ਦਰਬਾਰ ਸਾਹਿਬ ’ਚ ਜਿੰਦਾ ਤੇ ਸੁੱਖਾ ਦੀ ਬਰਸੀ ਮਨਾਈ

ਵਧੀਕ ਮੁੱਖ ਗ੍ਰੰਥੀ ਵੱਲੋਂ ਪਰਿਵਾਰਕ ਮੈਂਬਰਾਂ ਦਾ ਸਨਮਾਨ

ਅੰਮ੍ਰਿਤਸਰ- ਸਾਕਾ ਨੀਲਾ ਤਾਰਾ ਦੇ ਸਬੰਧ ਵਿਚ ਭਾਰਤੀ ਫੌਜ ਦੇ ਜਨਰਲ ਏਐੱਸ ਵੈਦਿਆ ਨੂੰ ਕਤਲ ਕਰਨ ਵਾਲੇ ਹਰਜਿੰਦਰ ਸਿੰਘ ਜਿੰਦਾ ਅਤੇ ਸੁਖਦੇਵ ਸਿੰਘ ਸੁੱਖਾ ਦਾ ਬਰਸੀ ਸਮਾਗਮ ਅੱਜ ਇੱਥੇ ਦਰਬਾਰ ਸਾਹਿਬ ਸਮੂਹ ਵਿੱਚ ਮਨਾਇਆ ਗਿਆ। ਇਸ ਸਬੰਧੀ ਗੁਰਦੁਆਰਾ ਝੰਡਾ ਬੁੰਗਾ ਵਿਖੇ ਰੱਖੇ ਅਖੰਡ ਪਾਠ ਦੇ ਭੋਗ ਪਾਏ ਗਏ ਅਤੇ ਗੁਰਬਾਣੀ ਦਾ ਕੀਰਤਨ ਕੀਤਾ ਗਿਆ। ਸਮਾਗਮ ਵਿੱਚ ਭਾਈ ਜਿੰਦਾ ਦੇ ਭਰਾ ਭੁਪਿੰਦਰ ਸਿੰਘ, ਨਿਰਵੈਲ ਸਿੰਘ ਅਤੇ ਭਾਈ ਸੁੱਖਾ ਦੀ ਭੈਣ ਕੁਲਵੰਤ ਕੌਰ ਤੇ ਉਨ੍ਹਾਂ ਦੇ ਹੋਰ ਪਰਿਵਾਰਕ ਮੈਂਬਰ ਸ਼ਾਮਲ ਸਨ, ਜਿਨ੍ਹਾਂ ਨੂੰ ਵਧੀਕ ਮੁੱਖ ਗ੍ਰੰਥੀ ਗਿਆਨੀ ਜਗਤਾਰ ਸਿੰਘ ਅਤੇ ਮੈਨੇਜਰ ਸੁਲੱਖਣ ਸਿੰਘ ਭੰਗਾਲੀ ਆਦਿ ਨੇ ਸਿਰੋਪੇ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸਾਬਕਾ ਫੈਡਰੇਸ਼ਨ ਆਗੂ ਅਤੇ ਅਕਾਲੀ ਆਗੂ ਕਰਨੈਲ ਸਿੰਘ ਪੀਰ ਮੁਹੰਮਦ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ ਮੰਗ ਕੀਤੀ ਕਿ ਸਿੱਖਾਂ ਦੇ ਸਮੂਹ ਸ਼ਹੀਦਾਂ ਦੇ ਬਰਸੀ ਸਮਾਗਮਾਂ ਸਬੰਧੀ ਸ੍ਰੀ ਅਕਾਲ ਤਖ਼ਤ ਵਿਖੇ ਭੋਗ ਪਾਉਣ ਤੋਂ ਬਾਅਦ ਬਾਕੀ ਸਮਾਗਮ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਕੀਤੇ ਜਾਣ। ਸਿੱਖ ਆਗੂ ਨਰੈਣ ਸਿੰਘ ਚੌੜਾ ਨੇ ਆਖਿਆ ਕਿ ਸਿੱਖ ਗੁਰਧਾਮਾਂ ’ਤੇ ਹਮਲਾ ਕਰਨ ਵਾਲਿਆਂ ਕੋਲੋਂ ਸਿੱਖ ਬਦਲਾ ਜ਼ਰੂਰ ਲੈਣਗੇ। ਸਮਾਗਮ ਵਿੱਚ ਦਲ ਖ਼ਾਲਸਾ ਵੱਲੋਂ ਸਰਬਜੀਤ ਸਿੰਘ ਘੁਮਾਣ, ਪਰਮਜੀਤ ਸਿੰਘ ਮੰਡ, ਮਾਨ ਦਲ ਵੱਲੋਂ ਹਰਬੀਰ ਸਿੰਘ ਸੰਧੂ, ਬਲਵਿੰਦਰ ਸਿੰਘ ਕਾਲਾ ਤੇ ਬੇਅੰਤ ਸਿੰਘ ਖਿਆਲਾ ਆਦਿ ਸ਼ਾਮਲ ਸਨ।