ਦਸਮੇਸ਼ ਪਿਤਾ ਦੇ ਲਾਡਲੇ ਪੀਰ ਬੁੱਧੂ ਸ਼ਾਹ ਜੀ ਨੇ ਗੁਰੂ ਘਰ ਲਈ ਕੀਤੀ ਕੁਰਬਾਨੀ

ਦਸਮੇਸ਼ ਪਿਤਾ ਦੇ ਲਾਡਲੇ ਪੀਰ ਬੁੱਧੂ ਸ਼ਾਹ ਜੀ ਨੇ ਗੁਰੂ ਘਰ ਲਈ ਕੀਤੀ ਕੁਰਬਾਨੀ

ਭਗਵਾਨ ਸਿੰਘ ਜੌਹਲ
ਧਰਮ ਦੀਆਂ ਪੱਕੀਆਂ ਤੇ ਤੰਗ ਸੀਮਾਵਾਂ ਤੋਂ ਉੱਪਰ ਸੋਚ ਦੇ ਧਾਰਨੀ ਅਤੇ ਮਾਨਵੀ ਗੁਣਾਂ ਦੇ ਮੁਜੱਸਮੇ ਪੀਰ ਬੁੱਧੂ ਸ਼ਾਹ ਨੂੰ ਹਰ ਸਿੱਖ ਬੜੀ ਸ਼ਰਧਾ ਤੇ ਸਤਿਕਾਰ ਨਾਲ ਯਾਦ ਕਰਦਾ ਹੈ। ਭੰਗਾਣੀ ਦੇ ਯੁੱਧ ਤੋਂ ਉਪਰੰਤ ਉਨ੍ਹਾਂ ਨੇ ਆਪਣੇ ਚਾਰ ਪੁੱਤਰਾਂ ’ਚੋਂ ਦੋ ਪੁੱਤਰ ਸੱਯਦ ਅਸ਼ਰਫ਼ ਸ਼ਾਹ ਅਤੇ ਸੱਯਦ ਮੁਹੰਮਦ ਸ਼ਾਹ ਅਤੇ ਸਕੇ ਭਰਾ ਭੂਰੇ ਸ਼ਾਹ ਨੂੰ ਅਤੇ ਸੱਤ ਸੌ ਸ਼ਹੀਦਾਂ ’ਚੋਂ ਅਨੇਕਾਂ ਮੁਰੀਦ ਸ਼ਹੀਦ ਕਰਵਾ ਕੇ ਸਾਹਿਬ-ਏ-ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਖ਼ਸ਼ਿਸ਼ ਪ੍ਰਾਪਤ ਕੀਤੀ ।

ਇਤਿਹਾਸਕ ਹਵਾਲਿਆਂ ਮੁਤਾਬਕ ਪੀਰ ਬੁੱਧੂ ਸ਼ਾਹ ਦਾ ਜਨਮ 13 ਜੂਨ 1647 ਈ. ਨੂੰ ਸੱਯਦ ਗ਼ੁੁਲਾਮ ਸ਼ਾਹ ਦੇ ਘਰ ਅੰਬਾਲਾ ਜ਼ਿਲ੍ਹੇ ਦੇ ਸਢੌਰਾ ਕਸਬੇ ’ਚ ਹੋਇਆ ਸੀ। ਉਨ੍ਹਾਂ ਦਾ ਪੂਰਾ ਨਾਂ ਸੱਯਦ ਬਦਰੁੱਦੀਨ ਸ਼ਾਹ ਸੀ। ਉਹ ਬਚਪਨ ਤੋਂ ਹੀ ਘੱਟ ਬੋਲਣ ਵਾਲੇ, ਗੰਭੀਰ ਅਤੇ ਸਾਦੇ ਸੁਭਾਅ ਵਾਲੇ ਸਨ। ਇਸੇ ਕਰਕੇ ਲੋਕਾਂ ਨੇ ਉਨ੍ਹਾਂ ਨੂੰ ਬੁੱਧੂ ਕਹਿਣਾ ਸ਼ੁਰੂ ਕਰ ਦਿੱਤਾ । ਇਹ ਨਾਂ ਪੀਰ ਜੀ ਦੇ ਸੁਭਾਅ ਕਰਕੇ ਪੱਕੇ ਤੌਰ ’ਤੇ ਉਨ੍ਹਾਂ ਨਾਲ ਜੁੜ ਗਿਆ। ਉਨ੍ਹਾਂ ਦੇ ਵੱਡੇ-ਵਡੇਰੇ ਪਹਿਲਾਂ ਸਮਾਣੇ ਰਹਿੰਦੇ ਸਨ ਪਰ ਇਸ ਪਿੱਛੋਂ ਸਢੌਰੇ ਆ ਗਏ । ਜਿਸ ਮੁਹੱਲੇ ’ਚ ਇਹ ਪਰਿਵਾਰ ਆ ਕੇ ਵਸਿਆ, ਉਹ ਬਾਅਦ ’ਚ ਸੱਯਦਾਂ ਵਾਲਾ ਮੁਹੱਲਾ ਕਰਕੇ ਪ੍ਰਸਿੱਧ ਹੋਇਆ ।
ਆਪ ਜੀ ਦੀ ਸ਼ਾਦੀ ਮੁਗ਼ਲ ਫ਼ੌਜ ਦੇ ਇਕ ਵੱਡੇ ਜਰਨੈਲ ਸੈਦ ਖ਼ਾਨ ਦੀ ਭੈਣ ਨਸੀਰਾਂ ਨਾਲ ਹੋਈ । ਜਦੋਂ ਬਾਲ ਗੁਰੂ ਗੋਬਿੰਦ ਰਾਏ ਸ੍ਰੀ ਪਟਨਾ ਸਾਹਿਬ ਤੋਂ ਸ੍ਰੀ ਅਨੰਦਪੁਰ ਸਾਹਿਬ ਨੂੰ ਜਾਣ ਸਮੇਂ ਕੁਝ ਸਮਾਂ ਲਖਨੌਰ ਰੁਕੇ ਤਾਂ ਪੀਰ ਭੀਖਣ ਸ਼ਾਹ ਉਨ੍ਹਾਂ ਦੇ ਦਰਸ਼ਨ ਕਰਨ ਲਈ ਆਏ ਤਾਂ ਉਸ ਸਮੇਂ ਪੀਰ ਬੁੱਧੂ ਸ਼ਾਹ ਨੇ ਵੀ ਦਰਸ਼ਨ ਕੀਤੇ । ਇਸ ਤੋਂ ਪਿੱਛੋਂ ਉਹ ਦਿੱਲੀ ਵਿਖੇ ਗੋਸ਼ਾ-ਨਸ਼ੀਨ ਰਹਿਣ ਤੋਂ ਉਪਰੰਤ ਜਦੋਂ ਵਾਪਸ ਸਢੌਰਾ ਆਏ ਤਾਂ ਦਸਮ ਪਾਤਸ਼ਾਹ ਦੀ ਪਾਉਂਟਾ ਸਾਹਿਬ ਦੀ ਆਮਦ ਬਾਰੇ ਪਤਾ ਲੱਗਾ । ਗੁਰੂ ਦੇ ਪਿਆਰ ’ਚ ਬਿਹਬਲ ਪੀਰ ਜੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਦੇ ਪਾਉਂਟਾ ਸਾਹਿਬ ਵਿਖੇ ਦਰਸ਼ਨ ਕੀਤੇ । ਪੀਰ ਜੀ ਉਨ੍ਹਾਂ ਦੀ ਸ਼ਖ਼ਸੀਅਤ ਤੋਂ ਅਜਿਹੇ ਪ੍ਰਭਾਵਿਤ ਹੋਏ ਕਿ ਰੱਬੀ ਗੁਣਾਂ ਦੇ ਮੁਜੱਸਮੇ ਦਸਮ ਪਿਤਾ ਨੂੰ ਹਮੇਸ਼ਾ ਅੰਗ- ਸੰਗ ਰਹਿਣ ਦੀ ਬੇਨਤੀ ਕੀਤੀ।
ਇਕ ਵਾਰ ਅਜਿਹਾ ਸਮਾਂ ਵੀ ਆਇਆ ਜਦੋਂ ਸਮੇਂ ਦੇ ਬਾਦਸ਼ਾਹ ਔਰੰਗਜ਼ੇਬ ਨੇ ਆਪਣੀ ਫ਼ੌਜ ਦੇ ਬਹੁਤ ਸਾਰੇ ਪਠਾਣਾਂ ਨੂੰ ਨੌਕਰੀ ਤੋਂ ਜਵਾਬ ਦੇ ਦਿੱਤਾ । ਉਹ ਸਾਰੇ ਪਠਾਣ ਪੀਰ ਜੀ ਕੋਲ ਆਪਣਾ ਦੁੱਖੜਾ ਰੋਣ ਲਈ ਪਹੁੰਚੇ । ਪੀਰ ਜੀ ਨੇ ਉਨ੍ਹਾਂ ਨੂੰ ਨੌਕਰੀ ਦਿਵਾਉਣ ਲਈ ਪਾਉਂਟਾ ਸਾਹਿਬ ਜਾ ਕੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ । ਗੁਰੂ ਜੀ ਨੇ ਉਨ੍ਹਾਂ ਦੀ ਬੇਨਤੀ ਮੰਨਦਿਆਂ ਸਾਰੇ ਪਠਾਣਾਂ ਨੂੰ ਆਪਣੇ ਕੋਲ ਰੱਖ ਲਿਆ ਪਰ ਜਦੋਂ ਪਹਾੜੀ ਰਾਜਿਆਂ ਵੱਲੋਂ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਮਜਬੂਰ ਕਰ ਕੇ ਲੜਾਈ ਛੇੜ ਦਿੱਤੀ ਗਈ ਤਾਂ ਇਨ੍ਹਾਂ ਪਠਾਣਾਂ ’ਚੋਂ ਇਕ ਪਠਾਣ ਜਰਨੈਲ ਕਾਲਾ ਖ਼ਾਨ ਨੂੰ ਛੱਡ ਕੇ ਬਾਕੀ ਤਿੰਨ ਜਰਨੈਲ ਤੀਖਨ ਖ਼ਾਨ, ਨਜਾਬਤ ਖ਼ਾਨ ਤੇ ਹਯਾਤ ਖ਼ਾਨ ਨਮਕ ਹਰਾਮੀ ਕਰ ਕੇ ਗੁਰੂ ਜੀ ਨੂੰ ਛੱਡ ਕੇ ਚਲੇ ਗਏ। ਇਨ੍ਹਾਂ ਜਰਨੈਲਾਂ ਨੇ ਗੁਰੂ ਜੀ ਨੂੰ ਛੱਡਿਆ ਹੀ ਨਹੀਂ ਸਗੋਂ ਪਹਾੜੀ ਰਾਜਿਆਂ ਦੀ ਫ਼ੌਜ ਨਾਲ ਜਾ ਰਲੇ । ਜਦੋਂ ਪੀਰ ਜੀ ਨੂੰ ਇਹ ਗੱਲ ਪਤਾ ਲੱਗੀ ਤਾਂ ਉਹ ਆਪਣੇ ਸੱਤ ਸੌ ਮੁਰੀਦਾਂ, ਚਾਰ ਪੁੱਤਰਾਂ, ਇਕ ਭਰਾ ਸਮੇਤ ਭੰਗਾਣੀ ਦੇ ਮੈਦਾਨ ’ਚ ਪੁੱਜੇ ਤੇ ਇਸ ਗਹਿਗੱਚ ਯੁੱਧ ’ਚ ਆਪਣਾ ਯੋਗਦਾਨ ਪਾਇਆ । ਇਸ ਯੁੱਧ ’ਚ ਪੀਰ ਜੀ ਦੇ ਅਨੇਕਾਂ ਮੁਰੀਦਾਂ, ਦੋ ਪੁੱਤਰਾਂ ਅਤੇ ਇਕ ਭਰਾ ਨੇ ਸ਼ਹਾਦਤ ਦਾ ਜਾਮ ਪੀਤਾ ।

ਇਤਿਹਾਸਕ ਤੱਥ ਇਸ ਗੱਲ ਨੂੰ ਬਿਆਨ ਕਰਦੇ ਹਨ ਕਿ ਜਦੋਂ ਕਲਗੀਧਰ ਪਾਤਸ਼ਾਹ ਨੇ ਯੁੱਧ ਤੋਂ ਉਪਰੰਤ ਬਹੁਕੀਮਤੀ ਵਸਤੂਆਂ, ਧਨ- ਦੌਲਤ ਪੀਰ ਜੀ ਨੂੰ ਬਖ਼ਸ਼ਿਸ਼ ਵਜੋਂ ਲੈਣ ਲਈ ਕਿਹਾ ਤਾਂ ਉਹ ਨਿਮਾਣੇ ਸਿੱਖ ਸ਼ਰਧਾਲੂ ਵਜੋਂ ਹੱਥ ਜੋੜ ਕੇ ਗੁਰੂ ਜੀ ਜੀ ਦੇ ਸਨਮੁੱਖ ਖਲੋ ਗਏ ਅਤੇ ਇਹ ਵਸਤਾਂ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ । ਉਸ ਸਮੇਂ ਗੁਰੂ ਜੀ ਕੇਸਾਂ ਨੂੰ ਕੰਘੇ ਨਾਲ ਸੁਆਰ ਕੇ ਦਸਤਾਰ ਸਜਾਉਣ ਦੀ ਤਿਆਰੀ ’ਚ ਸਨ ਤਾਂ ਪੀਰ ਜੀ ਨੇ ਬੜੀ ਅਧੀਨਗੀ ਨਾਲ ਕੰਘੇ ’ਚ ਫਸੇ ਗੁਰੂ ਜੀ ਦੇ ਰੋਮ (ਕੇਸਾਂ) ਨੂੰ ਆਪਣੀ ਝੋਲੀ ਫੈਲਾ ਕੇ ਪ੍ਰਵਾਨ ਕੀਤਾ। ਕੰਘੇ ਸਮੇਤ ਕੇਸਾਂ ਨੂੰ ਪ੍ਰਾਪਤ ਕਰ ਕੇ ਇਸ ਵਡਮੁੱਲੇ ਤੋਹਫ਼ੇ ਨੂੰ ਆਪਣੇ ਜੀਵਨ ਦੌਰਾਨ ਸੰਭਾਲ ਕੇ ਰੱਖਣ ਅਤੇ ਦਰਸ਼ਨ-ਦੀਦਾਰੇ ਕਰਨ ਦਾ ਸੁਭਾਗ ਜੀਵਨ ਭਰ ਨਿਭਾਇਆ ।

ਗੁਰੂ ਜੀ ਨੇ ਭਰੇ ਦੀਵਾਨ ’ਚ ਪਾਉਂਟਾ ਸਾਹਿਬ ਦੀ ਪਵਿੱਤਰ ਧਰਤੀ ਤੋਂ ਇਸ ਵਡਮੁੱਲੇ ਤੋਹਫ਼ੇ ਤੋਂ ਇਲਾਵਾ ਇਕ ਛੋਟੀ ਕਿਰਪਾਨ, ਦਸਤਾਰ ਅਤੇ ਹੁਕਮਨਾਮਾ ਵੀ ਪੀਰ ਜੀ ਨੂੰ ਬਖ਼ਸ਼ਿਆ, ਜੋ ਸਮਾਂ ਪਾ ਕੇ ਪੀਰ ਜੀ ਦੇ ਵਾਰਸਾਂ ਨੂੰ ਜਗੀਰ ਪ੍ਰਦਾਨ ਕਰ ਕੇ ਮਹਾਰਾਜਾ ਨਾਭਾ ਭਰਪੂਰ ਸਿੰਘ ਨੇ ਸ਼ਰਧਾ ਸਹਿਤ ਆਪਣੇ ਮਹਿਲਾਂ ’ਚ ਇਨ੍ਹਾਂ ਵਸਤਾਂ ਨੂੰ ਸੁਸ਼ੋਭਿਤ ਕੀਤਾ ਪਰ ਭਰੋਸੇਯੋਗ ਗਵਾਹੀ ਤੋਂ ਪਤਾ ਲੱਗਾ ਹੈ ਕਿ ਇਹ ਛੋਟੀ ਕਿਰਪਾਨ ਪੀਰ ਜੀ ਦੇ ਮੌਜੂਦਾ ਵਾਰਸਾਂ ਕੋਲ ਅਮਰੀਕਾ ਦੇ ਸ਼ਹਿਰ ਲਾਸ ਏਂਜਲਸ ’ਚ ਸਤਿਕਾਰ ਨਾਲ ਸੰਭਾਲੀ ਹੋਈ ਹੈ।

ਪੀਰ ਜੀ ਵੱਲੋਂ ਭੰਗਾਣੀ ਦੇ ਯੁੱਧ ਦੌਰਾਨ ਗੁਰੂ ਜੀ ਦੀ ਕੀਤੀ ਗਈ ਸਹਾਇਤਾ ਕਰਕੇ ਬਾਦਸ਼ਾਹ ਔਰੰਗਜ਼ੇਬ ਦੇ ਕੰਨ ਭਰੇ ਗਏ। ਔਰੰਗਜ਼ੇਬ ਨੇ ਸਢੌਰੇ ਦੇ ਹਾਕਮ ਉਸਮਾਨ ਖ਼ਾਨ ਨੂੰ ਪੀਰ ਜੀ ਨੂੰ ਕਤਲ ਕਰਨ ਦਾ ਆਦੇਸ਼ ਦਿੱਤਾ । ਸਰਹਿੰਦ ਦੇ ਫ਼ੌਜਦਾਰ ਨੇ ਬਾਦਸ਼ਾਹ ਦੇ ਹੁਕਮ ਨੂੰ ਉਸਮਾਨ ਖ਼ਾਨ ਤੱਕ ਪਹੁੰਚਾਇਆ ਪਰ ਪੀਰ ਜੀ ਨੂੰ ਇਹ ਖ਼ਬਰ ਪਹਿਲਾਂ ਹੀ ਮਿਲ ਚੁੱਕੀ ਸੀ ਤੇ ਉਨ੍ਹਾਂ ਨੇ ਆਪਣਾ ਪਰਿਵਾਰ ਸਮਾਣੇ ਭੇਜ ਦਿੱਤਾ ।

ਸਢੌਰੇ ਦੇ ਹਾਕਮ ਉਸਮਾਨ ਖ਼ਾਨ ਨੇ 21 ਮਾਰਚ 1704 ਈ. ਨੂੰ ਪੀਰ ਬੁੱਧੂ ਸ਼ਾਹ ਜੀ ਨੂੰ ਬੜੀ ਬੇਦਰਦੀ ਨਾਲ ਟੋਟੇ-ਟੋਟੇ ਕਰ ਕੇ ਸ਼ਹੀਦ ਕਰ ਦਿੱਤਾ । ਜਦੋਂ ਬਾਬਾ ਬੰਦਾ ਸਿੰਘ ਬਹਾਦਰ ਪੰਜਾਬ ਵੱਲ ਵਧਿਆ ਤਾਂ ਸਭ ਤੋਂ ਪਹਿਲਾਂ ਉਸ ਨੇ ਸਢੌਰੇ ਦੀ ਇੱਟ ਨਾਲ ਇੱਟ ਖੜਕਾਈ ਅਤੇ ਉਸਮਾਨ ਖ਼ਾਨ ਨੂੰ ਉਸ ਦੇ ਕੀਤੇ ਦੀ ਸਜ਼ਾ ਦਿੰਦਿਆਂ ਮੌਤ ਦੇ ਘਾਟ ਉਤਾਰਿਆ । ਇਤਿਹਾਸ ਦੇ ਖੋਜੀ ਤੱਥਾਂ ਮੁਤਾਬਕ ਪੀਰ ਜੀ ਦੀ ਅੰਸ਼-ਵੰਸ਼ ਦੇ ਪਰਿਵਾਰ 1947 ਈ. ’ਚ ਦੇਸ਼ ਦੀ ਵੰਡ ਸਮੇਂ ਪੱਛਮੀ ਪੰਜਾਬ (ਪਾਕਿਸਤਾਨ) ਦੇ ਝੰਗ ਜ਼ਿਲ੍ਹੇ ’ਚ ਜਾ ਵਸੇ। ਪੀਰ ਜੀ ਦੇ ਜੱਦੀ ਘਰ ਦੀ ਖੋਜ ਕਰ ਕੇ ਇਸ ਅਸਥਾਨ ਨੂੰ ਗੁਰਦੁਆਰਾ ਸਾਹਿਬ ’ਚ ਬਦਲ ਦਿੱਤਾ ਗਿਆ ਹੈ । ਸਮੁੱਚਾ ਸਿੱਖ ਜਗਤ ਅੱਜ ਪੀਰ ਬੁੱਧੂ ਸ਼ਾਹ ਜੀ ਦੇ ਜਨਮ ਦਿਨ ’ਤੇ ਉਨ੍ਹਾਂ ਦੀ ਕੁਰਬਾਨੀ, ਸ਼ਰਧਾ, ਗੁਰੂ ਪਿਆਰ ਪ੍ਰਤੀ ਨਤਮਸਤਕ ਹੋ ਰਿਹਾ ਹੈ ।