ਦਵਾਈਆਂ ਦੀਆਂ ਕੀਮਤਾਂ ਕੰਟਰੋਲ ਕਰਨ ਬਾਰੇ ਕੇਂਦਰ ਨੂੰ ਪੱਤਰ ਲਿਖੇਗੀ ਪੰਜਾਬ ਸਰਕਾਰ

ਦਵਾਈਆਂ ਦੀਆਂ ਕੀਮਤਾਂ ਕੰਟਰੋਲ ਕਰਨ ਬਾਰੇ ਕੇਂਦਰ ਨੂੰ ਪੱਤਰ ਲਿਖੇਗੀ ਪੰਜਾਬ ਸਰਕਾਰ

ਚੰਡੀਗੜ੍ਹ- ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਦਵਾਈਆਂ ਦੀਆਂ ਵੱਧ ਕੀਮਤਾਂ ਕਾਰਨ ਜਨਤਾ ਦੀ ਹੁੰਦੀ ਲੁੱਟ-ਖਸੁੱਟ ਰੋਕਣ ਲਈ ਅੱਜ ਮੀਟਿੰਗ ਸੱਦੀ ਗਈ ਜਿਸ ਵਿਚ ਫ਼ੈਸਲਾ ਲਿਆ ਗਿਆ ਕਿ ਪੰਜਾਬ ਸਰਕਾਰ ਮਹਿੰਗੀਆਂ ਗ਼ੈਰ-ਸੂਚੀਬੱਧ ਦਵਾਈਆਂ ਦੀਆਂ ਕੀਮਤਾਂ ਨੂੰ ਕੰਟਰੋਲ ਹੇਠ ਲਿਆਉਣ ਲਈ ਕੇਂਦਰ ਸਰਕਾਰ ਨੂੰ ਪੱਤਰ ਲਿਖੇਗੀ। ਸਪੀਕਰ ਨੇ ਕਿਹਾ ਕਿ ਦਵਾਈਆਂ ਦੀਆਂ ਕੀਮਤਾਂ ਤੈਅ ਕਰਨਾ ਕੇਂਦਰ ਦਾ ਵਿਸ਼ਾ ਹੈ। ਇਸ ਮੌਕੇ ਵਿਧਾਇਕਾਂ ਤੇ ਹੋਰਾਂ ਨੇ ਦਵਾਈਆਂ ਦੀਆਂ ਅਸਲ ਤੇ ਐਮਆਰਪੀ ਕੀਮਤਾਂ ਵਿੱਚ 90 ਫ਼ੀਸਦੀ ਤੱਕ ਦੇ ਫ਼ਰਕ ਨੂੰ ਸਬੂਤਾਂ ਸਮੇਤ ਜੱਗ ਜ਼ਾਹਰ ਕੀਤਾ। ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਦੱਸਿਆ ਕਿ ਸੂਬਾ ਸਰਕਾਰ ਗ਼ੈਰ-ਸੂਚੀਬੱਧ ਦਵਾਈਆਂ ਦੀਆਂ ਕੀਮਤਾਂ ਨੂੰ ਨੱਥ ਪਾਉਣ ਲਈ ਕੇਂਦਰ ਸਰਕਾਰ ਨੂੰ ਦੋ ਦਿਨਾਂ ਦੇ ਅੰਦਰ-ਅੰਦਰ ਪੱਤਰ ਲਿਖੇਗੀ। ਸਮਾਜ ਸੇਵੀ ਗੁਰਪ੍ਰੀਤ ਸਿੰਘ ਚੰਦਬਾਜਾ ਨੇ ਭਾਰਤੀ ਮੈਡੀਕਲ ਐਸੋਸੀਏਸ਼ਨ ਨੂੰ ਅਪੀਲ ਕੀਤੀ ਕਿ ਉਹ ਵੀ ਵੱਧ ਕੀਮਤਾਂ ਦਾ ਮੁੱਦਾ ਕੇਂਦਰ ਕੋਲ ਉਠਾਏ। ਡਾ. ਚਰਨਜੀਤ ਸਿੰਘ ਪਰੂਥੀ ਨੇ ਜੈਨੇਰਿਕ ਦਵਾਈਆਂ ਦੀ ਪੁਖਤਗੀ ਹੋਰ ਬਿਹਤਰ ਕਰਨ, ਸਮਾਜ ਸੇਵੀ ਇੰਜਨੀਅਰ ਜਸਕੀਰਤ ਸਿੰਘ ਨੇ ਮਰੀਜ਼ਾਂ ਦੇ ਇਲਾਜ ਤੋਂ ਪਹਿਲਾਂ ਹੁੰਦੇ ਟੈਸਟਾਂ ਦੀਆਂ ਕੀਮਤਾਂ ’ਤੇ ਧਿਆਨ ਦੇਣ ਅਤੇ ਮਿਆਰੀ ਟੈਸਟਿੰਗ ਦਾ ਮੁੱਦਾ ਚੁੱਕਿਆ।