ਦਿੱਲੀ ਆਬਕਾਰੀ ਕੇਸ: ਸਿਸੋਦੀਆ ਨੂੰ 17 ਤੱਕ ਈਡੀ ਦੀ ਹਿਰਾਸਤ ’ਚ ਭੇਜਿਆ

ਦਿੱਲੀ ਆਬਕਾਰੀ ਕੇਸ: ਸਿਸੋਦੀਆ ਨੂੰ 17 ਤੱਕ ਈਡੀ ਦੀ ਹਿਰਾਸਤ ’ਚ ਭੇਜਿਆ

ਨਵੀਂ ਦਿੱਲੀ – ਸਥਾਨਕ ਕੋਰਟ ਨੇ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ 17 ਮਾਰਚ ਤੱਕ ਐੱਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਹਿਰਾਸਤ ਵਿੱਚ ਭੇਜ ਦਿੱਤਾ ਹੈ। ਈਡੀ ਨੇ ਐਕਸਾਈਜ਼ ਪਾਲਿਸੀ ਨਾਲ ਸਬੰਧਤ ਮਨੀ ਲਾਂਡਰਿੰਗ ਕੇਸ ਵਿੱਚ ਲੰਘੇ ਦਿਨੀਂ ਸਿਸੋਦੀਆ ਨੂੰ ਗ੍ਰਿਫ਼ਤਾਰ ਕੀਤਾ ਸੀ। ਵਿਸ਼ੇਸ਼ ਜੱਜ ਐੱਮ.ਕੇ.ਨਾਗਪਾਲ ਨੇ ਈਡੀ ਨੂੰ ਸੀਨੀਅਰ ‘ਆਪ’ ਆਗੂ ਤੋਂ ਪੁੱਛ-ਪੜਤਾਲ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਈਡੀ ਨੇ ਕੋਰਟ ਤੋਂ ਸਿਸੋਦੀਆ ਦਾ ਦਸ ਦਿਨਾਂ ਰਿਮਾਂਡ ਮੰਗਿਆ ਸੀ। ਇਸ ਦੌਰਾਨ ਰਾਊਜ਼ ਐਵੇਨਿਊ ਕੋਰਟਾਂ ਦੇ ਅੰਦਰ ਤੇ ਬਾਹਰ ਸੁਰੱਖਿਆ ਦੇ ਸਖ਼ਤ ਬੰਦੋਬਸਤ ਕੀਤੇ ਗੲੇ ਸਨ।

ਰਿਮਾਂਡ ਨੂੰ ਲੈ ਕੇ ਹੋਈ ਸੁਣਵਾਈ ਦੌਰਾਨ ਈਡੀ ਤੇ ਸਿਸੋਦੀਆ ਦੇ ਵਕੀਲਾਂ ਨੇ ਆਪੋ ਆਪਣੀਆਂ ਦਲੀਲਾਂ ਰੱਖੀਆਂ। ਸੰਘੀ ਏਜੰਸੀ ਵੱਲੋਂ ਪੇਸ਼ ਵਕੀਲ ਨੇ ਦਾਅਵਾ ਕੀਤਾ ਕਿ ਸਿਸੋਦੀਆ ਨੇ ‘ਘੁਟਾਲੇ’ ਬਾਰੇ ਕਥਿਤ ਝੂਠੇ ਬਿਆਨ ਦਿੱਤੇ ਅਤੇ ਈਡੀ ਰਿਮਾਂਡ ਦੌਰਾਨ ਸਿਸੋਦੀਆ ਨੂੰ ਹੋਰਨਾਂ ਮੁਲਜ਼ਮਾਂ ਦੇ ਸਾਹਮਣੇ ਬਿਠਾ ਕੇ ਪੁੱਛ-ਪੜਤਾਲ ਕਰਨ ਦੇ ਨਾਲ ‘ਘੁਟਾਲੇ’ ਦੇ ਸਾਜ਼ਿਸ਼ਘਾੜਿਆਂ ਤੋਂ ਪਰਦਾ ਚੁੱਕਣਾ ਚਾਹੁੰਦੀ ਹੈ। ਈਡੀ ਦੇ ਵਕੀਲ ਜ਼ੋਹੇਬ ਹੁਸੈਨ ਨੇ ਵਿਸ਼ੇਸ਼ ਕੋਰਟ ਅੱਗੇ ਦਾਅਵਾ ਕੀਤਾ ਕਿ ਸਿਸੋਦੀਆਂ ਨੇ ਆਪਣੇ ਫੋਨ ਨੂੰ ਤੋੜ ਦਿੱਤਾ, ਜੋ ਜਾਂਚ ਵਿੱਚ ਅਹਿਮ ਸਬੂਤ ਹੈ। ਉਧਰ ਸਿਸੋਦੀਆ ਵੱਲੋਂ ਪੇਸ਼ ਵਕੀਲਾਂ ਨੇ ਈਡੀ ਦੇ ਦਾਅਵਿਆਂ ਨੂੰ ਖਾਰਜ ਕਰ ਦਿੱਤਾ।