੀ ਜਿਥੇ ਕਈ ਅਹਿਮ ਫ਼ੈਸਲੇ ਲਏ ਸਨ। ਉਨ੍ਹਾਂ ਕਿਹਾ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਕੋਲ ਭਾਈ ਕਾਉਂਕੇ ਸਬੰਧੀ ਜੋ ਰਿਪੋਰਟ ਰੱਖੀ ਗਈ ਹੈ, ਉਸ ਵਿੱਚ ਵਿਸਥਾਰ ਨਾਲ ਦੱਸਿਆ ਗਿਆ ਹੈ ਕਿ ਕਿਵੇਂ ਜਥੇਦਾਰ ਕਾਉਂਕੇ ਨੇ ਤਸ਼ੱਦਦ ਅਤੇ ਤਸੀਹੇ ਝੱਲਦਿਆਂ ਕੁਰਬਾਨੀ ਦਿੱਤੀ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਇਸ ਰਿਪੋਰਟ ਦਾ ਨੋਟਿਸ ਲੈਂਦਿਆਂ ਜਥੇਦਾਰ ਕਾਉਂਕੇ ਨੂੰ ਫਖ਼ਰ-ਏ-ਕੌਮ ਦਾ ਐਵਾਰਡ ਦੇਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ 10 ਫਰਵਰੀ ਨੂੰ ਜਲੰਧਰ ਵਿੱਚ ਵੱਡਾ ਪੰਥਕ ਇਕੱਠ ਰੱਖਿਆ ਗਿਆ ਹੈ, ਜਿਸ ਵਿੱਚ ਵੱਖ-ਵੱਖ ਸੰਪਰਦਾਵਾਂ ਤੇ ਸੰਸਥਾਵਾਂ ਦੇ ਆਗੂ ਸ਼ਾਮਲ ਹੋਣਗੇ ਅਤੇ ਇਸ ਮਾਮਲੇ ’ਤੇ ਚਰਚਾ ਕਰਦਿਆਂ ਲੋੜੀਂਦੇ ਫ਼ੈਸਲੇ ਲਏ ਜਾਣਗੇ। ਇਸ ਮੌਕੇ ਦਿੱਲੀ ਕਮੇਟੀ ਦੇ ਮੈਂਬਰ ਭੁਪਿੰਦਰ ਸਿੰਘ ਭੁੱਲਰ, ਪਰਵਿੰਦਰ ਸਿੰਘ ਲੱਕੀ ਤੇ ਮਨਜੀਤ ਸਿੰਘ ਭੋਮਾ ਵੀ ਹਾਜ਼ਰ ਸਨ।