ਤੋਸ਼ਾਖਾਨਾ ਮਾਮਲਾ: ਨਵਾਜ਼ ਸ਼ਰੀਫ ਨੂੰ ਜ਼ਮਾਨਤ ਮਿਲੀ

ਤੋਸ਼ਾਖਾਨਾ ਮਾਮਲਾ: ਨਵਾਜ਼ ਸ਼ਰੀਫ ਨੂੰ ਜ਼ਮਾਨਤ ਮਿਲੀ

ਇਸਲਾਮਾਬਾਦ- ਚਾਰ ਸਾਲ ਦੀ ਸਵੈ-ਜਲਾਵਤਨੀ ਤੋਂ ਬਾਅਦ ਲੰਡਨ ਤੋਂ ਪਰਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ (73) ਆਪਣੇ ਖ਼ਿਲਾਫ਼ ਚੱਲਦੇ ਭ੍ਰਿਸ਼ਟਾਚਾਰ ਦੇ ਮਾਮਲਿਆਂ ’ਚ ਅੱਜ ਇਕ ਸਥਾਨਕ ਅਦਾਲਤ ਵਿੱਚ ਪੇਸ਼ ਹੋਏ। ਤਿੰਨ ਵਾਰ ਪ੍ਰਧਾਨ ਮੰਤਰੀ ਰਹੇ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀਐੱਮਐੱਲ-ਐੱਨ) ਦੇ ਮੁਖੀ ਸ਼ਨਿਚਰਵਾਰ ਨੂੰ ਪਾਕਿਸਤਾਨ ਪਰਤੇ ਸਨ। ਉਨ੍ਹਾਂ ਦੀ ਗੈਰ-ਮੌਜੂਦਗੀ ਕਾਰਨ ਜਿਹੜੇ ਕੇਸਾਂ ਦੀ ਸੁਣਵਾਈ ਰੁਕ ਗਈ ਸੀ, ਉਹ ਮੁੜ ਸ਼ੁਰੂ ਹੋ ਜਾਵੇਗੀ। ਸ਼ਰੀਫ ਨੇ ਇਸਲਾਮਾਬਾਦ ਆਧਾਰਤ ਜੱਜ ਮੁਹੰਮਦ ਬਸ਼ੀਰ ਦੀ ਇਹਤਸਾਬ ਅਦਾਲਤ ਵਿੱਚ ਹਾਜ਼ਰੀ ਲਗਾਈ। ਅਦਾਲਤ ਨੇ ਚਾਰ ਸਾਲਾਂ ਬਾਅਦ ਪਾਕਿਸਤਾਨ ਵਾਪਸੀ ਯਕੀਨੀ ਬਣਾਉਣ ਲਈ ਤੋਸ਼ਾਖਾਨਾ ਮਾਮਲੇ ਵਿੱਚ ਉਨ੍ਹਾਂ ਦੀ ਗ੍ਰਿਫ਼ਤਾਰੀ ਦੇ ਹੁਕਮਾਂ ਨੂੰ ਮੁਅੱਤਲ ਕਰ ਦਿੱਤਾ ਸੀ। ਇਹ ਦਿਖਾਉਣ ਲਈ ਹਾਜ਼ਰੀ ਜ਼ਰੂਰੀ ਸੀ ਕਿ ਸ਼ਰੀਫ ਨੇ ਅਦਾਲਤ ਮੂਹਰੇ ਆਤਮ-ਸਮਰਪਣ ਕਰ ਦਿੱਤਾ ਹੈ। ਜੱਜ ਨੇ ਅਦਾਲਤ ਵਿੱਚ ਸ਼ਰੀਫ ਦੀ ਹਾਜ਼ਰੀ ਦੇਖਣ ਤੋਂ ਬਾਅਦ ਉਨ੍ਹਾਂ ਨੂੰ ਜਾਣ ਦੀ ਇਜਾਜ਼ਤ ਦੇ ਦਿੱਤੀ। ਜੱਜ ਨੇ 10 ਲੱਖ ਰੁਪਏ ਦੇ ਮੁਚੱਲਕੇ ’ਤੇ ਸ਼ਰੀਫ ਦੀ ਜ਼ਮਾਨਤ ਮਨਜ਼ੂਰ ਕੀਤੀ। ਮਾਮਲੇ ਦੀ ਅਗਲੀ ਸੁਣਵਾਈ 20 ਨਵੰਬਰ ਲਈ ਸੂਚੀਬੱਧ ਕੀਤੀ ਗਈ ਹੈ। ਬਸ਼ੀਰ ਉਹੀ ਜੱਜ ਹਨ ਜਨਿ੍ਹਾਂ ਨੇ ਸ਼ਰੀਫ ਨੂੰ ਐਵੇਨਫੀਲਡ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਸੀ। ਅਦਾਲਤ ਨੇ ਸ਼ਰੀਫ ਦਾ ਗ੍ਰਿਫ਼ਤਾਰੀ ਵਾਰੰਟ ਮੰਗਲਵਾਰ ਤੱਕ ਲਈ ਮੁਅੱਤਲ ਕਰ ਦਿੱਤਾ ਸੀ।