ਤੀਹਰਾ ਕਤਲ ਕਾਂਡ: ਹਫ਼ਤੇ ਬਾਅਦ ਵੀ ਪੁਲੀਸ ਦੇ ਹੱਥ ਖਾਲੀ

ਤੀਹਰਾ ਕਤਲ ਕਾਂਡ: ਹਫ਼ਤੇ ਬਾਅਦ ਵੀ ਪੁਲੀਸ ਦੇ ਹੱਥ ਖਾਲੀ

ਲੁਧਿਆਣਾ- ਲਾਡੋਵਾਲ ਦੇ ਪਿੰਡ ਨੂਰਪੁਰ ਬੇਟ ਇਲਾਕੇ ’ਚ ਪੰਜਾਬ ਪੁਲੀਸ ਦੇ ਸੇਵਾਮੁਕਤ ਏਐੱਸਆਈ ਕੁਲਦੀਪ ਸਿੰਘ ਤੇ ਉਨ੍ਹਾਂ ਦੀ ਪਤਨੀ ਤੇ ਲੜਕੇ ਦੇ ਕਤਲ ਮਾਮਲੇ ’ਚ ਹਾਲੇ ਤੱਕ ਘਰੋਂ ਚੋਰੀ ਹੋਏ ਮੋਟਰਸਾਈਕਲ ਬਾਰੇ ਵੀ ਕੁਝ ਪਤਾ ਨਹੀਂ ਲੱਗਿਆ। ਹੈਰਾਨੀ ਦੀ ਗੱਲ ਇਹ ਹੈ ਕਿ 7 ਦਿਨ ਤੋਂ ਉਪਰ ਦਾ ਸਮਾਂ ਬੀਤ ਚੁੱਕਿਆ ਹੈ ਪਰ ਪੁਲੀਸ ਆਪਣੇ ਹੀ ਮਹਿਕਮੇ ਦੇ ਮੁਲਾਜ਼ਮ ਦਾ ਕਤਲ ਕਰਨ ਵਾਲਿਆਂ ਦਾ ਪਤਾ ਨਹੀਂ ਲਾ ਸਕੀ। ਪੁਲੀਸ ਨੇ ਕਈ ਸੀਸੀਟੀਵੀ ਕੈਮਰੇ ਘੋਖੇ ਹਨ ਪਰ ਮੁਲਜ਼ਮ ਘਰ ’ਚ ਕਿਵੇਂ ਆਏ ਤੇ ਕਿਵੇਂ ਵਾਹਨ ’ਤੇ ਫ਼ਰਾਰ ਹੋਏ, ਕਿਸੇ ਨੂੰ ਕੁਝ ਨਹੀਂ ਪਤਾ। ਹਾਲੇ ਤੱਕ ਦੀ ਜਾਂਚ ’ਚ ਪੁਲੀਸ ਸਿਰਫ਼ ਹਨੇਰੇ ’ਚ ਤੀਰ ਚਲਾਉਣ ਵਾਲਾ ਕੰਮ ਕਰ ਰਹੀ ਹੈ।

ਜਾਣਕਾਰੀ ਅਨੁਸਾਰ ਕਤਲ ਤੋਂ ਬਾਅਦ ਘਟਨਾ ਸਥਾਨ ’ਤੇ ਪੁੱਜੀ ਪੁਲੀਸ ਨੇ ਕਈ ਪਹਿਲੂਆਂ ’ਤੇ ਜਾਂਚ ਕੀਤੀ। ਪਹਿਲੀ ਜਾਂਚ ’ਚ ਸ਼ੱਕ ਜ਼ਾਹਰ ਕੀਤਾ ਗਿਆ ਕਿ ਸਿਰਫ਼ ਲੁੱਟ ਲਈ ਕਤਲ ਕੀਤਾ ਗਿਆ। ਜਾਂਚ ਅੱਗੇ ਵਧੀ ਤਾਂ ਪਤਾ ਲੱਗਿਆ ਕਿ ਮੋਟਰਸਾਈਕਲ ਵੀ ਗਾਇਬ ਹੈ। ਇਲਾਕੇ ’ਚ ਲੱਗੇ ਕਈ ਸੀਸੀਟੀਵੀ ਕੈਮਰੇ ਚੈੱਕ ਕੀਤੇ ਗਏ ਪਰ ਮੋਟਰਸਾਈਕਲ ਬਾਰੇ ਕੁਝ ਪਤਾ ਨਹੀਂ ਲੱਗਾ। ਇਹ ਜ਼ਰੂਰ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੁਲਜ਼ਮ ਪਹਿਲੀ ਮੰਜ਼ਿਲ ’ਤੇ ਲੱਗੀ ਖਿੜਕੀ ਰਾਹੀਂ ਘਰ ਅੰਦਰ ਦਾਖ਼ਲ ਹੋਏ ਤੇ ਉਥੋਂ ਹੀ ਫ਼ਰਾਰ ਹੋਏ ਪਰ ਮੋਟਰਸਾਈਕਲ ਕਿਵੇਂ ਲੈ ਕੇ ਗਏ, ਇਸ ਦੀ ਜਾਂਚ ਚੱਲ ਰਹੀ ਹੈ।

ਪੁਲੀਸ ਨੂੰ ਹਾਲੇ ਤੱਕ ਇਹ ਵੀ ਨਹੀਂ ਪਤਾ ਲੱਗਿਆ ਕਿ ਮੁਲਜ਼ਮ ਕਿਸ ਵਾਹਨ ’ਤੇ ਕਦੋਂ ਆਏ ਤੇ ਕਤਲ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਕਿਹੜੇ ਵਾਹਨ ’ਤੇ ਸਵਾਰ ਹੋ ਕੇ ਗਏ। ਹੁਣ ਪੁਲੀਸ ਨੇ ਘਰ ’ਚ ਪੇਂਟ ਕਰਨ ਵਾਲਿਆਂ ਤੋਂ ਲੈ ਕੇ ਕੁਝ ਸਮੇਂ ਤੋਂ ਸੈਨੇਟਰੀ ਦਾ ਕੰਮ ਕਰਨ ਵਾਲਿਆਂ ਦਾ ਪਤਾ ਲਾ ਕੇ ਉਨ੍ਹਾਂ ਤੋਂ ਪੁੱਛ-ਪੜਤਾਲ ਕਰਨੀ ਸ਼ੁਰੂ ਕੀਤੀ ਹੈ। ਇਸ ਤੋਂ ਇਲਾਵਾ ਪੁਲੀਸ ਇਸ ਮਾਮਲੇ ’ਚ ਕਈ ਕਰੀਬੀਆਂ ’ਤੇ ਵੀ ਨਜ਼ਰ ਰੱਖ ਰਹੀ ਹੈ। ਉਨ੍ਹਾਂ ਤੋਂ ਵੀ ਜਲਦੀ ਪੁੱਛ-ਪੜਤਾਲ ਕੀਤੀ ਜਾ ਸਕਦੀ ਹੈ। ਇਸ ਮਾਮਲੇ ’ਚ ਏਸੀਪੀ ਮਨਦੀਪ ਸਿੰਘ ਨੇ ਦੱਸਿਆ ਕਿ ਪੁਲੀਸ ਕਈ ਪਹਿਲੂਆਂ ’ਤੇ ਜਾਂਚ ਕਰ ਰਹੀ ਹੈ। ਜਲਦੀ ਹੀ ਮੁਲਜ਼ਮਾਂ ਦਾ ਪਤਾ ਲਾ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।