ਤਿੰਨ ਸੂਬਿਆਂ ’ਚ ਜਿੱਤ ਮਗਰੋਂ ਭਾਜਪਾ ਵਰਕਰਾਂ ਨੇ ਮਨਾਏ ਜਸ਼ਨ

ਤਿੰਨ ਸੂਬਿਆਂ ’ਚ ਜਿੱਤ ਮਗਰੋਂ ਭਾਜਪਾ ਵਰਕਰਾਂ ਨੇ ਮਨਾਏ ਜਸ਼ਨ

ਪਾਰਟੀ ਹੈੱਡਕੁਆਰਟਰ ਅੱਗੇ ਵਜਾਏ ਪਟਾਕੇ; ਲੋਕਾਂ ਨੇ ਕਾਂਗਰਸ ਨੂੰ ਪੂਰੀ ਤਰ੍ਹਾਂ ਨਕਾਰਿਆ: ਸਚਦੇਵਾ
ਨਵੀਂ ਦਿੱਲੀ : ਛੱਤੀਸਗੜ੍ਹ, ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀ ਜਿੱਤ ਮਗਰੋਂ ਸਥਾਨਕ ਭਾਜਪਾ ਆਗੂਆਂ ਵੱਲੋਂ ਜਸ਼ਨ ਮਨਾਏ ਗਏ। ਦਿੱਲੀ ਸਥਿਤ ਕੌਮੀ ਹੈਡਕੁਆਰਟਰ ਅੱਗੇ ਵਰਕਰਾਂ ਨੇ ਢੋਲ ’ਤੇ ਭੰਗੜੇ ਪਾਏ ਅਤੇ ਪਟਾਕੇ ਚਲਾਏ। ਭਾਜਪਾ ਆਗੂਆਂ ਤੇ ਵਰਕਰਾਂ ਨੇ ਇੱਕ-ਦੂਜੇ ਨੂੰ ਵਧਾਈਆਂ ਦਿੱਤੀਆਂ ਅਤੇ ਮਠਿਆਈ ਖਵਾਈ। ਇਸ ਦੌਰਾਨ ਦਿੱਲੀ ਪੁਲੀਸ ਨੇ ਸੁਰੱਖਿਆ ਦੇ ਵੀ ਪੁਖ਼ਤਾ ਪ੍ਰਬੰਧ ਕੀਤੇ ਹੋਏ ਸਨ। ਇਸ ਦੌਰਾਨ ਦਿੱਲੀ ਭਾਜਪਾ ਦੇ ਪ੍ਰਧਾਨ ਵਰਿੰਦਰ ਸਚਦੇਵਾ ਨੇ ਕਿਹਾ ਹੈ ਕਿ ਦੇਸ਼ ਦੇ ਲੋਕਾਂ ਨੇ ਕਾਂਗਰਸ ਦੀ ਨਾਂਹ-ਪੱਖੀ ਮੁਹਿੰਮ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ ਹੈ। ਸਿਰਫ਼ ਕਾਂਗਰਸ ਹੀ ਨਹੀਂ, ਸਮੁੱਚੀ ਵਿਰੋਧੀ ਧਿਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਨਿੱਜੀ ਤੌਰ ’ਤੇ ਮੁਹਿੰਮ ਛੇੜੀ ਸੀ ਪਰ ਛੱਤੀਸਗੜ੍ਹ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੇ ਲੋਕਾਂ ਨੇ ਮੋਦੀ ਦੀ ਗਾਰੰਟੀ ’ਤੇ ਭਰੋਸਾ ਪ੍ਰਗਟਾਇਆ ਹੈ। ਸਚਦੇਵਾ ਨੇ ਕਿਹਾ ਕਿ ਤਿਲੰਗਾਨਾ ਦੇ ਲੋਕਾਂ ਨੇ ਚੰਗੀ ਵੋਟ ਪ੍ਰਤੀਸ਼ਤਤਾ ਦੇ ਨਾਲ-ਨਾਲ ਸੀਟਾਂ ਦੀ ਗਿਣਤੀ ਵਿੱਚ ਵਾਧਾ ਕਰ ਕੇ ਭਾਜਪਾ ਲਈ ਰਾਜ ਦੇ ਦਰਵਾਜ਼ੇ ਵੀ ਖੋਲ੍ਹ ਦਿੱਤੇ ਹਨ। ਪ੍ਰਧਾਨ ਮੰਤਰੀ ਮੋਦੀ ਦੀ ਦੇਸ਼ ਦੇ ਲੋਕਾਂ, ਖਾਸ ਕਰਕੇ ਆਦਿਵਾਸੀਆਂ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਮਹਿਲਾ ਸ਼ਕਤੀਕਰਨ ਅਤੇ ਨੌਜਵਾਨ ਉੱਦਮੀਆਂ ਨੂੰ ਉਤਸ਼ਾਹਿਤ ਕਰਨ ਦੀ ਰਾਜਨੀਤੀ ਵਿੱਚ ਭਰੋਸਾ ਪ੍ਰਗਟਾਇਆ। ਦਿੱਲੀ ਭਾਜਪਾ ਪ੍ਰਧਾਨ ਨੇ ਕਿਹਾ ਹੈ ਕਿ ਤਿੰਨ ਰਾਜਾਂ ਦੇ ਲੋਕਾਂ ਨੇ ਅਰਵਿੰਦ ਕੇਜਰੀਵਾਲ ਦੀ ਰਾਜਨੀਤੀ ਨੂੰ ਰੱਦ ਕਰ ਦਿੱਤਾ ਹੈ। ਉਨ੍ਹਾਂ ਦੇ ਲਗਪਗ ਸਾਰੇ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ ਹਨ।