‘ਤੀਆਂ ਫਰਿਜ਼ਨੋ ਦੀਆਂ’ ਨੇ ਰਵਾਇਤੀ ਮਾਹੌਲ ਰਾਹੀਂ ਕਾਰਨੀ ਪਾਰਕ ਫਰਿਜ਼ਨੋ ’ਚ ਲਾਈਆਂ ਰੌਣਕਾਂ

‘ਤੀਆਂ ਫਰਿਜ਼ਨੋ ਦੀਆਂ’ ਨੇ ਰਵਾਇਤੀ ਮਾਹੌਲ ਰਾਹੀਂ ਕਾਰਨੀ ਪਾਰਕ ਫਰਿਜ਼ਨੋ ’ਚ ਲਾਈਆਂ ਰੌਣਕਾਂ

ਫਰਿਜ਼ਨੋ (ਕੁਲਵੰਤ ਧਾਲੀਆਂ/ਨੀਟਾ ਮਾਛੀਕੇ): ਸੈਂਟਰਲ ਵੈਲੀ ਕੈਲੀਫੋਰਨੀਆਂ ਦੇ ਵਿਚਕਾਰ ਵਸਦਾ ਸ਼ਹਿਰ ਫਰਿਜ਼ਨੋ ਪੰਜਾਬੀਅਤ ਦੀ ਭਰਪੂਰ ਵਸੋਂ ਹੋਣ ਕਰਕੇ ਕਿਸੇ ਜਾਣਕਾਰੀ ਦਾ ਮੁਹਤਾਜ਼ ਨਹੀਂ। ਬੇਸੱਕ ਪੰਜਾਬ ‘ਚੋ ਬਹੁਤ ਸਾਰੇ ਤਿਉਹਾਰ ਅਲੋਪ ਹੋ ਰਹੇ ਹਨ। ਪਰ ਇੱਥੇ ਪਿਛਲੇ ਤਿੰਨ ਦਹਾਕਿਆਂ ਦੇ ਕਰੀਬ ਸਭ ਤੋਂ ਪਹਿਲਾ ਰਾਜਪਾਲ ਕੌਰ ਬਰਾੜ, ਗੁੱਡੀ ਰਾਣੂ, ਗੁੱਡੀ ਸਿੱਧੂ ਅਤੇ ਹੋਰ ਸਹੇਲੀਆਂ ਨੇ ਸਮੂੰਹ ਪੰਜਾਬੀ ਔਰਤਾ ਨਾਲ ਰਲ ਕੇ ਸ਼ਹਿਰ ਦੀ ਸੰਘਣੀ ਵਸੋਂ ਤੋਂ ਦੂਰ ਖੁਲੇ ’ਕਾਰਨੀ ਪਾਰਕ’ ਦੇ ਦਰੱਖਤਾਂ ਦੀ ਸੰਘਣੀ ਛਾਂ ਹੇਠ ਤੀਆਂ ਦੀ ਸੁਰੂਆਤ ਕੀਤੀ ਸੀ, ਜੋ ਅੱਜ ਵੀ ਬਰਕਰਾਰ ਹੈ। ਬੇਸੱਕ ਅੱਜ ਪਿੱਪਲਾ ਜਾਂ ਬਰੋਟਿਆਂ ਦੀ ਪੰਜਾਬ ਵਾਂਗ ਛਾਂ ਨਹੀਂ ਹੈ। ਪਰ ਹੋਰ ਬਹੁਤ ਸੋਹਣੇ ਸੰਘਣੇ ਦਰੱਖਤਾਂ ਦੀ ਛਾਂ ਅਤੇ ਆਪਸੀ ਸੱਭਿਆਚਾਰ ਪ੍ਰਤੀ ਪਿਆਰ ਸਦਕਾ ਅੱਜ ਵੀ ਉਸੇ ਤਰ੍ਹਾਂ ਇਹ ਤੀਆਂ ਪਰੰਪਰਾਗਤ ਤਰੀਕੇ ਨਾਲ ਹਰ ਸਾਲ ਲਗਦੀਆਂ ਹਨ। ਜਿਨ੍ਹਾਂ ਵਿੱਚ ਮਰਦਾ ਨੂੰ ਆਉਣ ਦੀ ਹਮੇਸਾ ਹੀ ਮਨਾਹੀ ਹੁੰਦੀ ਹੈ।
ਅੱਜ ਸਾਡੇ ਤਿਉਹਾਰ ਮਨੁੱਖੀ ਜ਼ਿੰਦਗੀ ਸੂਖਮ ਹੋਣ ਕਰਕੇ ਬਾਹਰੀ ਮਹੌਲ ਤੋਂ ਸਟੇਜ਼ ’ਤੇ ਸਿਰਫ ਨੁਮਾਇਸਨੁਮਾ ਹੀ ਰਹਿ ਗਏ ਹਨ। ਜਿੰਨ੍ਹਾਂ ਨੂੰ ਆਮ ਤੌਰ ‘ਤੇ ਕਮਰਸੀਅਲ ਢੰਗ ਨਾਲ ਮਨਾਇਆ ਜਾਦਾ ਹੈ। ਜਿਸ ਵਿੱਚ ਰਿਵਾਇਤਾ ਨੂੰ ਛੱਡ, ਮੁਨਾਫੇ, ਦਿਖਾਵੇ ਅਤੇ ਪਹਿਰਾਵੇ ਉੱਤੇ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਹੈ। ਪਰ ਇਹ ਗੱਲ ਬੜੇ ਫਖਰ ਦੀ ਹੈ ਕਿ ਫਰਿਜ਼ਨੋ ਦੀਆਂ “ਕਾਰਨੀ ਪਾਰਕ ਵਾਲੀਆਂ ਤੀਆਂ” ਉਸੇ ਤਰ੍ਹਾਂ ਖੁਲੀਆਂ ਗਰਾਉਂਡਾ ਵਿੱਚ ਪਰੰਪਰਾਗਤ (ਰਵਾਇਤੀ) ਤਰੀਕੇ ਲੱਗਦੀਆਂ ਹਨ। ਜਿੱਥੇ ਵੱਖ-ਵੱਖ ਸ਼ਹਿਰਾ ਤੋਂ ਬੀਬੀਆਂ ਭੈਣਾਂ ਰਲ ਆਪਣੇ ਵੱਖ-ਵੱਖ ਗਰੁੱਪਾ ਵਿੱਚ ਗੀਤ ਗਾ, ਗਿੱਧੇ ਦੇ ਮੁਕਾਬਲੇ ਦਾ ਭਰਪੂਰ ਮਨੋਰੰਜ਼ਨ ਕਰਦੀਆਂ ਹੋਈਆ ਆਪਣੀਆਂ ਸਹੇਲੀਆਂ ਨੂੰ ਵੀ ਮਿਲਦੀਆ ਹਨ। ਇਨ੍ਹਾਂ ਤੀਆਂ ਦੌਰਾਨ ਪਾਰਕ ਵਿੱਚ ਪੰਜਾਬੀ ਸੱਭਿਆਚਾਰ ਦੇ ਅਨੁਸਾਰ ਵੱਖ-ਵੱਖ ਗਰੁੱਪਾ ਵਿੱਚ ਪੈ ਰਹੇ ਗਿੱਧੇ ਅਤੇ ਬੋਲੀਆਂ ਪੰਜਾਬ ਦੇ ਅਮੀਰ ਵਿਰਸੇ ਨੂੰ ਸਿਰਜ ਇਤਿਹਾਸਕਤਾ ਦਾ ਰੂਪ ਪੇਸ਼ ਕਰ ਰਹੀਆਂ ਸਨ। ਇਸੇ ਤਰ੍ਹਾਂ ਤੀਆਂ ਦੇਖਣ ਅਤੇ ਹਿੱਸਾ ਲੈਣ ਆਈਆਂ ਮੁਟਿਆਰਾ ਦੀਆਂ ਰੰਗ-ਬਰੰਗੀਆਂ ਪੁਸ਼ਾਕਾ, ਲਹਿੰਗੇ, ਘੱਘਰੇ ਅਤੇ ਗਹਿਣੇ ਇਸ ਤੀਆਂ ਦੀ ਰੌਣਕ ਨੂੰ ਪੰਜਾਬੀਅਤ ਦੇ ਮਹੌਲ ਵਿੱਚ ਹੋਰ ਵੀ ਰੰਗੀਨ ਬਣਾ ਰਹੇ ਸਨ। ਤੀਆਂ ਦੌਰਾਨ ਰੋਜ਼ਾਨਾ ਪ੍ਰਬੰਧਕਾਂ ਵੱਲੋਂ ਸਮਾਪਤੀ ’ਤੇ ਖੁੱਲੇ ਗਿੱਧੇ ਅਤੇ ਬੋਲੀਆਂ ਤੋਂ ਇਲਾਵਾ ਡੀ.ਜੇ. ਦਾ ਵੀ ਪ੍ਰਬੰਧ ਵੀ ਕੀਤਾ ਗਿਆ ਸੀ। ਇਸ ਸਾਲ ਹਮੇਸ਼ਾ ਵਾਂਗ ਤੀਆਂ ਦਾ ਮਹੌਲ ਪੰਜਾਬ ਦੇ ਕਿਸੇ ਇਤਿਹਾਸਕ ਮੇਲੇ ਦੀ ਯਾਦ ਕਰਵਾ ਰਿਹਾ ਸੀ। ਜਿੱਥੇ 500 ਤੋਂ ਵਧੀਕ ਲਾਈਵ ਗਿੱਧੇ ਅਤੇ ਬੋਲੀਆਂ ਰਾਹੀਂ ਅਮੀਰ ਪੰਜਾਬੀ ਸੱਭਿਆਚਾਰ ਵਿਰਸੇ ਨੂੰ ਸਿੱਜਦਾ ਕਰਦੇ ਹੋਏ ਔਰਤਾਂ ਨੇ ਪਹੁੰਚ ਕੇ ਰੌਣਕਾਂ ਲਾਈਆਂ। ਜੋ ਕਿ ਅਜੋਕੇ ਸਮੇਂ ਅੰਦਰ ਅਜਿਹੇ ਤਿਉਹਾਰਾ ਨੂੰ ਪਰੰਪਰਾਗਤ ਤਰੀਕੇ ਨਾਲ ਮਨਾਉਣ ਦੀ ਲੋੜ ਵੀ ਹੈ, ਜਿਸ ਨਾਲ ਆਉਣ ਵਾਲੀ ਨਵੀਂ ਪੀੜੀ ਨੂੰ ਸਹੀ ਢੰਗ ਨਾਲ ਆਪਣੇ ਪਿਛੋਕੜ ਤੋਂ ਜਾਣੂ ਕਰਵਾਉਦੇ ਹੋਏ ਜੀਵਤ ਰੱਖਿਆ ਜਾ ਸਕੇ। ਇਸ ਸਮੁੱਚੇ ਪ੍ਰੋਗਰਾਮ ਦੀ ਸਫਲਤਾ ਦਾ ਸਿਹਰਾ ਗੁੱਡੀ ਰਾਣੂ, ਰਾਜਪਾਲ ਕੌਰ ਬਰਾੜ, ਰਾਜਿੰਦਰ ਕੌਰ ਢਿੱਲੋ ਅਤੇ ਸਮੂੰਹ ਸਹਿਯੋਗੀਆਂ ਬੀਬੀਆਂ ਨੂੰ ਜਾਦਾ ਹੈ। ਜਿੰਨਾਂ ਨੇ ਆਪਣੇ ਯਤਨਾਂ ਅਤੇ ਅਣਥੱਕ ਮਿਹਨਤ ਰਾਹੀ ਪੰਜਾਬੀ ਸੱਭਿਆਚਾਰ ਦੀ ਇਸ ਰਵਾਇਤ ਨੂੰ ਕਾਇਮ ਰੱਖਦੇ ਹੋਏ, ਇਸ ਤੀਆਂ ਇਕੱਠ ਨੂੰ ਯਾਦਗਾਰੀ ਬਣਾਇਆ। ਅੰਤ ਆਪਸੀ ਮੇਲ-ਮਿਲਾਪ ਦੀਆਂ ਸਾਂਝਾਂ ਪਾਉਂਦਾ ਇਹ ਰਵਾਇਤੀ ਤੀਆਂ ਦਾ ਇਕੱਠ ਫਿਰ ਤੋਂ ਅਗਲੇ ਸਾਲ ਇਸ ਤਰ੍ਹਾਂ ਕਾਰਨੀ ਪਾਰਕ ਵਿੱਚ ਮਿਲਣ ਦੇ ਵਾਅਦੇ ਨਾਲ ਯਾਦਗਾਰੀ ਹੋ ਨਿਬੜਿਆਂ।