ਦਾਗੀ ਅਧਿਕਾਰੀ ਦੀ ਨਿਯੁਕਤੀ ’ਤੇ ਉੱਠੇ ਸਵਾਲ

ਦਾਗੀ ਅਧਿਕਾਰੀ ਦੀ ਨਿਯੁਕਤੀ ’ਤੇ ਉੱਠੇ ਸਵਾਲ

ਚੰਡੀਗੜ੍ਹ – ਸੂਬਾ ਸਰਕਾਰ ਨੇ ਨਕਲੀ ਬੀਜਾਂ ਤੇ ਖਾਦਾਂ ਦੀ ਵਿਕਰੀ ਦੀ ਜਾਂਚ ਲਈ ਬਣਾਈ ਸੂਬਾ ਪੱਧਰੀ ਫਲਾਇੰਗ ਸਕੁਐਡ ’ਚ ਇੱਕ ਅਜਿਹੇ ‘ਦਾਗੀ’ ਅਧਿਕਾਰੀ ਨੂੰ ਸ਼ਾਮਲ ਕਰ ਲਿਆ ਹੈ, ਜਿਸ ’ਤੇ ਪਹਿਲਾਂ ਹੀ ਨਕਲੀ ਖਾਦਾਂ ਆਦਿ ਵੇਚਣ ਵਾਲਿਆਂ ਨੂੰ ਬਚਾਉਣ ਦਾ ਦੋਸ਼ ਹੈ ਅਤੇ ਉਸ ਖ਼ਿਲਾਫ਼ ਇਸ ਸਬੰਧੀ ਜਾਂਚ ਚੱਲ ਰਹੀ ਹੈ। ਜਾਣਕਾਰੀ ਮੁਤਾਬਕ ਤਿੰਨ ਮੈਂਬਰੀ ਫਲਾਇੰਗ ਸਕੁਐਡ ’ਚ ਸ਼ਾਮਲ ਇੱਕ ਖੇਤੀਬਾੜੀ ਅਧਿਕਾਰੀ ਨੂੰ ਚਾਰਜਸ਼ੀਟ ਕੀਤਾ ਗਿਆ ਹੈ, ਜਿਸ ’ਤੇ ਜ਼ਬਤ ਕੀਤੇ ਗਏ ਸੈਂਪਲਾਂ ਤੇ ਉਨ੍ਹਾਂ ਦੀ ਮੁੜ ਟੈਸਟਿੰਗ ’ਚ ਦੇਰੀ ਕਰ ਕੇ ਨਕਲੀ ਬੀਜਾਂ ਤੇ ਖਾਦਾਂ ਦੇ ਵਿਕ੍ਰੇਤਾਵਾਂ ਦਾ ਪੱਖ ਪੂਰਨ ਦਾ ਦੋਸ਼ ਹੈ। ਬੀਤੀ 15 ਜੁਲਾਈ ਨੂੰ ਵਧੀਕ ਮੁੱਖ ਸਕੱਤਰ (ਖੇਤੀਬਾੜੀ) ਸਰਵਜੀਤ ਸਿੰਘ ਨੇ ਖੇਤੀਬਾੜੀ ਅਧਿਕਾਰੀ ਸਤੀਸ਼ ਕੁਮਾਰ ਖ਼ਿਲਾਫ਼ ਚਾਰਜਸ਼ੀਟ ਜਾਰੀ ਕੀਤੀ ਸੀ। ਉਸ ’ਤੇ ਫ਼ਤਹਿਗੜ੍ਹ ਸਾਹਿਬ ਵਿੱਚ ਖੇਤੀਬਾੜੀ ਅਧਿਕਾਰੀ ਹੁੰਦਿਆਂ ਵਿਭਾਗ ਦੇ ਰਿਕਾਰਡ ਤੋਂ ਰੈਫਰੈਂਸ ਸੈਂਪਲਾਂ ਦੀ ਚੋਰੀ ਕਰਨ ਦਾ ਦੋਸ਼ ਵੀ ਹੈ। ਇਸ ਤੋਂ ਇਲਾਵਾ ਉਸ ’ਤੇ ਵਿਭਾਗ ਦੇ ਕੰਪਿਊਟਰਾਂ ਵਿੱਚ ਪਏ ਡਾਟਾ ਨੂੰ ਡਿਲੀਟ ਕਰਨ ਦਾ ਦੋਸ਼ ਵੀ ਹੈ। ਇਸ ਚਾਰਜਸ਼ੀਟ ’ਤੇ ਵਧੀਕ ਮੁੱਖ ਸਕੱਤਰ (ਖੇਤੀਬਾੜੀ) ਵੱਲੋਂ 15 ਜੁਲਾਈ ਨੂੰ ਹਸਤਾਖ਼ਰ ਕੀਤੇ ਗਏ ਸਨ। ਪੰਜ ਦਿਨਾਂ ਬਾਅਦ 20 ਜੁਲਾਈ ਨੂੰ ਇਸੇ ਅਧਿਕਾਰੀ ਵੱਲੋਂ ਉਸ ਨੂੰ ਸੂਬਾ ਪੱਧਰੀ ਫਲਾਇੰਗ ਸਕੁਐਡ ਦਾ ਮੈਂਬਰ ਨਿਯੁਕਤ ਕਰ ਦਿੱਤਾ ਗਿਆ, ਜਿਸ ਸਿਰ ਨਕਲੀ ਖਾਦਾਂ ਤੇ ਬੀਜਾਂ ਦੀ ਵਿਕਰੀ ਦੀ ਜਾਂਚ ਦੀ ਜ਼ਿੰਮੇਵਾਰੀ ਸੀ।

ਗ਼ਲਤੀ ਨਾਲ ਜਾਰੀ ਹੁਕਮ ਵਾਪਸ ਲਿਆ: ਅਧਿਕਾਰੀ
ਅਧਿਕਾਰੀ ਸਰਵਜੀਤ ਸਿੰਘ ਨੇ ਕਿਹਾ ਕਿ ਇਹ ਹੁਕਮ ਗਲਤੀ ਨਾਲ ਜਾਰੀ ਕਰ ਦਿੱਤਾ ਗਿਆ ਸੀ ਜਿਸ ਨੂੰ ਵਾਪਸ ਲੈ ਲਿਆ ਗਿਆ ਹੈ। ਹਾਲਾਂਕਿ, ਜ਼ਮੀਨੀ ਪੱਧਰ ’ਤੇ ਅਧਿਕਾਰੀਆਂ ਨੇ ਕਿਹਾ ਕਿ ਇਸ ਸਮੇਂ ਸਤੀਸ਼ ਕੁਮਾਰ ਦੀ ਨਿਯੁਕਤੀ ਦੇ ਹੁਕਮ ਉਨ੍ਹਾਂ ਕੋਲ ਹਨ ਜਦਕਿ ਰਿਵਾਈਜ਼ਡ ਆਰਡਰ ਅਜੇ ਤੱਕ ਉਨ੍ਹਾਂ ਤੱਕ ਨਹੀਂ ਪੁੱਜੇ।