ਦਲੇਰ ਮਹਿੰਦੀ ਨਾਲ ਪਤਨੀ-ਪੁੱਤਰ ਤੇ ਮੀਕਾ ਸਿੰਘ ਵੱਲੋਂ ਮੁਲਾਕਾਤ

ਦਲੇਰ ਮਹਿੰਦੀ ਨਾਲ ਪਤਨੀ-ਪੁੱਤਰ ਤੇ ਮੀਕਾ ਸਿੰਘ ਵੱਲੋਂ ਮੁਲਾਕਾਤ

15 ਸਤੰਬਰ ਤਕ ਖਾਣੀਆਂ ਪੈਣਗੀਆਂ ਜੇਲ੍ਹ ਦੀਆਂ ਰੋਟੀਆਂ
ਪਟਿਆਲਾ – ਇਥੇ ਕੇਂਦਰੀ ਜੇਲ੍ਹ ’ਚ ਬੰਦ ਉੱਘੇ ਗਾਇਕ ਦਲੇਰ ਮਹਿੰਦੀ ਨਾਲ ਉਸ ਦੀ ਪਤਨੀ, ਪੁੱਤ ਤੇ ਭਰਾ ਮੀਕਾ ਸਿੰਘ ਵੱਲੋਂ ਮੁਲਾਕਾਤ ਕੀਤੀ ਗਈ। ਦਲੇਰ ਮਹਿੰਦੀ ਦੇ ਕਿਸੇ ਪਰਿਵਾਰਕ ਮੈਂਬਰ ਵੱਲੋਂ ਕੀਤੀ ਗਈ ਇਹ ਦੂਸਰੀ ਮੁਲਾਕਾਤ ਹੈ ਕਿਉਂਕਿ ਦੋ ਦਿਨ ਪਹਿਲਾਂ ਹੀ ਉਸ ਦਾ ਭਰਾ ਜੋਗਿੰਦਰ ਸਿੰਘ ਵੀ ਮੁਲਾਕਾਤ ਕਰਕੇ ਗਿਆ ਸੀ। ਭਾਵੇਂ ਆਮ ਕੈਦੀਆਂ ਦੀਆਂ ਮੁਲਾਕਾਤਾਂ ਜਾਲੀ ਰਾਹੀਂ ਕਰਵਾਈਆਂ ਜਾਂਦੀਆਂ ਹਨ ਪਰ ਸੁਰੱਖਿਆ ਕਾਰਨਾਂ ਕਰਕੇ ਅੱਜ ਮੁਲਾਕਾਤ ਜੇਲ੍ਹ ਦੀ ਡਿਊਢੀ ਵਿਚੋਂ ਦੀ ਕਰਵਾਈ ਗਈ। ਜ਼ਿਕਰਯੋਗ ਹੈ ਕਿ 18 ਸਾਲ ਪੁਰਾਣੇ ਕਬੂਤਰਬਾਜ਼ੀ ਦੇ ਕੇਸ ’ਚ ਹਫਤਾ ਪਹਿਲਾਂ ਹੀ ਜੇਲ੍ਹ ਪੁੱਜੇ ਦਲੇਰ ਮਹਿੰਦੀ ਨੂੰ ਕਾਂਗਰਸ ਆਗੂ ਨਵਜੋਤ ਸਿੱਧੂ ਨਾਲ਼ ਹੀ 10 ਨੰਬਰ ਬੈਰਕ ’ਚ ਰੱਖਿਆ ਗਿਆ ਹੈ ਜਿਥੇ ਚਾਰ ਹੋਰ ਕੈਦੀ ਵੀ ਬੰਦ ਹਨ। ਇਸ ਬੈਰਕ ’ਚ ਸਿਰਫ਼ ਛੱਤ ਵਾਲੇ ਪੱਖੇ ਹਨ। ਦਲੇਰ ਮਹਿੰਦੀ ਨੂੰ ਫਰਸ਼ ’ਤੇ ਹੀ ਬਿਸਤਰਾ ਲਾ ਕੇ ਸੌਣਾ ਪੈਂਦਾ ਹੈ। ਦਲੇਰ ਮਹਿੰਦੀ ਵੱਲੋਂ ਸਜ਼ਾ ਖਿਲਾਫ਼ ਤੇ ਜ਼ਮਾਨਤ ਲਈ ਹਾਈਕੋਰਟ ’ਚ ਦਾਇਰ ਕੀਤੀਆਂ ਅਰਜ਼ੀਆਂ ’ਤੇ ਇੱਕ ਦਿਨ ਪਹਿਲਾਂ ਸੁਣਵਾਈ ਹੋਈ ਸੀ, ਅਦਾਲਤ ਨੇ ਅਗਲੀ ਸੁਣਵਾਈ 15 ਸਤੰਬਰ ਪਾਈ ਹੈੈ।