ਦਸਤਾਵੇਜੀ ਤੱਥਾਂ ਅਤੇ ਖੋਜ ’ਤੇ ਆਧਾਰਿਤ: ਬੀਬੀਸੀ

ਦਸਤਾਵੇਜੀ ਤੱਥਾਂ ਅਤੇ ਖੋਜ ’ਤੇ ਆਧਾਰਿਤ: ਬੀਬੀਸੀ

ਗੁਜਰਾਤ ਦੰਗਿਆਂ ਬਾਰੇ ਬੀਬੀਸੀ ਦੀ ਦਸਤਾਵੇਜੀ ਭਾਰਤ ਨੇ ਨਕਾਰੀ
ਵਿਦੇਸ਼ ਮੰਤਰਾਲੇ ਵੱਲੋਂ ਦਸਤਾਵੇਜੀ ਝੂਠੇ ਬਿਰਤਾਂਤ ਦੇ ਪ੍ਰਚਾਰ ਲਈ ਘੜੀ ਤੇ ਬਸਤੀਵਾਦੀ ਮਾਨਸਿਕਤਾ ਕਰਾਰ

ਨਵੀਂ ਦਿੱਲੀ : ਗੁਜਰਾਤ ਦੰਗਿਆਂ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਬੀਬੀਸੀ ਦੀ ਦਸਤਾਵੇਜੀ ਦੇ ਮੁੱਦੇ ’ਤੇ ਵਿਵਾਦ ਦਰਮਿਆਨ ਭਾਰਤ ਨੇ ਦਸਤਾਵੇਜੀ ਨੂੰ ‘ਕੂੜ ਪ੍ਰਚਾਰ ਦਾ ਹਿੱਸਾ’ ਦੱਸ ਕੇ ਖਾਰਜ ਕਰ ਦਿੱਤਾ ਹੈ। ਭਾਰਤ ਨੇ ਕਿਹਾ ਕਿ ਇਹ ਦਸਤਾਵੇਜੀ ‘ਝੂਠੇ ਬਿਰਤਾਂਤ’ ਦੇ ਪ੍ਰਚਾਰ ਪਾਸਾਰ ਲਈ ਘੜੀ ਗਈ ਹੈ ਤੇ ਇਸ ਲੜੀ ਵਿੱਚ ਬਸਤੀਵਾਦੀ ਮਾਨਸਿਕਤਾ ‘ਸਪੱਸ਼ਟ ਰੂਪ ’ਚ ਨਜਰ’ ਆਉਂਦੀ ਹੈ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗਚੀ ਨੇ ਦਸਤਾਵੇਜੀ ਦੇ ਮੰਤਵ ਤੇ ਇਸ ਪਿਛਲੇ ‘ਏਜੰਡੇ’ ਬਾਰੇ ਹੈਰਾਨੀ ਜਤਾਈ। ਉਨ੍ਹਾਂ ਕਿਹਾ ਕਿ ਸਪੱਸ਼ਟ ਤੌਰ ’ਤੇ ਉਹ ਅਜਿਹੀਆਂ ਕੋਸ਼ਿਸ਼ਾਂ ਨੂੰ ਅਹਿਮੀਅਤ ਨਹੀਂ ਦੇਣਾ ਚਾਹੁੰਦੇ। ਬੀਬੀਸੀ ਦੀ ਦੋ ਕੜੀਆਂ ਵਾਲੀ ਇਹ ਦਸਤਾਵੇਜੀ ‘ਇੰਡੀਆ: ਦਿ ਮੋਦੀ ਕੁਅਸਚਨ’ 2002 ਦੇ ਗੁਜਰਾਤ ਦੰਗਿਆਂ, ਜਦੋਂ ਨਰਿੰਦਰ ਮੋਦੀ ਸੂਬੇ ਦੇ ਮੁੱਖ ਮੰਤਰੀ ਸਨ, ਦੇ ਕੁਝ ਪਹਿਲੂਆਂ ਦੀ ਜਾਂਚ ਕੀਤੇ ਜਾਣ ਦਾ ਦਾਅਵਾ ਕਰਦੀ ਹੈ। ਬਾਗਚੀ ਨੇ ਕਿਹਾ, ‘‘ਮੈਂ ਸਾਫ ਕਰ ਦੇਣਾ ਚਾਹੁੰਦਾ ਹਾਂ ਕਿ ਸਾਡਾ ਮੰਨਣਾ ਹੈ ਕਿ ਇਹ ਕੂੜ ਪ੍ਰਚਾਰ ਦਾ ਹਿੱਸਾ ਹੈ, ਜੋ ਇਕ ਝੂਠੇ ਬਿਰਤਾਂਤ ਦੇ ਪ੍ਰਚਾਰ ਪਾਸਾਰ ਲਈ ਸਿਰਜਿਆ ਗਿਆ ਹੈ। ਇਸ ਵਿਚੋਂ ਪੱਖਪਾਤ, ਵਾਸਤਵਿਕਤਾ ਦੀ ਘਾਟ ਤੇ ਬਸਤੀਵਾਦੀ ਮਾਨਸਿਕਤਾ ਸਾਫ ਝਲਕਦੀ ਹੈ।’’ ਬਾਗਚੀ ਦਸਤਾਵੇਜੀ ਬਾਰੇ ਪੁੱਛੇ ਸਵਾਲਾਂ ਦੇ ਜਵਾਬ ਦੇ ਰਹੇ ਸਨ। ਉਨ੍ਹਾਂ ਕਿਹਾ, ‘‘ਇਹ ਦਸਤਾਵੇਜੀ ਜਾਂ ਫਿਲਮ ਉਨ੍ਹਾਂ ਲੋਕਾਂ ਤੇ ਏਜੰਸੀ ਦੀ ਮਾਨਸਿਕਤਾ ਨੂੰ ਵੀ ਦਰਸਾਉਂਦੀ ਹੈ। ਇਸ ਪੂਰੀ ਮਸ਼ਕ ਦਾ ਮੰਤਵ ਤੇ ਇਸ ਪਿਛਲਾ ਏਜੰਡਾ ਸਾਨੂੰ ਹੈਰਾਨ ਕਰਦਾ ਹੈ ਤੇ ਅਸੀਂ ਅਜਿਹੀਆਂ ਕੋਸ਼ਿਸ਼ਾਂ ਨੂੰ ਵਡਿਆਉਣਾ ਨਹੀਂ ਚਾਹੁੰਦੇ।’’ ਬਿ੍ਰਟੇਨ ਦੇ ਸਾਬਕਾ ਵਿਦੇਸ਼ ਸਕੱਤਰ ਜੈਕ ਸਟਰਾਅ ਵੱਲੋਂ ਦੰਗਿਆਂ ਬਾਰੇ ਕੀਤੀਆਂ ਟਿੱਪਣੀਆਂ ਬਾਰੇ ਪੁੱਛੇ ਜਾਣ ’ਤੇ ਬਾਗਚੀ ਨੇ ਕਿਹਾ ਕਿ ਉਹ ਸ਼ਾਇਦ ਯੂਕੇ ਸਰਕਾਰ ਦੀ ਕਿਸੇ ਅੰਦਰੂਨੀ ਰਿਪੋਰਟ ਦਾ ਹਵਾਲਾ ਦੇ ਰਹੇ ਹਨ। ਉਨ੍ਹਾਂ ਕਿਹਾ, ‘‘ਮੇਰੀ ਉਸ (ਰਿਪੋਰਟ ਤੱਕ) ਪਹੁੰਚ ਕਿਵੇਂ ਹੋ ਸਕਦੀ ਹੈ? ਇਹ 20 ਸਾਲ ਪੁਰਾਣੀ ਰਿਪੋਰਟ ਹੈ। ਮੈਂ ਹੁਣ ਇਸ ਝਮੇਲੇ ਵਿੱਚ ਕਿਉਂ ਪਵਾਂ? ਸਿਰਫ ਇਸ ਲਈ ਕਿ ਜੈਕ ਸਟਰਾਅ ਨੇ ਇਹ ਗੱਲ ਕਹੀ ਹੈ। ਇਸ ਨਾਲ ਇਸ ਨੂੰ ਕਾਨੂੰਨੀ ਪ੍ਰਮਾਣਿਕਤਾ ਕਿਵੇਂ ਮਿਲ ਸਕਦੀ ਹੈ।’’
ਬਾਗਚੀ ਨੇ ਕਿਹਾ, ‘‘ਮੈਂ ਜਾਂਚ ਤੇ ਪੜਤਾਲ ਜਿਹੇ ਸਬਦ ਸੁਣੇ ਹਨ। ਅਸੀਂ ਬਸਤੀਵਾਦੀ ਮਾਨਸਿਕਤਾ ਸ਼ਬਦ ਵਰਤਿਆ, ਇਸ ਦੀ ਇਕ ਵਜ੍ਹਾ ਹੈ। ਅਸੀਂ ਸਹਿਜੇ ਹੀ ਇਹ ਸਬਦ ਨਹੀਂ ਵਰਤਦੇ। ਕਿਹੜੀ ਪੜਤਾਲ? ਉਹ ਇਥੇ ਡਿਪਲੋਮੈਟ ਹਨ…ਜਾਂਚ, ਕੀ ਉਹ ਦੇਸ਼ ’ਤੇ ਰਾਜ ਕਰ ਰਹੇ ਹਨ। ਮੈਂ ਕਿਰਦਾਰਾਂ ਦੇ ਇਸ ਚਿੱਤਰਨ ਨਾਲ ਸਹਿਮਤ ਨਹੀਂ ਹਾਂ।’’ ਵਿਦੇਸ਼ ਮੰਤਰਾਲੇ ਦੇ ਤਰਜਮਾਨ ਨੇ ਇਸ ਗੱਲ ਦਾ ਨੋਟਿਸ ਲਿਆ ਕੇ ਭਾਰਤ ਵਿੱਚ ਇਹ ਦਸਤਾਵੇਜੀ ਅਜੇ ਤੱਕ ਨਹੀਂ ਵਿਖਾਈ ਗਈ। ਉਂਜ ਦਸਤਾਵੇਜੀ ਨੂੰ ਵਰਚੁਅਲੀ ਨਿੱਜੀ ਨੈੱਟਵਰਕਾਂ ’ਤੇ ਵੇਖਿਆ ਜਾ ਸਕਦਾ ਹੈ। ਤਰਜਮਾਨ ਨੇ ਆਪਣੀ ਸ਼ੁਰੂਆਤੀ ਟਿੱਪਣੀਆਂ ਵਿੱਚ ਕਿਹਾ, ‘‘ਇਹ ਨੋਟ ਕੀਤਾ ਜਾਵੇ ਕਿ ਦਸਤਾਵੇਜੀ ਦੀ ਅਜੇ ਭਾਰਤ ਵਿੱਚ ਸਕਰੀਨਿੰਗ ਨਹੀਂ ਹੋਈ। ਲਿਹਾਜਾ ਮੈਂ ਇਸ ਸੰਦਰਭ ਵਿੱਚ ਸਿਰਫ ਉਸੇ ਗੱਲ ਬਾਰੇ ਟਿੱਪਣੀ ਕਰਾਂਗਾ, ਜੋ ਮੈਂ ਸੁਣਿਆ ਤੇ ਜਿਹੜਾ ਮੇਰੇ ਸਾਥੀਆਂ ਨੇ ਵੇਖਿਆ ਹੈ।’’ ਬਰਤਾਨਵੀ ਨਾਗਰਿਕਾਂ ਦੀ ਮੌਤ ਦੇ ਦਾਅਵੇ ਬਾਰੇ ਸਵਾਲ ’ਤੇ ਬਾਗਚੀ ਨੇ ਕਿਹਾ ਕਿ ਜੇਕਰ ਭਾਰਤ ਵਿੱਚ ਮੌਤਾਂ ਹੋਈਆਂ ਹਨ ਤਾਂ ਦੇਸ਼ ਦੀ ਕਾਨੂੰਨ ਪ੍ਰਕਿਰਿਆ ਦਾ ਪਾਲਣ ਕਰਨਾ ਹੋਵੇਗਾ। 2002 ਵਿੱਚ ਅਜਿਹਾ ਹੋਇਆ ਜਾਂ ਨਹੀਂ, ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ।

ਦਸਤਾਵੇਜੀ ਨੂੰ ਲੈ ਕੇ ਪਏ ਰੌਲੇ-ਰੱਪੇ ਦਰਮਿਆਨ ਬੀਬੀਸੀ (ਬਿ੍ਰਟਿਸ ਬਰਾਡਕਾਸਟਿੰਗ ਕਾਰਪੋਰੇਸ਼ਨ) ਨੇ ਕਿਹਾ ਕਿ ਇਹ ਦਸਤਾਵੇਜੀ ‘ਸਖਤ ਮੁਸ਼ੱਕਤ ਨਾਲ ਕੀਤੀ ਖੋਜ’ ਦਾ ਨਤੀਜਾ ਹੈ ਤੇ ਇਸ ਦੌਰਾਨ ਸੰਪਾਦਕੀ ਦੇ ਸਿਖਰਲੇ ਮਿਆਰਾਂ ਦਾ ਖਿਆਲ ਰੱਖਿਆ ਗਿਆ ਹੈ। ਦਸਤਾਵੇਜੀ ਤਿਆਰ ਕਰਨ ਮੌਕੇ ਵੱਖ ਵੱਖ ਖੇਤਰਾਂ ਨਾਲ ਸਬੰਧਤ ਹਸਤੀਆਂ, ਚਸ਼ਮਦੀਦਾਂ ਤੇ ਮਾਹਿਰਾਂ ਤੱਕ ਪਹੁੰਚ ਕੀਤੀ ਗਈ ਤੇ ਅਸੀਂ ਭਾਜਪਾ ਤੇ ਹੋਰਨਾਂ ਦੇ ਪ੍ਰਤੀਕਰਮਾਂ ਨੂੰ ਪ੍ਰਮੁੱਖਤਾ ਨਾਲ ਰੱਖਿਆ ਹੈ। ਅਸੀਂ ਭਾਰਤ ਸਰਕਾਰ ਨੂੰ ਆਪਣਾ ਪੱਖ ਰੱਖਣ ਦਾ ਮੌਕਾ ਦਿੱਤਾ ਸੀ, ਪਰ ਉਨ੍ਹਾਂ ਕੋਈ ਜਵਾਬ ਦੇਣ ਤੋਂ ਨਾਂਹ ਕਰ ਦਿੱਤੀ।