ਦਰੋਪਦੀ ਮੁਰਮੂ ਨੂੰ ਚੋਣ ਕਮਿਸ਼ਨ ਵੱਲੋਂ ਜਿੱਤ ਦਾ ਪ੍ਰਮਾਣ ਪੱਤਰ ਜਾਰੀ

ਦਰੋਪਦੀ ਮੁਰਮੂ ਨੂੰ ਚੋਣ ਕਮਿਸ਼ਨ ਵੱਲੋਂ ਜਿੱਤ ਦਾ ਪ੍ਰਮਾਣ ਪੱਤਰ ਜਾਰੀ

ਚੋਣ ਕਮਿਸ਼ਨ ਦੇ ਮੈਂਬਰਾਂ ਨੇ ਪ੍ਰਮਾਣ ਪੱਤਰ ਉੱਤੇ ਸਾਂਝੇ ਤੌਰ ’ਤੇ ਦਸਤਖ਼ਤ ਕੀਤੇ; 25 ਨੂੰ ਹੋ ਸਕਦੈ ਸਹੁੰ ਚੁੱਕ ਸਮਾਗਮ
ਨਵੀਂ ਦਿੱਲੀ – ਰਾਸ਼ਟਰਪਤੀ ਚੋਣਾਂ ਵਿੱਚ ਜੇਤੂ ਰਹੀ ਐੱਨਡੀਏ ਦੀ ਉਮੀਦਵਾਰ ਦਰੋਪਦੀ ਮੁਰਮੂ ਨੂੰ ਅੱਜ ਚੋਣ ਕਮਿਸ਼ਨ ਨੇ ‘ਚੋਣਾਂ ਸਬੰਧੀ ਪ੍ਰਮਾਣ ਪੱਤਰ’ ਜਾਰੀ ਕੀਤਾ। ਰਿਟਰਨਿੰਗ ਅਫ਼ਸਰ ਵੱਲੋਂ ਚੋਣ ਕਮਿਸ਼ਨ ਨੂੰ ਨਤੀਜਾ ਸੌਂਪੇ ਜਾਣ ਤੋਂ ਬਾਅਦ ਪ੍ਰਮਾਣ ਪੱਤਰ ਜਾਰੀ ਕੀਤਾ ਗਿਆ।

ਚੋਣ ਕਮਿਸ਼ਨ ਨੇ ਟਵੀਟ ਕੀਤਾ, ‘‘ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਤੇ ਚੋਣ ਕਮਿਸ਼ਨਰ ਅਨੂਪ ਚੰਦਰ ਪਾਂਡੇ ਨੇ ‘ਸ੍ਰੀਮਤੀ ਦਰੋਪਦੀ ਮੁਰਮੂ ਦੀ ਭਾਰਤ ਦੇ ਅਗਲੇ ਰਾਸ਼ਟਰਪਤੀ ਵਜੋਂ ਚੋਣ ਸਬੰਧੀ ਪ੍ਰਮਾਣਿਕਤਾ’ ਉੱਤੇ ਸਾਂਝੇ ਤੌਰ ’ਤੇ ਦਸਤਖ਼ਤ ਕੀਤੇ।’’ ਪ੍ਰਮਾਣ ਪੱਤਰ ਹੁਣ ਕੇਂਦਰੀ ਗ੍ਰਹਿ ਸਕੱਤਰ ਕੋਲ ਭੇਜਿਆ ਜਾਵੇਗਾ ਜੋ ਕਿ ਭਾਰਤ ਦੇ 15ਵੇਂ ਰਾਸ਼ਟਰਪਤੀ ਦੇ ਸਹੁੰ ਚੁੱਕ ਸਮਾਰੋਹ ਮੌਕੇ ਇਸ ਨੂੰ ਪੜ੍ਹਨਗੇ। ਰਾਸ਼ਟਰਪਤੀ ਦਾ ਸਹੁੰ ਚੁੱਕ ਸਮਾਗਮ 25 ਜੁਲਾਈ ਨੂੰ ਸੰਸਦ ਭਵਨ ਦੇ ਇਤਿਹਾਸਕ ਸੈਂਟਰਲ ਹਾਲ ਵਿੱਚ ਹੋਣ ਦੀ ਸੰਭਾਵਨਾ ਹੈ। ਮੌਜੂਦਾ ਰਾਸ਼ਟਰਪਤੀ ਦਾ ਕਾਰਜਕਾਲ 24 ਜੁਲਾਈ ਨੂੰ ਖ਼ਤਮ ਹੋ ਰਿਹਾ ਹੈ। ਮੁਰਮੂ ਨੇ ਵੀਰਵਾਰ ਨੂੰ ਇਕਪਾਸੜ ਮੁਕਾਬਲੇ ਵਿੱਚ ਵਿਰੋਧੀ ਉਮੀਦਵਾਰ ਯਸ਼ਵੰਤ ਸਿਨਹਾ ਨੂੰ ਹਰਾਉਣ ਤੋਂ ਬਾਅਦ ਦੇਸ਼ ਦੀ ਪਹਿਲੀ ਆਦਿਵਾਸੀ ਰਾਸ਼ਟਰਪਤੀ ਬਣ ਕੇ ਇਤਿਹਾਸ ਸਿਰਜ ਦਿੱਤਾ ਸੀ। ਇਲੈਕਟੋਰਲ ਕਾਲਜ ਸਣੇ ਸੰਸਦ ਮੈਂਬਰਾਂ ਤੇ ਵਿਧਾਇਕਾਂ ਦੀਆਂ ਵੋਟਾਂ ਦੀ ਸਾਰਾ ਦਿਨ ਚੱਲੀ ਗਿਣਤੀ ’ਚ 64 ਫ਼ੀਸਦ ਵੈਧ ਵੋਟਾਂ ਹਾਸਲ ਕਰਨ ਮਗਰੋਂ 64 ਸਾਲਾ ਮੁਰਮੂ ਨੇ ਸਿਨਹਾ ਖ਼ਿਲਾਫ਼ ਵੱਡੇ ਫ਼ਰਕ ਨਾਲ ਜਿੱਤ ਹਾਸਲ ਕੀਤੀ ਸੀ। ਦਸ ਘੰਟੇ ਤੋਂ ਵੱਧ ਚੱਲੀ ਵੋਟਾਂ ਦੀ ਗਿਣਤੀ ਦੀ ਪ੍ਰਕਿਰਿਆ ਖ਼ਤਮ ਹੋਣ ’ਤੇ ਰਿਟਰਨਿੰਗ ਅਫ਼ਸਰ ਪੀ.ਸੀ. ਮੋਦੀ ਨੇ ਮੁਰਮੂ ਨੂੰ ਜੇੇਤੂ ਐਲਾਨ ਦਿੱਤਾ ਅਤੇ ਕਿਹਾ ਕਿ ਉਨ੍ਹਾਂ ਨੂੰ 6,76,803 ਵੋਟਾਂ ਮਿਲੀਆਂ ਹਨ ਜਦਕਿ ਉਨ੍ਹਾਂ ਦੇ ਵਿਰੋਧੀ ਉਮੀਦਵਾਰ ਸਿਨਹਾ ਨੂੰ 3,80,177 ਵੋਟਾਂ ਮਿਲੀਆਂ। ਮੁਰਮੂ ਆਜ਼ਾਦੀ ਤੋਂ ਬਾਅਦ ਪੈਦਾ ਹੋਣ ਵਾਲੇ ਅਤੇ ਇਸ ਚੋਟੀ ਦੇ ਅਹੁਦੇ ’ਤੇ ਬਿਰਾਜਮਾਨ ਹੋਣ ਵਾਲੇ ਸਭ ਤੋਂ ਘੱਟ ਉਮਰ ਦੇ ਪਹਿਲੇ ਰਾਸ਼ਟਰਪਤੀ ਹੋਣਗੇ। ਪ੍ਰਤਿਭਾ ਪਾਟਿਲ ਤੋਂ ਬਾਅਦ ਉਹ ਦੇਸ਼ ਦੀ ਦੂਜੀ ਮਹਿਲਾ ਰਾਸ਼ਟਰਪਤੀ ਬਣਨਗੇ।

ਉਪ ਰਾਸ਼ਟਰਪਤੀ ਤੇ ਹੋਰ ਸ਼ਖ਼ਸੀਅਤਾਂ ਨੇ ਮੁਰਮੂ ਨੂੰ ਮਿਲ ਕੇ ਮੁਬਾਰਕਬਾਦ ਦਿੱਤੀ
ਨਵੀਂ ਦਿੱਲੀ: ਉਪ ਰਾਸ਼ਟਰਪਤੀ ਐੱਮ ਵੈਂਕੱਈਆ ਨਾਇਡੂ ਨੇ ਅੱਜ ਇੱਥੇ ਦਰੋਪਦੀ ਮੁਰਮੂ ਦੀ ਆਰਜ਼ੀ ਰਿਹਾਇਸ਼ ਵਿਖੇ ਪਹੁੰਚ ਕੇ ਉਨ੍ਹਾਂ ਨਾਲ ਮੁਲਾਕਾਤ ਕੀਤੀ ਅਤੇ ਦੇਸ਼ ਦਾ 15ਵਾਂ ਰਾਸ਼ਟਰਪਤੀ ਚੁਣੇ ਜਾਣ ’ਤੇ ਮੁਬਾਰਕਬਾਦ ਦਿੱਤੀ। ਸ੍ਰੀ ਮੁਰਮੂ ਨੂੰ ਮਿਲਣ ਵਾਲਿਆਂ ਵਿੱਚ ਕੇਂਦਰੀ ਮੰਤਰੀ ਅਤੇ ਸਾਧੂ-ਸੰਤ ਸ਼ਾਮਲ ਸਨ। ਦੇਸ਼ ਦੇ ਸਭ ਤੋਂ ਸਿਖਰਲੇ ਅਹੁਦੇ ’ਤੇ ਚੁਣੇ ਜਾਣ ਦੇ ਬਾਅਦ ਤੋਂ ਮੁਰਮੂ ਨੂੰ ਮਿਲਣ ਤੇ ਵਧਾਈਆਂ ਦੇਣ ਵਾਲਿਆਂ ਦੀ ਭੀੜ ਲੱਗੀ ਹੋਈ ਹੈ। ਸ੍ਰੀਮਤੀ ਮੁਰਮੂ ਨੂੰ ਮਿਲਣ ਵਾਲਿਆਂ ਵਿੱਚ ਸ੍ਰੀ ਨਾਇਡੂ ਤੋਂ ਇਲਾਵਾ ਕੇਂਦਰੀ ਮੰਤਰੀ ਭੁਪੇਂਦਰ ਯਾਦਵ ਤੇ ਜੀ ਕਿਸ਼ਨ ਰੈੱਡੀ, ਧਾਰਮਿਕ ਆਗੂ ਤੇ ਅਧਿਆਤਮਕ ਸੰਸਥਾ ਬ੍ਰਹਮ ਕੁਮਾਰੀ ਜਿਸ ਨਾਲ ਮੁਰਮੂ ਜੁੜੀ ਹੋਈ ਹੈ, ਦੇ ਅਹੁਦੇਦਾਰ ਵੀ ਸ਼ਾਮਲ ਸਨ। ਉਪ ਰਾਸ਼ਟਰਪਤੀ ਦਫ਼ਤਰ ਨੇ ਟਵੀਟ ਕੀਤਾ, ‘‘ਨਾਇਡੂ ਨੇ ਮੁਰਮੂ ਨਾਲ ਮੁਲਾਕਾਤ ਕੀਤੀ ਅਤੇ ਦੇਸ਼ ਦਾ 15ਵਾਂ ਰਾਸ਼ਟਰਪਤੀ ਚੁਣੇ ਜਾਣ ’ਤੇ ਉਨ੍ਹਾਂ ਨੂੰ ਵਧਾਈ ਦਿੱਤੀ।’’ ਸੂਤਰਾਂ ਅਨੁਸਾਰ ਇਹ ਮੀਟਿੰਗ 15 ਮਿੰਟ ਚੱਲੀ। ਭਾਜਪਾ ਦੇ ਜਨਰਲ ਸਕੱਤਰ ਵਿਨੋਦ ਤਾਵੜੇ ਸਣੇ ਪਾਰਟੀ ਦੇ ਕਈ ਸੀਨੀਅਰ ਆਗੂਆਂ ਨੇ ਵੀ ਮੁਰਮੂ ਨੂੰ ਨਿੱਜੀ ਤੌਰ ’ਤੇ ਮੁਬਾਰਕਬਾਦ ਦਿੱਤੀ।