ਦਲਾਈਲਾਮਾ ਲੱਦਾਖ ਦੇ ਸਰਬਉੱਚ ਨਾਗਰਿਕ ਪੁਰਸਕਾਰ ਨਾਲ ਸਨਮਾਨਿਤ

ਦਲਾਈਲਾਮਾ ਲੱਦਾਖ ਦੇ ਸਰਬਉੱਚ ਨਾਗਰਿਕ ਪੁਰਸਕਾਰ ਨਾਲ ਸਨਮਾਨਿਤ

ਲੇਹ – ਤਿੱਬਤੀ ਅਧਿਆਤਮਕ ਆਗੂ ਦਲਾਈ ਲਾਮਾ ਨੂੰ ਮਨੁੱਖਤਾ, ਖਾਸ ਤੌਰ ’ਤੇ ਮਾਨਵਤਾ ਲਈ ਉਨ੍ਹਾਂ ਦੇ ਯੋਗਦਾਨ ਲਈ ਲੱਦਾਖ ਦੇ ਸਰਬਉੱਚ ਨਾਗਰਿਕ ਸਨਮਾਨ ‘ਪਾਲ ਨਗਮ ਦਸਤੋ’ ਨਾਲ ਸਨਮਾਨਿਤ ਕੀਤਾ ਗਿਆ। ਇੱਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਲੱਦਾਖ ਖੁਦਮੁਖਤਾਰ ਹਿੱਲ ਡਿਵੈਲਪਮੈਂਟ ਕੌਂਸਲ (ਐਲਏਐਚਡੀਸੀ), ਲੇਹ ਨੇ ਸ਼ੁੱਕਰਵਾਰ ਨੂੰ ਸਿੰਧੂ ਘਾਟ ਵਿਖੇ ਆਪਣਾ ਸਥਾਪਨਾ ਦਿਵਸ ਧੂਮਧਾਮ ਨਾਲ ਮਨਾਇਆ। 87 ਸਾਲਾ ਅਧਿਆਤਮਕ ਆਗੂ, ਜੋ 15 ਜੁਲਾਈ ਤੋਂ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਦੌਰੇ ‘ਤੇ ਹਨ, ਨੇ ਇਸ ਦੀ ਸ਼ਲਾਘਾ ਕੀਤੀ ਅਤੇ ਖੇਤਰ ਵਿੱਚ ਫਿਰਕੂ ਸਦਭਾਵਨਾ ਬਣਾਈ ਰੱਖਣ ‘ਤੇ ਜ਼ੋਰ ਦਿੱਤਾ। “ਲੱਦਾਖ ਅਤੇ ਤਿੱਬਤ ਧਾਰਮਿਕ ਅਤੇ ਸੱਭਿਆਚਾਰਕ ਸਮਾਨਤਾ ਦੇ ਨਾਲ ਨਾਲ ਸਿੰਧ ਨਦੀ ਨਾਲ ਜੁੜੇ ਹੋਏ ਹਨ।’’ ਉਨ੍ਹਾਂ ਕਿਹਾ ਕਿ ਵਾਤਾਵਰਣ ਵਿੱਚ ਬਦਲਾਅ ਚਿੰਤਾ ਦਾ ਵੱਡਾ ਕਾਰਨ ਹੈ। ਉਨ੍ਹਾਂ ਸਾਰਿਆਂ ਨੂੰ ਆਪਣੇ ਕੰਮ ਦੌਰਾਨ ਵਾਤਾਵਰਣ ਪ੍ਰਤੀ ਸੁਚੇਤ ਰਹਿਣ ਦੀ ਅਪੀਲ ਕੀਤੀ। ਸੰਸਦ ਮੈਂਬਰ ਜਾਮਯਾਂਗ ਸੇਰਿੰਗ ਨਾਮਗਿਆਲ ਨੇ ਕਿਹਾ ਕਿ ਲੱਦਾਖ ਨੂੰ 14ਵੇਂ ਦਲਾਈ ਲਾਮਾ ਨੂੰ ਆਪਣਾ ਸਰਬਉੱਚ ਸਨਮਾਨ ਦੇਣ ਦਾ ਮੌਕਾ ਮਿਲਿਆ ਹੈ।