ਦਰਬਾਰ ਸਾਹਿਬ ਨੇੜੇ ਹੈਰੀਟੇਜ ਸਟਰੀਟ ਵਿੱਚ ਧਮਾਕਾ; ਕੁਝ ਯਾਤਰੀ ਜ਼ਖ਼ਮੀ

ਦਰਬਾਰ ਸਾਹਿਬ ਨੇੜੇ ਹੈਰੀਟੇਜ ਸਟਰੀਟ ਵਿੱਚ ਧਮਾਕਾ; ਕੁਝ ਯਾਤਰੀ ਜ਼ਖ਼ਮੀ

ਧਮਾਕੇ ਦਾ ਕਾਰਨ ਭੇਤ ਬਣਿਆ; ਫੋਰੈਂਸਿਕ ਮਾਹਿਰਾਂ ਦੀ ਟੀਮ ਵੱਲੋਂ ਘਟਨਾ ਸਥਾਨ ਦੀ ਜਾਂਚ
ਅੰਮ੍ਰਿਤਸਰ – ਸ੍ਰੀ ਦਰਬਾਰ ਸਾਹਿਬ ਨੇੜੇ ਹੈਰੀਟੇਜ ਸਟਰੀਟ ਵਿੱਚ ਬੀਤੀ ਰਾਤ ਹੋਇਆ ਧਮਾਕਾ ਫਿਲਹਾਲ ਭੇਤ ਬਣਿਆ ਹੋਇਆ ਹੈ। ਇਸ ਧਮਾਕੇ ਨਾਲ ਇਮਾਰਤ ਦੀ ਖਿੜਕੀਆਂ ਦੇ ਸ਼ੀਸ਼ੇ ਟੁੱਟਣ ਕਾਰਨ ਹੈਰੀਟੇਜ ਸਟਰੀਟ ਵਿੱਚ ਆਏ ਕੁਝ ਯਾਤਰੀ ਜ਼ਖ਼ਮੀ ਹੋ ਗਏ। ਇਕ ਘਟਨਾ ਬੀਤੀ ਰਾਤ ਲਗਭਗ 12 ਵਜੇ ਵਾਪਰੀ।

ਹੈਰੀਟੇਜ ਸਟਰੀਟ ਵਿੱਚ ਸਾਰਾਗੜ੍ਹੀ ਨਿਵਾਸ ਦੇ ਸਾਹਮਣੇ ਪਾਰਕਿੰਗ ਵਿੱਚ ਹੋਏ ਧਮਾਕੇ ਕਾਰਨ ਇੱਥੇ ਲੱਗੇ ਸ਼ੀਸ਼ੇ ਟੁੱਟ ਗਏ। ਸ਼ੀਸ਼ਿਆਂ ਦੀਆਂ ਕੰਕਰਾਂ ਵੱਜਣ ਕਾਰਨ ਕੁਝ ਯਾਤਰੀ ਜ਼ਖਮੀ ਹੋਏ ਹਨ। ਮੌਕੇ ’ਤੇ ਹਾਜ਼ਰ ਲੋਕਾਂ ਮੁਤਾਬਿਕ ਰਾਤ ਵੇਲੇ ਧਮਾਕਾ ਹੋਇਆ ਜਿਸ ਦੀ ਆਵਾਜ਼ ਦੂਰ ਤੱਕ ਸੁਣਾਈ ਦਿੱਤੀ। ਧਮਾਕੇ ਤੋਂ ਬਾਅਦ ਅੱਗ ਨਿਕਲੀ ਅਤੇ ਫਿਰ ਧੂੰਆਂ ਹੀ ਧੂੰਆਂ ਹੋ ਗਿਆ। ਸ਼ੀਸ਼ੇ ਦੀਆਂ ਕੰਕਰਾਂ ਵੱਜਣ ਕਾਰਨ ਜ਼ਖ਼ਮੀ ਹੋਈਆ ਕੁੜੀਆਂ ਹਰਿਆਣਾ ਸੂਬੇ ਤੋਂ ਆਈਆਂ ਹੋਈਆਂ ਸਨ ਜਿਨ੍ਹਾਂ ਨੂੰ ਸਥਾਨਕ ਲੋਕਾਂ ਨੇ ਮੈਡੀਕਲ ਸਹੂਲਤ ਮੁਹੱਈਆ ਕਰਵਾਈ। ਇਸੇ ਤਰ੍ਹਾਂ ਇੱਕ ਨੌਜਵਾਨ ਦੀ ਲੱਤ ਵਿੱਚ ਸ਼ੀਸ਼ੇ ਦੀ ਕੰਕਰ ਲੱਗੀ ਹੈ ਅਤੇ ਉਹ ਵਧੇਰੇ ਜ਼ਖਮੀ ਹੋਇਆ ਹੈ। ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਆਏ ਸ਼ਰਧਾਲੂਆਂ, ਜੋ ਉਸ ਵੇਲੇ ਹੈਰੀਟੇਜ ਸਟਰੀਟ ਵਿਚ ਸਨ, ਨੇ ਦੱਸਿਆ ਕਿ ਧਮਾਕੇ ਤੋਂ ਬਾਅਦ ਕਾਫੀ ਧੂੰਆਂ ਨਿਕਲਿਆ ਸੀ ਅਤੇ ਹਵਾ ਵਿੱਚ ਬਦਬੂ ਵੀ ਫੈਲ ਗਈ ਸੀ। ਉਨ੍ਹਾਂ ਨੇ ਜ਼ਖਮੀ ਹੋਈਆਂ ਕੁੜੀਆਂ ਨੂੰ ਮੈਡੀਕਲ ਮਦਦ ਮੁਹੱਈਆ ਕਰਵਾਈ। ਇਸ ਧਮਾਕੇ ਦੀ ਜਾਂਚ ਵਾਸਤੇ ਅੱਜ ਚੰਡੀਗੜ੍ਹ ਤੋਂ ਫੋਰੈਂਸਿਕ ਮਾਹਿਰਾਂ ਦੀ ਟੀਮ ਵੀ ਇੱਥੇ ਪੁੱਜੀ ਸੀ ਜਿਸ ਨੇ ਘਟਨਾ ਸਥਾਨ ਦਾ ਜਾਇਜ਼ਾ ਲਿਆ ਹੈ। ਪੁਲੀਸ ਅਧਿਕਾਰੀਆਂ ਨੇ ਆਖਿਆ ਕਿ ਫ਼ਿਲਹਾਲ ਜਾਂਚ ਜਾਰੀ ਹੈ। ਪੁਲੀਸ ਕਮਿਸ਼ਨਰ ਨੌਨਿਹਾਲ ਸਿੰਘ ਨੇ ਆਖਿਆ ਕਿ ਇਸ ਘਟਨਾ ਦੀ ਜਾਂਚ ਰਿਪੋਰਟ ਦੀ ਉਡੀਕ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਤੋਂ ਆਏ ਫੋਰੈਂਸਿਕ ਮਾਹਰਾਂ ਦੀ ਟੀਮ ਨੇ ਘਟਨਾ ਸਥਾਨ ਦੀ ਜਾਂਚ ਕੀਤੀ ਹੈ ਪਰ ਉਨ੍ਹਾਂ ਵੱਲੋਂ ਫਿਲਹਾਲ ਆਪਣੀ ਕੋਈ ਰਿਪੋਰਟ ਨਹੀਂ ਦਿੱਤੀ ਗਈ। ਜਦੋਂ ਤੱਕ ਰਿਪੋਰਟ ਸਾਹਮਣੇ ਨਹੀਂ ਆਉਂਦੀ, ਇਸ ਧਮਾਕੇ ਦੇ ਕਾਰਨਾਂ ਬਾਰੇ ਕੁਝ ਵੀ ਕਹਿਣਾ ਜਾਇਜ਼ ਨਹੀਂ ਹੋਵੇਗਾ। ਇਸ ਤੋਂ ਪਹਿਲਾਂ ਰਾਤ ਵੇਲੇ ਘਟਨਾ ਸਥਾਨ ’ਤੇ ਪੁੱਜੇ ਪੁਲੀਸ ਅਧਿਕਾਰੀਆਂ ਨੇ ਆਖਿਆ ਸੀ ਕਿ ਇਹ ਧਮਾਕਾ ਹਾਦਸਾ ਹੈ ਨਾ ਕਿ ਕੋਈ ਅਤਿਵਾਦੀ ਕਾਰਵਾਈ ਹੈ। ਜੇਕਰ ਕੋਈ ਬੰਬ ਧਮਾਕਾ ਹੁੰਦਾ ਤਾਂ ਇਸ ਨਾਲ ਇਮਾਰਤ ਨੂੰ ਵੀ ਨੁਕਸਾਨ ਹੋਣਾ ਸੀ ਪਰ ਇਮਾਰਤ ਦੇ ਅੰਦਰ ਸਭ ਕੁਝ ਠੀਕ ਹੈ। ਸਿਰਫ ਇਮਾਰਤ ਦੇ ਕੁਝ ਸ਼ੀਸ਼ੇ ਟੁੱਟੇ ਹਨ। ਇਸ ਦੌਰਾਨ ਪੁਲੀਸ ਨੇ ਲੋਕਾਂ ਨੂੰ ਆਖਿਆ ਕਿ ਉਹ ਅਮਨ ਅਤੇ ਸ਼ਾਂਤੀ ਬਣਾਈ ਰੱਖਣ, ਤੱਥਹੀਣ ਖਬਰਾਂ ਨੂੰ ਸੋਸ਼ਲ ਮੀਡੀਆ ’ਤੇ ਨਾ ਪ੍ਰਚਾਰਿਆ ਜਾਵੇ ਅਤੇ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ।