ਤੁਰਕੀ ਤੇ ਸੀਰੀਆ ’ਚ ਮ੍ਰਿਤਕਾਂ ਦੀ ਗਿਣਤੀ 33 ਹਜ਼ਾਰ ਤੋਂ ਪਾਰ

ਤੁਰਕੀ ਤੇ ਸੀਰੀਆ ’ਚ ਮ੍ਰਿਤਕਾਂ ਦੀ ਗਿਣਤੀ 33 ਹਜ਼ਾਰ ਤੋਂ ਪਾਰ

80 ਹਜ਼ਾਰ ਤੋਂ ਵੱਧ ਜ਼ਖ਼ਮੀ; ਤੁਰਕੀ ਸਰਕਾਰ ਨੇ 130 ਉਸਾਰੀ ਠੇਕੇਦਾਰ ਹਿਰਾਸਤ ’ਚ ਲਏ
ਅੰਤਾਕਿਆ (ਤੁਰਕੀ)- ਦੱਖਣੀ ਪੱਛਮੀ ਤੁਰਕੀ ਅਤੇ ਉੱਤਰੀ ਸੀਰੀਆ ਵਿੱਚ ਆਏ ਭੂਚਾਲ ਤੋਂ ਛੇ ਦਿਨ ਬਾਅਦ ਵੀ ਮਲਬੇ ਹੇਠੋਂ ਕੁਝ ਜਿਊਂਦੇ ਲੋਕਾਂ ਨੂੰ ਬਾਹਰ ਕੱਢਣ ਦੌਰਾਨ ਤੁਰਕੀ ਦੇ ਅਧਿਕਾਰੀਆਂ ਨੇ ਉਨ੍ਹਾਂ 130 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ ਜਾਂ ਉਨ੍ਹਾਂ ਖ਼ਿਲਾਫ਼ ਵਾਰੰਟ ਜਾਰੀ ਕੀਤੇ ਹਨ ਜਿਹੜੇ ਭੂਚਾਲ ਕਾਰਨ ਤਬਾਹ ਹੋਈਆਂ ਇਮਾਰਤਾਂ ਦੇ ਨਿਰਮਾਣ ਵਿੱਚ ਕਥਿਤ ਤੌਰ ’ਤੇ ਸ਼ਾਮਲ ਸਨ।

ਤੁਰਕੀ ਤੇ ਸੀਰੀਆ ਵਿੱਚ ਸੋਮਵਾਰ ਨੂੰ ਆਏ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ ਅੱਜ ਵਧ ਕੇ 33,179 ਹੋ ਗਈ ਜਦਕਿ 80 ਹਜ਼ਾਰ ਤੋਂ ਵੱਧ ਜ਼ਖ਼ਮੀ ਹੋਏ ਹਨ। ਬਚਾਅ ਕਾਰਜ ਹਾਲੇ ਜਾਰੀ ਹਨ। ਮਲਬੇ ਹੇਠ ਦੱਬੇ ਲੋਕਾਂ ਨੂੰ ਬਚਾਉਣ ਲਈ ਬਚਾਅ ਕਰਮੀ ਪਿਛਲੇ ਪੰਜ ਦਿਨਾਂ ਤੋਂ ਸਖਤ ਠੰਢ ਵਿੱਚ ਵੀ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਨ। ਸ਼ਨਿਚਰਵਾਰ 12 ਜਣਿਆਂ ਨੂੰ ਮਲਬੇ ਹੇਠੋਂ ਬਚਾਇਆ ਗਿਆ ਹੈ।

ਤੁਰਕੀ ਦੇ ਉੱਪ ਰਾਸ਼ਟਰਪਤੀ ਫੂਆਤ ਓਕਟੇ ਨੇ ਸ਼ਨਿਚਰਵਾਰ ਦੇਰ ਰਾਤ ਕਿਹਾ ਕਿ 131 ਵਿਅਕਤੀਆਂ ਦੀ ਗ੍ਰਿਫ਼ਤਾਰੀ ਲਈ ਵਾਰੰਟ ਜਾਰੀ ਕੀਤੇ ਗਏ ਹਨ, ਜਿਨ੍ਹਾਂ ’ਤੇ ਇਮਾਰਤਾਂ ਢਹਿਣ ਲਈ ਜ਼ਿੰਮੇਵਾਰ ਹੋਣ ਦਾ ਸ਼ੱਕ ਹੈ। ਤੁਰਕੀ ਦੇ ਨਿਆਂ ਮੰਤਰੀ ਨੇ ਕਿਹਾ ਕਿ ਇਮਾਰਤਾਂ ਢਹਿਣ ਲਈ ਜ਼ਿੰਮੇਵਾਰ ਲੋਕਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਵਕੀਲਾਂ ਨੇ ਇਮਾਰਤਾਂ ਦੀ ਉਸਾਰੀ ਬਾਰੇ ਸਬੂਤਾਂ ਲਈ ਮਲਬੇ ਵਿੱਚ ਸੈਂਪਲ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ ਹਨ। ਹਾਲਾਂਕਿ ਭੂਚਾਲ ਜਬਰਦਸਤ ਸੀ ਪਰ ਪੀੜਤਾਂ, ਮਾਹਿਰਾਂ ਅਤੇ ਤੁਰਕੀ ਦੇ ਲੋਕਾਂ ਵੱਲੋਂ ਇਸ ਭਾਰੀ ਤਬਾਹੀ ਪਿੱਛੇ ਘਟੀਆ ਉਸਾਰੀ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਸਰਕਾਰੀ ਖਬਰ ਏਜੰਸੀ ‘ਅਨਾਦੋਲੂ’ ਦੀ ਖ਼ਬਰ ਮੁਤਾਬਕ ਅਧਿਕਾਰੀਆਂ ਨੇ ਗਾਜ਼ੀਆਂਤੇਪ ਸੂਬੇ ਵਿੱਚੋਂ ਅੱਜ ਦੋ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ’ਤੇ ਇੱਕ ਇਮਾਰਤ ਵਿੱਚ ਵਾਧੂ ਕਮਰਾ ਬਣਾਉਣ ਲਈ ਪਿੱਲਰ ਕੱਟਣ ਦਾ ਸ਼ੱਕ ਹੈ। ਇਸ ਤੋਂ ਪਹਿਲਾਂ ਅਧਿਕਾਰੀਆਂ ਵੱਲੋਂ ਇਸਤੰਬੁਲ ਹਵਾਈ ਅੱਡੇ ਤੋਂ ਸ਼ੁੱਕਰਵਾਰ ਇੱਕ ਠੇਕੇਦਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਜੋ ਦੇਸ਼ ਤੋਂ ਭੱਜਣ ਦੀ ਕੋਸ਼ਿਸ਼ ਵਿੱਚ ਸੀ। ਉਸ ਨੇ ਹਾਤੇ ਸੂਬੇ ਦੇ ਅੰਤਾਕਿਆ ਸ਼ਹਿਰ ਵਿੱਚ ਇੱਕ 12 ਮੰਜ਼ਿਲਾ ਆਲੀਸ਼ਾਨ ਇਮਾਰਤ ਦੀ ਉਸਾਰੀ ਕਰਵਾਈ ਸੀ ਜਿਹੜੀ ਕਿ ਭੂਚਾਲ ਕਾਰਨ ਢਹਿ ਗਈ ਅਤੇ ਉਸ ਵਿੱਚ ਅਣਗਿਣਤ ਲੋਕ ਮਾਰੇ ਗੲੇ ਸਨ।

ਇਸੇ ਦੌਰਾਨ ਭੂਚਾਲ ਤੋਂ 151 ਘੰਟੇ ਬਾਅਦ ਅੱਜ ਅਦੀਆਮਨ ਸ਼ਹਿਰ ਵਿੱਚ ਛੇ ਸਾਲਾਂ ਦੇ ਇੱਕ ਬੱਚੇ ਨੂੰ ਉਸ ਦੇ ਘਰ ਮਲਬੇ ਹੇਠੋਂ ਬਚਾਅ ਲਿਆ ਗਿਆ। ਹੈਬਰਤੁਰਕ ਟੀਵੀ ’ਚ ਬਚਾਅ ਕਾਰਜਾਂ ਦੀ ਲਾਈਵ ਕਾਰਵਾਈ ਦੌਰਾਨ ਕੰਬਲ ਵਿੱਚ ਲਪੇਟੇ ਹੋਏ ਇੱਕ ਬੱਚੇ ਨੂੰ ਐਂਬੂਲੈਂਸ ਵੱਲ ਲਿਜਾਂਦੇ ਹੋਏ ਦੇਖਿਆ ਜਾ ਰਿਹਾ ਸੀ। ਦੂਜੇ ਪਾਸੇ ਸਿਹਤ ਮੰਤਰੀ ਐੱਫ. ਕੋਕਾ ਨੇ ਬਚਾਈ ਗਈ ਇੱਕ ਲੜਕੀ ਦੀ ਵੀਡੀਓ ਪੋਸਟ ਕੀਤੀ ਹੈ। ਉਨ੍ਹਾਂ ਟਵੀਟ ਕੀਤਾ, ‘‘150ਵੇਂ ਘੰਟੇ ਵਿੱਚ ਆਈ ਚੰਗੀ ਖਬਰ। ਅਮਲੇ ਵੱਲੋਂ ਇਸ ਨੂੰ ਕੁਝ ਸਮਾਂ ਪਹਿਲਾਂ ਬਚਾਇਆ ਗਿਆ। ਉਮੀਦ ਹਮੇਸ਼ਾ ਰਹਿੰਦੀ ਹੈ।’’