ਤੀਰਅੰਦਾਜ਼ੀ ਵਿਸ਼ਵ ਕੱਪ: ਪ੍ਰਥਮੇਸ਼ ਨੂੰ ਚਾਂਦੀ ਦਾ ਤਗਮਾ

ਤੀਰਅੰਦਾਜ਼ੀ ਵਿਸ਼ਵ ਕੱਪ: ਪ੍ਰਥਮੇਸ਼ ਨੂੰ ਚਾਂਦੀ ਦਾ ਤਗਮਾ

ਹਰਮੋਸਿਲੋ (ਮੈਕਸੀਕੋ)- ਭਾਰਤੀ ਕੰਪਾਊਂਡ ਤੀਰਅੰਦਾਜ਼ ਪ੍ਰਥਮੇਸ਼ ਜਾਵਕਰ ਨੂੰ ਵਿਸ਼ਵ ਕੱਪ ਤੀਰਅੰਦਾਜ਼ੀ ਦੇ ਫਾਈਨਲ ਵਿੱਚ ਡੈਨਮਾਰਕ ਦੇ ਮਾਥਿਆਸ ਫੁਲਰਟਨ ਤੋਂ ਸ਼ੂਟ ਆਫ ਵਿੱਚ ਹਾਰ ਦਾ ਸਾਹਮਣਾ ਕਰ ਕੇ ਚਾਂਦੀ ਦੇ ਤਗ਼ਮੇ ਨਾਲ ਹੀ ਸਬਰ ਕਰਨਾ ਪਿਆ। ਸ਼ੰਘਾਈ ਵਿਸ਼ਵ ਕੱਪ ਜੇਤੂ ਜਾਵਕਰ ਦੁਨੀਆ ਦੇ ਨੰਬਰ ਇਕ ਖਿਡਾਰੀ ਅਤੇ ਮੌਜੂਦਾ ਚੈਂਪੀਅਨ ਮਾਈਕ ਸ਼ਲੋਸਰ ਨੂੰ ਚਾਰ ਮਹੀਨਿਆਂ ’ਚ ਦੂਜੀ ਵਾਰ ਹਰਾ ਕੇ ਫਾਈਨਲ ’ਚ ਪਹੁੰਚਿਆ ਸੀ। ਹਾਲਾਂਕਿ ਖਿਤਾਬੀ ਮੁਕਾਬਲੇ ਵਿੱਚ ਉਸ ਨੂੰ ਫੁਲਰਟਨ ਤੋਂ 148-148 (10-10*) ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਫੁਲਰਟਨ ਨੂੰ ਕੇਂਦਰ ਦੇ ਨੇੜੇ ਜ਼ਿਆਦਾ ਨਿਸ਼ਾਨੇ ਲਗਾਉਣ ਕਾਰਨ ਜੇਤੂ ਐਲਾਨਿਆ ਗਿਆ। ਜਾਵਰਕਰ ਤੀਜੇ ਗੇੜ ਤੋਂ ਬਾਅਦ 89-90 ਨਾਲ ਪਿੱਛੇ ਚੱਲ ਰਿਹਾ ਸੀ ਪਰ ਚੌਥੇ ਗੇੜ ’ਚ ਉਸ ਨੇ 30 ’ਚੋਂ 30 ਅੰਕ ਲਏ ਅਤੇ ਸਕੋਰ 119 ’ਤੇ ਬਰਾਬਰ ਕਰ ਦਿੱਤਾ। ਇਸ ਤੋਂ ਬਾਅਦ ਪੰਜਵੇਂ ਅਤੇ ਆਖ਼ਰੀ ਗੇੜ ਵਿੱਚ ਦੋਵੇਂ ਤੀਰਅੰਦਾਜ਼ਾਂ ਨੇ ਬਰਾਬਰ 29 ਅੰਕ ਬਣਾਏ। ਟਾਈਬ੍ਰੇਕਰ ’ਚ ਵੀ ਦੋਵਾਂ ਦਾ ਸਕੋਰ ਬਰਾਬਰ ਰਿਹਾ ਪਰ ਭਾਰਤੀ ਖਿਡਾਰੀ ਨੂੰ ਮਾਮੂਲੀ ਫਰਕ ਕਾਰਨ ਚਾਂਦੀ ਦੇ ਤਗਮੇ ਨਾਲ ਹੀ ਸਬਰ ਕਰਨਾ ਪਿਆ।