ਤਿਲੰਗਾਨਾ ਵਿਚਲੀ ਕੇਸੀਆਰ ਸਰਕਾਰ ਸਭ ਤੋਂ ਭ੍ਰਿਸ਼ਟ: ਮੋਦੀ

ਤਿਲੰਗਾਨਾ ਵਿਚਲੀ ਕੇਸੀਆਰ ਸਰਕਾਰ ਸਭ ਤੋਂ ਭ੍ਰਿਸ਼ਟ: ਮੋਦੀ

ਵਾਰੰਗਲ (ਤਿਲੰਗਾਨਾ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਿਲੰਗਾਨਾ ਵਿੱਚ ਸੱਤਾਧਾਰੀ ਧਿਰ ਬੀਆਰਐੱਸ ਅਤੇ ਦਿੱਲੀ ਵਿਚਲੀ ਆਮ ਆਦਮੀ ਪਾਰਟੀ ਦੀ ਸਰਕਾਰ ’ਤੇ ਅੱਜ ਨਿਸ਼ਾਨਾ ਸੇਧਦਿਆਂ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਦੋ ਵੱਖ-ਵੱਖ ਸਿਆਸੀ ਪਾਰਟੀਆਂ ਤੇ ਦੋ ਸੂਬਿਆਂ ਦੀਆਂ ਸਰਕਾਰਾਂ ’ਤੇ ਭ੍ਰਿਸ਼ਟ ਸਮਝੌਤੇ ਦੇ ਦੋਸ਼ ਲੱਗ ਰਹੇ ਹਨ। ਉਨ੍ਹਾਂ ਦਿੱਲੀ ਦੇ ਆਬਕਾਰੀ ਨੀਤੀ ਮਾਮਲੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਲੋਕ ਭਲਾਈ ਦੇ ਕੰਮਾਂ ਅਤੇ ਵਿਕਾਸ ਦੇ ਮੁੱਦੇ ਜਿਵੇਂ ਕਿ ਪਾਣੀ ਦੀ ਵੰਡ ਆਦਿ ਨੂੰ ਲੈ ਕੇ ਸਮਝੌਤੇ ਹੋਣੇ ਤਾਂ ਆਮ ਹੈ ਪਰ ਇਹ ਪਹਿਲੀ ਵਾਰ ਹੋਇਆ ਹੈ ਕਿ ਦੋ ਵੱਖ-ਵੱਖ ਪਾਰਟੀਆਂ ’ਤੇ ਅਜਿਹੇ ਭ੍ਰਿਸ਼ਟ ਸਮਝੌਤੇ ਦੇ ਦੋਸ਼ ਲੱਗੇ ਹੋਣ। ਇਸ ਮੌਕੇ ਸੜਕ ਆਵਾਜਾਈ ਤੇ ਰਾਜ ਮਾਰਗਾਂ ਬਾਰੇ ਕੇਂਦਰੀ ਮੰਤਰੀ ਨਿਤਿਨ ਗਡਕਰੀ ਵੀ ਹਾਜ਼ਰ ਸਨ। ਇਸ ਮਾਮਲੇ ਦੇ ਸਬੰਧ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਬੀਆਰਐੱਸ ਦੇ ਆਗੂ ਤੇ ਤਿਲੰਗਾਨਾ ਦੇ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਦੀ ਧੀ ਕੇ ਕਵਿਤਾ ਵੀ ਇਸ ਮਾਮਲੇ ਦੇ ਸਬੰਧ ਵਿੱਚ ਈਡੀ ਸਾਹਮਣੇ ਪੇਸ਼ ਹੋਈ ਸੀ। ਇੱਥੇ 6100 ਕਰੋੜ ਰੁਪਏ ਦੇ ਵੱਖ-ਵੱਖ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖਣ ਤੋਂ ਬਾਅਦ ਇਕ ਜਨਤਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਬੀਆਰਐੱਸ ਸਰਕਾਰ ਨੇ ਕੇਂਦਰ ਨੂੰ ਗਾਲ੍ਹਾਂ ਕੱਢਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਹੈ। ਉਨ੍ਹਾਂ ਕਿਹਾ ਕਿ ਤਿਲੰਗਾਨਾ ਦਾ ਇਸ ਵਾਰ ਕਹਿਣਾ ਹੈ, ‘‘ਅਬ ਕੀ ਬਾਰ, ਭਾਜਪਾ ਸਰਕਾਰ’। ਮੁੱਖ ਮੰਤਰੀ ਰਾਓ ਦੀ ਸਰਕਾਰ ਨੂੰ ਸਭ ਤੋਂ ਭ੍ਰਿਸ਼ਟ ਕਰਾਰ ਦਿੰਦਿਆਂ ਮੋਦੀ ਨੇ ਕਿਹਾ ਕਿ ਤਿਲੰਗਾਨਾ ਵਿੱਚ ਅਜਿਹਾ ਕੋਈ ਪ੍ਰਾਜੈਕਟ ਨਹੀਂ ਜਿਹੜਾ ਕਿ ਭ੍ਰਿਸ਼ਟਾਚਾਰ ਤੋਂ ਰਹਿਤ ਹੋਵੇ। ਉਨ੍ਹਾਂ ਕਿਹਾ ਕਿ 2021 ਵਿੱਚ ਗਰੇਟਰ ਹੈਦਰਾਬਾਦ ਨਗਰ ਨਿਗਮ ਦੀਆਂ ਹੋਈਆਂ ਚੋਣਾਂ ਵਿੱਚ ਭਾਜਪਾ ਨੇ ਕਾਫੀ ਵਧੀਆ ਕਾਰਗੁਜ਼ਾਰੀ ਦਿਖਾਈ ਸੀ। ਉਨ੍ਹਾਂ ਕਿਹਾ ਕਿ ਇਹ ਭਾਜਪਾ ਦੇ ਪ੍ਰਭਾਵ ਦਾ ਸਿਰਫ ਇਕ ਟਰੇਲਰ ਸੀ। ਅਗਲੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ ਬੀਆਰਐੱਸ ਤੇ ਕਾਂਗਰਸ ਨੂੰ ਸਾਰੀਆਂ ਸੀਟਾਂ ’ਤੇ ਹਰਾਉਣ ਦੀ ਤਿਆਰੀ ਕਰ ਲਈ ਹੈ। ਉਨ੍ਹਾਂ ਕਿਹਾ ਕਿ ਭਾਜਪਾ ਕਦੇ ਵੀ ਚੋਣਾਂ ਤੋਂ ਪਹਿਲਾਂ ਲੋਕਾਂ ਨੂੰ ਝੂਠੇ ਗਾਰੰਟੀ ਕਾਰਡ ਨਹੀਂ ਵੰਡਦੀ ਹੈ। ਇਕ ਸਮਾਂ ਸੀ ਜਦੋਂ ਲੋਕ ਸਭਾ ਵਿੱਚ ਭਾਜਪਾ ਦੇ ਸਿਰਫ ਦੋ ਸੰਸਦ ਮੈਂਬਰ ਹੁੰਦੇ ਸਨ, ਜਿਨ੍ਹਾਂ ’ਚੋਂ ਇਕ ਹਨਮਕੌਂਡਾ ਤੋਂ ਜੰਗਾ ਰੈੱਡੀ ਨੂੰ ਚੇਤੇ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਪਾਰਟੀ ਦੇ ਸ਼ੁਰੂ ਦੇ ਦਿਨ ਸਨ।