ਤਿਲੰਗਾਨਾ ਨੂੰ ਬੀਆਰਐੱਸ ਤੋਂ ਮੁਕਤ ਕਰਵਾਏਗੀ ਭਾਜਪਾ: ਮੋਦੀ

ਤਿਲੰਗਾਨਾ ਨੂੰ ਬੀਆਰਐੱਸ ਤੋਂ ਮੁਕਤ ਕਰਵਾਏਗੀ ਭਾਜਪਾ: ਮੋਦੀ

ਪ੍ਰਧਾਨ ਮੰਤਰੀ ਨੇ ਚੋਣ ਰੈਲੀਆਂ ਨੂੰ ਕੀਤਾ ਸੰਬੋਧਨ; ਭਾਜਪਾ ਸਰਕਾਰ ਬਣਨ ’ਤੇ ਰਾਓ ਨੂੰ ਜੇਲ੍ਹ ਭੇਜਣ ਦਾ ਐਲਾਨ
ਹੈਦਰਾਬਾਦ- ਇੱਥੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਿਬੂਬਾਬਾਦ ਅਤੇ ਕਰੀਮਨਗਰ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਭਾਜਪਾ ਤਿਲੰਗਾਨਾ ਨੂੰ ਬੀਆਰਐੱਸ ਤੋਂ ਮੁਕਤੀ ਦਿਵਾਏਗੀ ਅਤੇ ਪਾਰਟੀ ਨੇ ਚੰਦਰਸ਼ੇਖਰ ਰਾਓ ਦੀ ਅਗਵਾਈ ਵਾਲੇ ਆਗੂਆਂ ਨੂੰ ਜੇਲ੍ਹ ਭੇਜਣ ਦੀ ਸਹੁੰ ਚੁੱਕੀ ਹੈ। ਸ੍ਰੀ ਮੋਦੀ ਨੇ ਕਿਹਾ ਕਿ ਤਿਲੰਗਾਨਾ ਨੂੰ ਬੀਆਰਐੱਸ ਤੋਂ ਮੁਕਤੀ ਦਿਵਾਉਣਾ ਭਾਜਪਾ ਆਪਣੀ ਜ਼ਿੰਮੇਵਾਰੀ ਸਮਝਦੀ ਹੈ।

ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਸੱਤਾ ਵਿੱਚ ਆਉਣ ਮਗਰੋਂ ਤਿਲੰਗਾਨਾ ਦੇ ਮੁੱਖ ਮੰਤਰੀ ਚੰਦਰਸ਼ੇਖਰ ਰਾਓ ਦੇ ਘੁਟਾਲਿਆਂ ਦੀ ਜਾਂਚ ਕਰਵਾਏਗੀ। ਉਨ੍ਹਾਂ ਵਾਅਦਾ ਕੀਤਾ ਕਿ ਸੂਬੇ ਦੇ ਗਰੀਬਾਂ ਅਤੇ ਨੌਜਵਾਨਾਂ ਨਾਲ ਵਿਸ਼ਵਾਸਘਾਤ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਤਿੰਨ ਦਿਨਾਂ ਚੋਣ ਪ੍ਰਚਾਰ ਦੌਰਾਨ ਉਨ੍ਹਾਂ ਨੂੰ ਕਈ ਵਿਅਕਤੀਆਂ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ਕਿਹਾ ਕਿ ਸੂਬੇ ਦੇ ਲੋਕ ਕੇਸੀਆਰ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰਨ ਲਈ ਤਿਆਰ ਬੈਠੇ ਹਨ। ਤਿਲੰਗਾਨਾ ਨੂੰ ਬਰਬਾਦ ਕਰਨ ਲਈ ਕਾਂਗਰਸ ਅਤੇ ਬੀਆਰਐੱਸ ਦੋਵੇਂ ਜ਼ਿੰਮੇਵਾਰ ਹਨ। ਸਾਬਕਾ ਪ੍ਰਧਾਨ ਮੰਤਰੀ ਨਰਸਿਮ੍ਹਾ ਰਾਓ ਨੂੰ ਯਾਦ ਕਰਦਿਆਂ ਉਨ੍ਹਾਂ ਕਿਹਾ ਕਿ ਕਰੀਮਨਗਰ ਦੀ ਮਿੱਟੀ ਨੇ ਰਾਓ ਦੇ ਰੂਪ ਵਿੱਚ ਦੇਸ਼ ਨੂੰ ਇੱਕ ਪ੍ਰਧਾਨ ਮੰਤਰੀ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਨੇ ਹਰ ਕਦਮ ’ਤੇ ਰਾਓ ਦਾ ਅਪਮਾਨ ਕੀਤਾ।

ਉਨ੍ਹਾਂ ਕਿਹਾ ਕਿ ਪਰਿਵਾਰਵਾਦ ਵਾਲੇ ਕੇਵਲ ਆਪਣੇ ਬੱਚਿਆਂ ਬਾਰੇ ਸੋਚਦੇ ਹਨ ਅਤੇ ਉਨ੍ਹਾਂ ਨੂੰ ਦੂਜਿਆਂ ਦੇ ਬੱਚਿਆਂ ਦੀ ਕੋਈ ਚਿੰਤਾ ਨਹੀਂ ਹੈ। ਉਨ੍ਹਾਂ ਕਾਂਗਰਸ ਅਤੇ ਕੇਸੀਆਰ ਤੋਂ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕਰਦਿਆਂ ਕਿਹਾ ਕਿ ਇਹ ਦੋਵੇਂ ਧੜੇ ਇੱਕੋ ਹਨ। ਸ੍ਰੀ ਮੋਦੀ ਨੇ ਮਗਰੋਂ ਸ਼ਾਮ ਨੂੰ ਸੂਬੇ ਦੀ ਰਾਜਧਾਨੀ ਵਿੱਚ ਆਰਟੀਸੀ ਕਰਾਸਿੰਗ ਚੌਕ ਨੇੜੇ ਕਾਚੀਗੁੜਾ ਵਿੱਚ ਰੋਡ ਸ਼ੋਅ ਵਿੱਚ ਹਿੱਸਾ ਲਿਆ। ਉਨ੍ਹਾਂ ਨਾਲ ਭਾਜਪਾ ਦੇ ਸੂਬਾਈ ਪ੍ਰਧਾਨ ਜੀ ਕਿਸ਼ਨ ਰੈਡੀ ਅਤੇ ਪਾਰਟੀ ਦੇ ਲੋਕ ਸਭਾ ਮੈਂਬਰ ਕੇ. ਲਛਮਣ ਵੀ ਸਨ।