ਥਾਈਲੈਂਡ ਪੈਰਾ ਬੈਡਮਿੰਟਨ: ਪ੍ਰਮੋਦ ਭਗਤ ਅਤੇ ਸੁਹਾਸ ਨੇ ਸੋਨ ਤਗ਼ਮੇ ਜਿੱਤੇ

ਥਾਈਲੈਂਡ ਪੈਰਾ ਬੈਡਮਿੰਟਨ: ਪ੍ਰਮੋਦ ਭਗਤ ਅਤੇ ਸੁਹਾਸ ਨੇ ਸੋਨ ਤਗ਼ਮੇ ਜਿੱਤੇ

ਨਵੀਂ ਦਿੱਲੀ – ਟੋਕੀਓ ਪੈਰਾਲੰਪਿਕ ਚੈਂਪੀਅਨ ਪ੍ਰਮੋਦ ਭਗਤ ਨੇ ਅੱਜ ਇੱਥੇ ਥਾਈਲੈਂਡ ਪੈਰਾ ਬੈਡਮਿੰਟਨ ਇੰਟਰਨੈਸ਼ਨਲ ਟੂਰਨਾਮੈਂਟ ਵਿੱਚ ਦੋ ਸੋਨ ਤਗ਼ਮੇ ਜਿੱਤੇ ਹਨ। ਪ੍ਰਮੋਦ ਨੇ ਪੁਰਸ਼ ਸਿੰਗਲਜ਼ ਐੱਸਐੱਲ3 ਦੇ ਫਾਈਨਲ ਵਿੱਚ ਇੰਗਲੈਂਡ ਦੇ ਡੇਨੀਅਲ ਬੈਥੈੱਲ ਨੂੰ ਹਰਾਇਆ ਜਦਕਿ ਪੁਰਸ਼ ਡਬਲਜ਼ ਐੱਸਐੱਲ3-ਐੱਸਐੱਲ4 ਵਰਗ ’ਚ ਉਸ ਨੇ ਸੁਕਾਂਤ ਕਦਮ ਨਾਲ ਜੋੜੀ ਬਣਾ ਕੇ ਸੋਨ ਤਗ਼ਮਾ ਜਿੱਤਿਆ। ਇਸ ਦੌਰਾਨ ਸੁਹਾਸ ਲਲਿਨਕੇਰੇ ਥਥੀਰਾਜ ਨੇ ਐੱਸਐੱਲ4 ਵਰਗ ਵਿੱਚ ਸੋਨ ਤਗ਼ਮਾ ਆਪਣੇ ਨਾਂ ਕੀਤਾ।
ਪੁਰਸ਼ ਸਿੰਗਲਜ਼ ਵਰਗ ਦੇ ਫਾਈਨਲ ’ਚ ਭਾਰਤ ਦੇ ਸੁਹਾਸ ਨੇ ਹਮਵਤਨ ਸੁਕਾਂਤ ਨੂੰ 21-14 17-21 21-11 ਨਾਲ ਹਰਾਇਆ। ਦੂਜੇ ਪਾਸੇ ਮਹਿਲਾ ਸਿੰਗਲਜ਼ ’ਚ ਨਿਥਯਾ ਸ੍ਰੀ ਸੁਮਾਥੀ ਸਿਵਾਨ ਅਤੇ ਥੁਲਸਿਮਾਥੀ ਮੁਰੂਗੇਸਨ ਨੇ ਕ੍ਰਮਵਾਰ ਐੱਸਐੱਚ6 ਅਤੇ ਐੱਸਐੱਚ5 ਵਰਗ ਵਿੱਚ ਚਾਂਦੀ ਦੇ ਤਗ਼ਮਿਆਂ ਨਾਲ ਆਪਣਾ ਸਫਰ ਸਮਾਪਤ ਕੀਤਾ। ਇਸ ਤੋਂ ਪਹਿਲਾਂ ਪੁਰਸ਼ ਸਿੰਗਲਜ਼ ਐੱਸਐੱਲ3 ਵਰਗ ਦੇ ਫਾਈਨਲ ਵਿੱਚ ਪ੍ਰਮੋਦ ਨੇ ਪਹਿਲਾ ਸੈੱਟ 21-18 ਨਾਲ ਜਿੱਤਿਆ ਸੀ ਜਿਸ ਮਗਰੋਂ ਡੇਨੀਅਲ ਨੇ ਸੱਟ ਕਾਰਨ ਮੁਕਾਬਲੇ ਵਿੱਚੋਂ ਹਟਣ ਦਾ ਫ਼ੈਸਲਾ ਕੀਤਾ। ਡਬਲਜ਼ ਵਰਗ ਦੇ ਫਾਈਨਲ ’ਚ ਪ੍ਰਮੋਦ ਤੇ ਸੁਕਾਂਤ ਨੇ ਹਮਵਤਨ ਨਿਤੇਸ਼ ਕੁਮਾਰ ਅਤੇ ਤਰੁਨ ਨੂੰ 18-21 21-14 21-19 ਨਾਲ ਹਰਾਇਆ।