ਤੀਜਾ ਟੀ20: ਭਾਰਤੀ ਮਹਿਲਾ ਟੀਮ ਨੇ ਪੰਜ ਵਿਕਟਾਂ ਨਾਲ ਜਿੱਤਿਆ ਮੈਚ

ਤੀਜਾ ਟੀ20: ਭਾਰਤੀ ਮਹਿਲਾ ਟੀਮ ਨੇ ਪੰਜ ਵਿਕਟਾਂ ਨਾਲ ਜਿੱਤਿਆ ਮੈਚ

ਇੰਗਲੈਂਡ ਨੇ 2-1 ਨਾਲ ਆਪਣੇ ਨਾਂ ਕੀਤੀ ਤਿੰਨ ਮੈਚਾਂ ਦੀ ਲੜੀ
ਮੁੰਬਈ- ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਦੀ 48 ਦੌੜਾਂ ਦੀ ਸ਼ਾਨਦਾਰ ਪਾਰੀ ਦੇ ਜ਼ੋਰ ’ਤੇ ਭਾਰਤੀ ਮਹਿਲਾ ਟੀਮ ਨੇ ਤੀਜੇ ਟੀ20 ਕੌਮਾਂਤਰੀ ਮੈਚ ਵਿੱਚ ਅੱਜ ਇੱਥੇ ਇੰਗਲੈਂਡ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਜਿੱਤ ਹਾਸਲ ਕੀਤੀ। ਤਿੰਨ ਮੈਚਾਂ ਦੀ ਲੜੀ ਦੇ ਸ਼ੁਰੂਆਤੀ ਦੋਵੇਂ ਮੈਚਾਂ ਵਿੱਚ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਹਾਲਾਂਕਿ, ਲੜੀ 2-1 ਨਾਲ ਇੰਗਲੈਂਡ ਦੇ ਨਾਮ ਰਹੀ। ਇੰਗਲੈਂਡ ਨੂੰ 20 ਓਵਰਾਂ ਵਿੱਚ 126 ਦੌੜਾਂ ’ਤੇ ਆਊਟ ਕਰਨ ਤੋਂ ਬਾਅਦ ਭਾਰਤ ਨੇ ਇਕ ਓਵਰ ਬਾਕੀ ਰਹਿੰਦੇ ਹੋਏ ਪੰਜ ਵਿਕਟਾਂ ’ਤੇ 130 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਭਾਰਤ ਲਈ ਸਮ੍ਰਿਤੀ ਮੰਧਾਨਾ ਨੇ 48 ਗੇਂਦਾਂ ’ਤੇ ਪੰਜ ਚੌਕੇ ਤੇ ਦੋ ਛੱਕੇ ਮਾਰਨ ਤੋਂ ਇਲਾਵਾ ਦੂਜੇ ਵਿਕਟ ਲਈ ਜੈਮੀਮਾ ਰੌਡਰਿਗਜ਼ (29 ਦੌੜਾਂ) ਨਾਲ 57 ਦੌੜਾਂ ਦੀ ਸਾਂਝੇਦਾਰੀ ਕਰ ਕੇ ਟੀਮ ਦੀ ਜਿੱਤ ਦੀ ਨੀਂਹ ਰੱਖੀ। ਅਮਨਜੋਤ ਕੌਰ ਨੇ ਚਾਰ ਗੇਂਦਾਂ ’ਚ ਤਿੰਨ ਚੌਕਿਆਂ ਦੀ ਮਦਦ ਨਾਲ ਨਾਬਾਦ 13 ਦੌੜਾਂ ਬਣਾਈਆਂ। ਕਪਤਾਨ ਹਰਮਨਪ੍ਰੀਤ ਕੌਰ ਛੇ ਦੌੜਾਂ ’ਤੇ ਨਾਬਾਦ ਰਹੀ। ਰੇਣੁਕਾ ਸਿੰਘ ਨੇ 23 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਐੱਸ ਇਸ਼ਾਕ ਨੇ 19 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਇਸੇ ਤਰ੍ਹਾਂ ‘ਪਲੇਅਰ ਆਫ ਦਿ ਮੈਚ’ ਸ਼੍ਰੇਅੰਕਾ ਪਾਟਿਲ ਨੇ 19 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ। ਅਮਨਜੋਤ ਕੌਰ ਨੇ ਪਾਰੀ ਦੀਆਂ ਆਖਰੀ ਦੋ ਗੇਂਦਾਂ ’ਤੇ ਵਿਕਟਾਂ ਲਈਆਂ।