ਤੀਰਅੰਦਾਜ਼ੀ: ਰਿਕਰਵ ਟੀਮ ਨੇ 13 ਸਾਲਾਂ ਮਗਰੋਂ ਜਿੱਤੇ ਤਗ਼ਮੇ

ਤੀਰਅੰਦਾਜ਼ੀ: ਰਿਕਰਵ ਟੀਮ ਨੇ 13 ਸਾਲਾਂ ਮਗਰੋਂ ਜਿੱਤੇ ਤਗ਼ਮੇ

ਹਾਂਗਜ਼ੂ- ਤੀਰਅੰਦਾਜ਼ੀ ਦੇ ਰਿਕਰਵ ਟੀਮ ਮੁਕਾਬਲੇ ਵਿੱਚ 13 ਸਾਲ ਦੀ ਉਡੀਕ ਖ਼ਤਮ ਕਰਦਿਆਂ ਪੁਰਸ਼ ਅਤੇ ਮਹਿਲਾ ਤਿੱਕੜੀ ਨੇ ਕ੍ਰਮਵਾਰ ਚਾਂਦੀ ਅਤੇ ਕਾਂਸੇ ਦਾ ਤਗ਼ਮਾ ਭਾਰਤ ਦੀ ਝੋਲੀ ਪਾਇਆ। ਇਸ ਮੁਕਾਬਲੇ ਵਿੱਚ 2010 ਤੋਂ ਬਾਅਦ ਦੇਸ਼ ਦਾ ਇਹ ਪਹਿਲਾਂ ਤਗ਼ਮਾ ਹੈ। ਸੱਟ ਤੋਂ ਪੀੜਤ ਅੰਕਿਤਾ ਭੱਟ, ਸਿਮਰਨਜੀਤ ਕੌਰ ਅਤੇ ਭਜਨ ਕੌਰ ਦੀ ਤਿੱਕੜੀ ਨੇ ਵੀਅਤਨਾਮ ਨੂੰ 6-2 (56-52, 55-56, 57-50, 51-48) ਨਾਲ ਹਰਾ ਕੇ ਕਾਂਸੇ ਦਾ ਤਗ਼ਮਾ ਜਿੱਤਿਆ।

ਇਸ ਮਗਰੋਂ ਅਤਨੂ ਦਾਸ, ਤੁਸ਼ਾਰ ਸ਼ੇਲਕੇ ਅਤੇ ਧੀਰਜ ਬੋਮਾਦੇਵਰਾ ਦੀ ਭਾਰਤੀ ਪੁਰਸ਼ ਟੀਮ ਨੇ ਸੈਮੀਫਾਈਨਲ ਬੰਗਲਾਦੇਸ਼ ਦੀ ਤਿੱਕੜੀ ਨੂੰ 5-3 (58-51, 57-54, 56-58) ਨਾਲ ਹਰਾ ਕੇ ਚਾਂਦੀ ਦਾ ਤਗ਼ਮਾ ਜਿੱਤਿਆ। ਹਾਲਾਂਕਿ ਫਾਈਨਲ ਵਿੱਚ ਭਾਰਤੀ ਤਿੱਕੜੀ ਨੂੰ ਦੱਖਣੀ ਕੋਰੀਆ ਦੀ ਮਜ਼ਬੂਤ ਟੀਮ ਤੋਂ 1-5 (55-60, 57-57, 55-56) ਨਾਲ ਹਾਰ ਝੱਲਣੀ ਪਈ। ਗੁਆਂਗਜ਼ੂ 2010 ਦੀਆਂ ਏਸ਼ਿਆਈ ਖੇਡਾਂ ਮਗਰੋਂ ਓਲੰਪਿਕ ਵਰਗ ਦੇ ਤੀਰਅੰਦਾਜ਼ੀ ਮੁਕਾਬਲੇ ਵਿੱਚ ਇਹ ਭਾਰਤ ਦਾ ਪਹਿਲਾ ਤਗ਼ਮਾ ਹੈ। ਏਸ਼ਿਆਈ ਖੇਡਾਂ ਦੇ ਰਿਕਰਵ ਵਰਗ ਵਿੱਚ ਭਾਰਤ ਨੇ 2010 ਵਿੱਚ ਵਿਅਕਤੀਗਤ ਚਾਂਦੀ ਦੇ ਤਗ਼ਮੇ ਤੋਂ ਇਲਾਵਾ ਮਹਿਲਾ ਅਤੇ ਪੁਰਸ਼ ਟੀਮ ਨੇ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਮੌਜੂਦਾ ਖੇਡਾਂ ਵਿੱਚ ਭਾਰਤ ਰਿਕਾਰਡ ਅੱਠ ਤਗ਼ਮੇ ਜਿੱਤ ਚੁੱਕਿਆ ਹੈ। ਭਾਰਤ ਪਹਿਲਾਂ ਹੀ ਕੰਪਾਊਂਡ ਵਰਗ ਦੀ ਮਿਕਸਡ, ਪੁਰਸ਼ ਅਤੇ ਮਹਿਲਾ ਟੀਮ ਮੁਕਾਬਲਿਆਂ ਵਿੱਚ ਤਿੰਨ ਸੋਨ ਤਗ਼ਮੇ ਜਿੱਤ ਚੁੱਕਿਆ ਹੈ। ਅਭਿਸ਼ੇਕ ਵਰਮਾ ਅਤੇ ਓਜਸ ਦਿਓਤਲੇ ਕੰਪਾਊਂਡ ਵਿਅਕਤੀਗਤ ਵਰਗ ਦੇ ਫਾਈਨਲ ਵਿੱਚ ਇੱਕ-ਦੂਜੇ ਦਾ ਸਾਹਮਣਾ ਕਰਨਗੇ, ਜਿਸ ਵਿੱਚ ਭਾਰਤ ਦੇ ਦੋ ਹੋਰ ਤਗ਼ਮੇ ਪੱਕੇ ਹਨ। ਜਯੋਤੀ ਸੁਰੇਖਾ ਵੇਨੱਮ ਵੀ ਮਹਿਲਾ ਕੰਪਾਊਂਡ ਵਿਅਕਤੀਗਤ ਵਰਗ ਦੇ ਫਾਈਨਲ ਵਿੱਚ ਪਹੁੰਚ ਚੁੱਕੀ ਹੈ, ਜਿਸ ਵਿੱਚ ਉਸ ਦਾ ਵੀ ਇੱਕ ਤਗ਼ਮਾ ਯਕੀਨੀ ਹੈ।