ਤਖ਼ਤ ਪਟਨਾ ਸਾਹਿਬ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ ਦਾ ਦੇਹਾਂਤ

ਨਵੀਂ ਦਿੱਲੀ- ਤਖ਼ਤ ਸ੍ਰੀ ਪਟਨਾ ਸਾਹਿਬ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ ਦੀ ਸਵੇਰੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸ੍ਰੀ ਹਿੱਤ ਰਾਜੌਰੀ ਗਾਰਡਨ ਵਿੱਚ ਰਹਿੰਦੇ ਸਨ। ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਡਾ ਨੇ ਅਵਤਾਰ ਸਿੰਘ ਹਿੱਤ ਦੇ ਦੇਹਾਂਤ ’ਤੇ ਦੁੱਖ ਪ੍ਰਗਟ ਕੀਤਾ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਅਵਤਾਰ ਸਿੰਘ ਨਾਲ ਆਪਣੀ ਤਸਵੀਰ ਸਾਂਝੀ ਕਰਦਿਆਂ ਟਵਿੱਟਰ ’ਤੇ ਲਿਖਿਆ, ‘ਸੀਨੀਅਰ ਅਕਾਲੀ ਆਗੂ ਤੇ ਤਖ਼ਤ ਸ੍ਰੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਹਿੱਤ ਦੇ ਅਕਾਲ ਚਲਾਣੇ ਬਾਰੇ ਜਾਣ ਕੇ ਬਹੁਤ ਦੁੱਖ ਹੋਇਆ। ਅਕਾਲੀ ਦਲ ਦੀ ਤਰਫ਼ੋਂ ਮੈਂ ਉਨ੍ਹਾਂ ਦੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਦਾ ਹਾਂ। ਹਿੱਤ ਸਾਹਿਬ ਨੂੰ ਪੰਥ ਅਤੇ ਪਾਰਟੀ ਲਈ ਉਨ੍ਹਾਂ ਦੇ ਯੋਗਦਾਨ ਲਈ ਯਾਦ ਕੀਤਾ ਜਾਵੇਗਾ।’ ਆਸਟਰੇਲੀਆ ਦੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਪ੍ਰੀਤਪਾਲ ਸਿੰਘ ਕਪੂਰ, ਹਰਮਨਜੀਤ ਸਿੰਘ ਤੇ ਹੋਰ ਆਗੂਆਂ ਨੇ ਸ੍ਰੀ ਹਿੱਤ ਦੀ ਮੌਤ ’ਤੇ ਦੁੱਖ ਪ੍ਰਗਟ ਕੀਤਾ ਹੈ। 80 ਸਾਲ ਦੇ ਹਿੱਤ ਦਾ ਜਨਮ ਪੰਜਾਬ ਵਿੱਚ ਸੁਲਤਾਨਪੁਰ ਲੋਧੀ ਨੇੜੇ ਪਿੰਡ ਮੈਰੀਪੁਰ (ਜ਼ਿਲ੍ਹਾ ਕਪੂਰਥਲਾ) ਵਿੱਚ ਹੋਇਆ ਸੀ। ਉਹ ਆਪਣੇ ਘਰ ਵਿੱਚ ਹੀ ਸਨ ਕਿ ਦਿਲ ਦਾ ਦੌਰਾ ਪੈ ਗਿਆ।