ਦਰਸ਼ਕਾਂ ’ਤੇ ਸਾਰਥਕ ਪ੍ਰਭਾਵ ਪਾਉਣ ਵਾਲੀਆਂ ਫ਼ਿਲਮਾਂ ਦੀ ਤਲਾਸ਼: ਮਾਧੁਰੀ

ਦਰਸ਼ਕਾਂ ’ਤੇ ਸਾਰਥਕ ਪ੍ਰਭਾਵ ਪਾਉਣ ਵਾਲੀਆਂ ਫ਼ਿਲਮਾਂ ਦੀ ਤਲਾਸ਼: ਮਾਧੁਰੀ

ਮੁੰਬਈ: ਫਿਲਮ ਅਦਾਕਾਰਾ ਮਾਧੁਰੀ ਦੀਕਸ਼ਿਤ ਨੇ ਅਦਾਕਾਰੀ ਤੋਂ ਬਾਅਦ ਫਿਲਮਾਂ ਦੇ ਨਿਰਮਾਣ ਦਾ ਵੀ ਰੁਖ਼ ਕਰ ਲਿਆ ਹੈ। ਉਸ ਦਾ ਕਹਿਣਾ ਹੈ ਕਿ ਉਹ ਸਾਰਥਕ ਸਿਨੇਮਾ ਕਰਨ ਦੀ ਇੱਛੁਕ ਹੈ ਕਿਉਂਕਿ ਉਸ ਦਾ ਮੰਨਣਾ ਹੈ ਕਿ ਅਜਿਹੀਆਂ ਫਿਲਮਾਂ ਦਾ ਦਰਸ਼ਕਾਂ ’ਤੇ ਸਕਾਰਾਤਮਕ ਅਸਰ ਪੈਂਦਾ ਹੈ। ਨੱਬੇ ਦੇ ਦਹਾਕੇ ਵਿੱਚ ਸੁਪਰਹਿੱਟ ਫਿਲਮਾਂ ‘ਦਿਲ’, ‘ਸਾਜਨ’, ‘ਹਮ ਆਪਕੇ ਹੈ ਕੌਨ..!’ ਦੇਣ ਵਾਲੀ ਮਾਧੁਰੀ ਨੇ ਬੌਲੀਵੁਡ ’ਤੇ ਲੰਬਾ ਸਮਾਂ ਰਾਜ ਕੀਤਾ ਹੈ। ਉਹ ਆਪਣੀ ਦੂਜੀ ਪਾਰੀ ਵਿੱਚ ‘ਆਜਾ ਨੱਚ ਲੈ’, ‘ਬਕੇਟ ਲਿਸਟ’, ‘ਡੇਢ ਇਸ਼ਕੀਆ’ ਅਤੇ ‘ਮਾਜਾ ਮਾ’ ਵਰਗੀਆਂ ਫਿਲਮਾਂ ਵਿੱਚ ਕੰਮ ਕਰ ਚੁੱਕੀ ਹੈ। ਅਦਾਕਾਰਾ ਨੇ ਏਜੰਸੀ ਨਾਲ ਗੱਲਬਾਤ ਕਰਦਿਆਂ ਕਿਹਾ, ‘ਮੈਂ ਅਜਿਹੀਆਂ ਫਿਲਮਾਂ ਅਤੇ ਕਿਰਦਾਰਾਂ ਦੀ ਤਲਾਸ਼ ਕਰ ਰਹੀ ਹਾਂ ਜੋ ਔਖੇ ਤੇ ਵੱਖਰੇ ਹੋਣ ਅਤੇ ਉਹ ਦਰਸ਼ਕਾਂ ’ਤੇ ਪ੍ਰਭਾਵ ਪਾਉਣ ਤੇ ਦਰਸ਼ਕਾਂ ਨੂੰ ਸੋਚਣ ਲਈ ਮਜਬੂਰ ਕਰਨ।’ ਉਸ ਦੀ ਨਵੀਂ ਮਰਾਠੀ ਫਿਲਮ ‘ਪੰਚਕ’ ਅੰਧਵਿਸ਼ਵਾਸ ਅਤੇ ਮੌਤ ਦੇ ਡਰ ਵਰਗੇ ਵਿਸ਼ਿਆਂ ਦੁਆਲੇ ਘੁੰਮਦੀ ਹੈ। ਇਸ ਫਿਲਮ ਦੇ ਨਿਰਮਾਣ ਵਿੱਚ ਮਾਧੁਰੀ ਦਾ ਉਸ ਦੇ ਪਤੀ ਸ੍ਰੀਰਾਮ ਨੇਨੇ ਨੇ ਵੀ ਸਹਿਯੋਗ ਦਿੱਤਾ ਹੈ।