ਦਿੱਲੀ-ਆਨੰਦਪੁਰ ਸਾਹਿਬ ਸੀਸ ਮਾਰਗ ਯਾਤਰਾ ਦਾ ਥਾਂ-ਥਾਂ ਸਵਾਗਤ

ਦਿੱਲੀ-ਆਨੰਦਪੁਰ ਸਾਹਿਬ ਸੀਸ ਮਾਰਗ ਯਾਤਰਾ ਦਾ ਥਾਂ-ਥਾਂ ਸਵਾਗਤ

ਬਨੂੜ-ਜ਼ੀਰਕਪੁਰ ਦੀ ਗੰਗਾ ਨਰਸਰੀ ਦੇ ਮਾਲਕ ਭਾਈ ਮਨਜੀਤ ਸਿੰਘ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਨੌਂਵੀਂ ਪਾਤਸ਼ਾਹੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਦਿੱਲੀ ਤੋਂ ਸ੍ਰੀ ਆਨੰਦਪੁਰ ਸਾਹਿਬ ਤੱਕ ਸਜਾਈ ਜਾ ਰਹੀ 12ਵੀਂ ਸਾਲਾਨਾ ਸੀਸ ਮਾਰਗ ਯਾਤਰਾ ਦਾ ਬਨੂੜ ਖੇਤਰ ਵਿੱਚ ਥਾਂ-ਥਾਂ ਨਿੱਘਾ ਸਵਾਗਤ ਕੀਤਾ ਗਿਆ। ਇਹ ਨਗਰ ਕੀਰਤਨ 27 ਨਵੰਬਰ ਤੋਂ ਦਿੱਲੀ ਦੇ ਗੁਰਦੁਆਰਾ ਸੀਸ ਗੰਜ ਤੋਂ ਆਰੰਭ ਹੋਇਆ ਸੀ ਤੇ ਰਾਤੀਂ ਤਰਾਵੜੀ ਸਾਹਿਬ (ਕਰਨਾਲ) ਰੁਕਣ ਮਗਰੋਂ ਅੱਜ ਸਵੇਰੇ ਰਵਾਨਾ ਹੋਇਆ ਸੀ।

ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਕੱਢਿਆ ਜਾ ਰਿਹਾ ਇਹ ਨਗਰ ਕੀਰਤਨ ਸੰਭੂ ਬਾਰਡਰ ਰਾਹੀਂ ਬਨੂੜ ਖੇਤਰ ਵਿੱਚ ਦਾਖਿਲ ਹੋਇਆ। ਸੜਕ ਉੱਤੇ ਪੈਂਦੇ ਸਮੁੱਚੇ ਪਿੰਡਾਂ ਤੇਪਲਾ, ਰਾਜਗੜ੍ਹ, ਬਾਸਮਾਂ, ਖੇੜੀ ਗੁਰਨਾ, ਖਲੌਰ, ਬੂਟਾ ਸਿੰਘ ਵਾਲਾ ਤੋਂ ਬਾਦ ਬਨੂੜ ਦੇ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਵਿਖੇ ਸੀਸ ਮਾਰਗ ਯਾਤਰਾ ਦਾ ਸਵਾਗਤ ਹੋਇਆ। ਬਨੂੜ ਵਿਖੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਨਿਰਮੈਲ ਸਿੰਘ ਜੌਲਾ ਤੇ ਸੰਗਤ ਨੇ ਭਾਈ ਮਨਜੀਤ ਸਿੰਘ ਅਤੇ ਪੰਜ ਪਿਆਰਿਆਂ ਨੂੰ ਸਿਰੋਪੇ ਭੇਟ ਕੀਤੇ।

ਮੁੱਖ ਪ੍ਰਬੰਧਕ ਭਾਈ ਮਨਜੀਤ ਸਿੰਘ ਨੇ ਦੱਸਿਆ ਕਿ ਅੱਜ ਇਹ ਯਾਤਰਾ ਗੁਰਦੁਆਰਾ ਨਾਭਾ ਸਾਹਿਬ ਜ਼ੀਰਕਪੁਰ ਵਿਖੇ ਰੁਕੇਗੀ। ਉਨ੍ਹਾਂ ਦੱਸਿਆ ਕਿ 29 ਨਵੰਬਰ ਨੂੰ ਯਾਤਰਾ ਜ਼ੀਰਕਪੁਰ, ਟ੍ਰਿਬਿਊਨ ਚੌਕ ਚੰਡੀਗੜ੍ਹ ਤੋਂ ਸੈਕਟਰ 47, ਮੁਹਾਲੀ ਦੇ ਫੇਜ਼ ਗਿਆਰਾਂ, ਫੇਜ਼ ਅੱਠ ਦੇ ਗੁਰਦੁਆਰਾ ਅੰਬ ਸਾਹਿਬ, ਸੋਹਾਣਾ, ਲਾਂਡਰਾਂ, ਖਰੜ, ਕੁਰਾਲੀ, ਰੂਪਨਗਰ ਨੂੰ ਹੁੰਦੀ ਹੋਈ ਆਨੰਦਪੁਰ ਸਾਹਿਬ ਦੇ ਗੁਰਦੁਆਰਾ ਸੀਸ ਗੰਜ ਵਿਖੇ ਜਾ ਕੇ ਸਮਾਪਤ ਹੋਵੇਗੀ।