ਦਲ ਖ਼ਾਲਸਾ ਦੇ ਮੋਢੀ ਮੈਂਬਰ ਭਾਈ ਗਜਿੰਦਰ ਸਿੰਘ ਹਾਈਜੈਕਰ ਦਾ ਦਿਹਾਂਤ

ਦਲ ਖ਼ਾਲਸਾ ਦੇ ਮੋਢੀ ਮੈਂਬਰ ਭਾਈ ਗਜਿੰਦਰ ਸਿੰਘ ਹਾਈਜੈਕਰ ਦਾ ਦਿਹਾਂਤ

ਅੰਮ੍ਰਿਤਸਰ : ਸਰਹੱਦ ਪਾਰ ਦੇ ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਜਥੇਬੰਦੀ ਦਲ ਖ਼ਾਲਸਾ ਦੇ ਮੋਢੀ ਮੈਂਬਰ ਭਾਈ ਗਜਿੰਦਰ ਸਿੰਘ ਹਾਈਜੈਕਰ ਦਾ ਲਾਹੌਰ ਦੀ ਜੇਲ੍ਹ ਰੋਡ ਵਿਖੇ ਪੰਜਾਬ ਇੰਸਟੀਚਿਊਟ ਆਫ਼ ਕਾਰਡੀਓਲਾਜੀ ਵਿਖੇ ਬਾਅਦ ਦੁਪਹਿਰ ਦਿਹਾਂਤ ਹੋ ਗਿਆ। ਹਾਲਾਂਕਿ, ਪਾਕਿਸਤਾਨੀ ਸਿੱਖ ਆਗੂਆਂ ਨੇ ਉਨ੍ਹਾਂ ਦੀ ਹਾਲਤ ਅਤਿ ਗੰਭੀਰ ਬਣੀ ਹੋਈ ਹੈ ਦੱਸਿਆ ਪਰ ਸੂਤਰਾਂ ਨੇ ਇਹ ਵੀ ਦੱਸਿਆ ਕਿ ਤਬੀਅਤ ਬਹੁਤ ਜ਼ਿਆਦਾ ਖ਼ਰਾਬ ਹੋਣ ਕਰਕੇ ਉਨ੍ਹਾਂ ਨੂੰ ਹਸਪਤਾਲ ’ਚ ਵੈਂਟੀਲੇਟਰ ’ਤੇ ਰੱਖਿਆ ਗਿਆ ਸੀ। ਇਹ ਵੀ ਜਾਣਕਾਰੀ ਮਿਲੀ ਹੈ ਕਿ ਇੰਗਲੈਂਡ ਤੋਂ ਭਾਈ ਗਜਿੰਦਰ ਸਿੰਘ ਹਾਈਜੈਕਰ ਦੀ ਧੀ ਬਿਕਰਮ ਕੌਰ ਉਰਫ਼ ਬਿੱਕੀ ਅੱਜ ਸਵੇਰੇ ਹੀ ਲਾਹੌਰ ਪਹੁੰਚ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਭਾਈ ਗਜਿੰਦਰ ਸਿੰਘ ਨੂੰ 26 ਜੂਨ ਨੂੰ ਹਲਕੇ ਪੱਧਰ ਦਾ ਹਾਰਟ ਅਟੈਕ ਆਇਆ ਸੀ ਅਤੇ ਫਿਰ 28 ਜੂਨ ਨੂੰ ਮੁੜ ਦਿਲ ’ਚ ਦਰਦ ਹੋਣ ’ਤੇ ਉਨ੍ਹਾਂ ਨੂੰ ਇਲਾਜ ਲਈ ਉਕਤ ਹਸਪਤਾਲ ਲਿਜਾਇਆ ਗਿਆ। ਇਲਾਜ ਦੇ ਬਾਅਦ ਉਨ੍ਹਾਂ ਦੀ ਸਿਹਤ ’ਚ ਕੁਝ ਸੁਧਾਰ ਹੋ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਕੁਝ ਸਮਾਂ ਪਹਿਲਾਂ ਵੀ ਦਿਲ ਦਾ ਦੌਰਾ ਪਿਆ ਸੀ, ਜਿਸ ਕਾਰਨ ਉਨ੍ਹਾਂ ਦੀ ਸਿਹਤ ਕਾਫੀ ਕਮਜ਼ੋਰ ਹੋ ਗਈ ਸੀ ਅਤੇ ਉਹ ਕਾਫੀ ਬਿਰਧ ਤੇ ਕਮਜ਼ੋਰ ਹੋ ਗਏ ਸਨ। ਦੱਸਣਯੋਗ ਹੈ ਕਿ ਪਤਨੀ ਮਨਜੀਤ ਕੌਰ ਦੇ ਦਿਹਾਂਤ ਤੋਂ ਬਾਅਦ ਉਹ ਸ੍ਰੀ ਨਨਕਾਣਾ ਸਾਹਿਬ ’ਚ ਇਕੱਲੇ ਰਹਿ ਰਹੇ ਸਨ ਅਤੇ ਉਨ੍ਹਾਂ ਆਪਣੀ ਪਤਨੀ ਦੀ ਯਾਦ ’ਚ ਜ਼ਿਲ੍ਹੇ ਦੀ ਬੁੱਚੇਕੀ ਰੋਡ ’ਤੇ ਐੱਮ. ਕੇ. ਫ਼੍ਰੀ ਡਿਸਪੈਂਸਰੀ ਸਥਾਪਿਤ ਕੀਤੀ ਹੋਈ ਸੀ। ਜਿੱਥੇ ਗ਼ਰੀਬਾਂ ਅਤੇ ਜ਼ਰੂਰਤਮੰਦਾਂ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਸੀ। ਉਹ ਪਿਛਲੇ ਕੁਝ ਮਹੀਨਿਆਂ ਤੋਂ ਲਾਹੌਰ ’ਚ ਕਿਸੇ ਗੁਪਤ ਠਿਕਾਣੇ ’ਤੇ ਰਹਿ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਦਲ ਖ਼ਾਲਸਾ ਦੇ ਮੋਢੀ ਮੈਂਬਰ ਭਾਈ ਗਜਿੰਦਰ ਸਿੰਘ ਅਪਣੇ ਸਾਥੀਆਂ ਸਮੇਤ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਰਿਹਾਈ ਅਤੇ ਖ਼ਾਲਿਸਤਾਨ ਲਹਿਰ ਨੂੰ ਕੌਮਾਂਤਰੀ ਪੱਧਰ ’ਤੇ ਉਭਾਰਨ ਲਈ 29 ਸਤੰਬਰ 1981 ਨੂੰ ਏਅਰ ਇੰਡੀਆ ਦੀ ਫਲਾਈਟ ਨੂੰ ਅਗਵਾ ਕਰਕੇ ਲਾਹੌਰ ਲੈ ਕੇ ਗਏ ਸਨ। ਉਦੋਂ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ 20 ਸਤੰਬਰ 1982 ਨੂੰ ਜਲੰਧਰ ਤੋਂ ਪ੍ਰਕਾਸ਼ਿਤ ਇਕ ਸਮਾਚਾਰ ਗਰੁੱਪ ਦੇ ਮਾਲਕ ਦੇ ਕਤਲ ਕੇਸ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਭਾਈ ਗਜਿੰਦਰ ਸਿੰਘ ਅਤੇ ਸਾਥੀਆਂ ਨੂੰ ਪਾਕਿ ’ਚ ਗ੍ਰਿਫ਼ਤਾਰ ਕਰਕੇ 14 ਸਾਲ ਕੈਦ ਦੀ ਸਜ਼ਾ ਹੋਈ ਅਤੇ ਉਨ੍ਹਾਂ ਨੇ ਪੂਰੀ ਕੈਦ ਕੱਟੀ ਅਤੇ ਨਵੰਬਰ 1994 ’ਚ ਰਿਹਾਅ ਹੋਏ।