ਤੀਜਾ ਟੈਸਟ: ਇੰਗਲੈਂਡ ਨੇ ਦੋ ਵਿਕਟਾਂ ’ਤੇ 207 ਦੌੜਾਂ ਬਣਾਈਆਂ

ਤੀਜਾ ਟੈਸਟ: ਇੰਗਲੈਂਡ ਨੇ ਦੋ ਵਿਕਟਾਂ ’ਤੇ 207 ਦੌੜਾਂ ਬਣਾਈਆਂ

ਡਕੇਟ ਨੇ ਜੜਿਆ ਸੈਂਕੜਾ; ਭਾਰਤ ਦੀ ਪਹਿਲੀ ਪਾਰੀ 445 ਦੌੜਾਂ ’ਤੇ ਸਿਮਟੀ
ਰਾਜਕੋਟ- ਇੰਗਲੈਂਡ ਨੇ ਸਲਾਮੀ ਬੱਲੇਬਾਜ਼ ਬੈੱਨ ਡਕੇਟ ਦੇ ਨਾਬਾਦ ਸੈਂਕੜੇ ਸਦਕਾ ਭਾਰਤ ਖ਼ਿਲਾਫ਼ ਤੀਜੇ ਕ੍ਰਿਕਟ ਟੈਸਟ ਦੇ ਦੂਜੇ ਦਿਨ ਪਹਿਲੀ ਪਾਰੀ ਵਿੱਚ ਦੋ ਵਿਕਟਾਂ ’ਤੇ 207 ਦੌੜਾਂ ਬਣਾ ਕੇ ਆਪਣਾ ਪੱਲੜਾ ਭਾਰੀ ਰੱਖਿਆ। ਡਕੇਟ 118 ਗੇਂਦਾਂ ਵਿੱਚ 21 ਚੌਕਿਆਂ ਅਤੇ ਦੋ ਛੱਕਿਆਂ ਨਾਲ ਨਾਬਾਦ 133 ਦੌੜਾਂ ਬਣਾ ਕੇ ਖੇਡ ਰਿਹਾ ਹੈ। ਉਸ ਨੇ ਜੈਕ ਕਰਾਊਲੀ (15) ਨਾਲ ਪਹਿਲੀ ਵਿਕਟ ਲਈ 89 ਅਤੇ ਓਲੀ ਪੋਪ (55 ਗੇਂਦਾਂ ਵਿੱਚ 39 ਦੌੜਾਂ) ਨਾਲ ਦੂਜੇ ਵਿਕਟ ਲਈ 93 ਦੌੜਾਂ ਦੀ ਭਾਈਵਾਲੀ ਕੀਤੀ।

ਦਿਨ ਦੀ ਖੇਡ ਖ਼ਤਮ ਹੋਣ ਮੌਕੇ ਜੋਅ ਰੂਟ ਨੌਂ ਦੌੜਾਂ ਬਣਾ ਕੇ ਉਸ ਦਾ ਸਾਥ ਨਿਭਾ ਰਿਹਾ ਸੀ। ਭਾਰਤ ਦੇ ਪਹਿਲੀ ਪਾਰੀ ਦੇ 445 ਦੌੜਾਂ ਤੋਂ ਇੰਗਲੈਂਡ ਹੁਣ 238 ਦੌੜਾਂ ਪਿੱਛੇ ਹੈ। ਇੰਗਲੈਂਡ ਦੇ ਦਬਦਬੇ ਦਾ ਅੰਦਾਜ਼ਾ ਇਸ ਗੱਲ ਤੋਂ ਲੱਗਦਾ ਹੈ ਕਿ ਉਸ ਨੇ ਹੁਣ ਤੱਕ 35 ਓਵਰ ਵਿੱਚ 32 ਬਾਊਂਡਰੀ ਲਗਾਈਆਂ ਹਨ, ਜਿਸ ਵਿੱਚ 29 ਚੌਕੇ ਅਤੇ ਤਿੰਨ ਛੱਕੇ ਸ਼ਾਮਲ ਹਨ। ਭਾਰਤ ਨੇ ਪਹਿਲਾ ਮੈਚ ਖੇਡ ਰਹੇ ਧਰੁਵ ਜੁਰੇਲ (104 ਗੇਂਦਾਂ ਵਿੱਚ 46 ਦੌੜਾਂ) ਅਤੇ ਅਸ਼ਿਵਨ (89 ਗੇਂਦਾਂ ਵਿੱਚ 37 ਦੌੜਾਂ) ਦਰਮਿਆਨ ਅੱਠਵੇਂ ਵਿਕਟ ਲਈ 77 ਦੌੜਾਂ ਦੀ ਭਾਈਵਾਲੀ ਸਦਕਾ ਪਹਿਲੀ ਪਾਰੀ ਵਿੱਚ 445 ਦੌੜਾਂ ਬਣਾਈਆਂ। ਕਪਤਾਨ ਰੋਹਿਤ ਸ਼ਰਮਾ (131) ਅਤੇ ਰਵਿੰਦਰ ਜਡੇਜਾ (112) ਨੇ ਬੀਤੇ ਦਿਨ ਸੈਂਕੜ ਜੜੇ ਸੀ। ਜਸਪ੍ਰੀਤ ਬੁਮਰਾਹ (26 ਦੌੜਾਂ, 28 ਗੇਂਦਾਂ) ਅਤੇ ਮੁਹੰਮਦ ਸਿਰਾਜ (ਨਾਬਾਦ 3) ਨੇ ਆਖ਼ਰੀ ਵਿਕਟ ਲਈ 30 ਮਹੱਤਵਪੂਰਨ ਦੌੜਾਂ ਬਣਾਈਆਂ। ਭਾਰਤ ਨੇ ਦਿਨ ਦੀ ਸ਼ੁਰੂਆਤ ਪੰਜ ਵਿਕਟਾਂ ’ਤੇ 326 ਦੌੜਾਂ ਨਾਲ ਕੀਤੀ। ਜਡੇਜਾ ਆਪਣੇ ਬੀਤੇ ਦਿਨ ਦੇ ਸਕੋਰ ਵਿੱਚ ਸਿਰਫ ਦੋ ਦੌੜਾਂ ਜੋੜਣ ਮਗਰੋਂ 112 ਦੌੜਾਂ ਬਣਾ ਕੇ ਰੂਟ ਨੂੰ ਉਸ ਦੀ ਗੇਂਦ ’ਤੇ ਆਸਾਨ ਕੈਚ ਦਿਵਾ ਕੇ ਪਵੇਲੀਅਨ ਪਰਤ ਗਿਆ।