ਤਾਰਾ ਸਿੰਘ ਸਾਡਾ ਸੁਪਰ ਹੀਰੋ ਹੈ: ਸਨੀ ਦਿਓਲ

ਤਾਰਾ ਸਿੰਘ ਸਾਡਾ ਸੁਪਰ ਹੀਰੋ ਹੈ: ਸਨੀ ਦਿਓਲ

ਨਵੀਂ ਦਿੱਲੀ: ਬੌਲੀਵੁੱਡ ਅਦਾਕਾਰ ਸਨੀ ਦਿਓਲ ਨੇ ਆਖਿਆ ਕਿ ਹਰ ਬੰਦਾ ਸੁਪਰਹੀਰੋ ਨੂੰ ਪਰਦੇ ’ਤੇ ਦੇਖਣਾ ਚਾਹੁੰਦਾ ਹੈ ਅਤੇ ਉਸ ਦੀ ਆਉਣ ਵਾਲੀ ਫ਼ਿਲਮ ‘ਗ਼ਦਰ 2’ ਦਾ ਕਿਰਦਾਰ ਤਾਰਾ ਸਿੰਘ ਵੀ ਕਿਸੇ ਸੁਪਰਹੀਰੋ ਤੋਂ ਘੱਟ ਨਹੀਂ ਹੈ। ਜਾਣਕਾਰੀ ਅਨੁਸਾਰ ਸਨੀ ਦਿਓਲ ਸਾਲ 2001 ਵਿੱਚ ਆਪਣੀ ਸੁਪਰਹਿਟ ਫ਼ਿਲਮ ‘ਗਦਰ: ਏਕ ਪ੍ਰੇਮ ਕਥਾ’ ਵਿਚਲਾ ਤਾਰਾ ਸਿੰਘ ਵਾਲਾ ਕਿਰਦਾਰ ‘ਗਦਰ 2’ ਵਿੱਚ ਵੀ ਨਿਭਾਅ ਰਿਹਾ ਹੈ। ਫ਼ਿਲਮ ‘ਗਦਰ: ਏਕ ਪ੍ਰੇਮ ਕਥਾ’ ਪ੍ਰੋਡਿਊਸ ਕਰਨ ਵਾਲੇ ਫਿਲਮ ਨਿਰਮਾਤਾ ਅਨਿਲ ਸ਼ਰਮਾ ਫ਼ਿਲਮ ‘ਗਦਰ 2’ ਦੇ ਨਿਰਦੇਸ਼ਕ ਹਨ। ਇਹ ਫ਼ਿਲਮ ਆਗਾਮੀ 11 ਅਗਸਤ ਨੂੰ ਸਿਨੇਮਾਘਰਾਂ ਦਾ ਸ਼ਿੰਗਾਰ ਬਣੇਗੀ। ਸਨੀ ਦਿਓਲ ਨੇ ਆਖਿਆ,‘‘ਤਾਰਾ ਸਿੰਘ ਸਾਡਾ ਸੁਪਰਹੀਰੋ ਹੈ। ਹਰ ਬੰਦਾ ਉਸ ਨੂੰ ਪਰਦੇ ’ਤੇ ਦੇਖਣਾ ਚਾਹੁੰਦਾ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਉਹ (ਹੀਰੋ) ਪਰਦੇ ’ਤੇ ਨਵੀਂ ਛਾਪ ਛੱਡੇਗਾ। ਤੁਸੀਂ ਇਨ੍ਹਾਂ ਚੀਜ਼ਾਂ ਨੂੰ ਨਕਾਰ ਨਹੀਂ ਸਕਦੇ ਕਿਉਂਕਿ ਇਹ ਉਨ੍ਹਾਂ ਦੇ ਜਜ਼ਬਾਤ ਹਨ।’’ ਸਨੀ ਦਿਓਲ ਨੇ ਆਖਿਆ ਕਿ ਜਦੋਂ ਪਰਦੇ ’ਤੇ ਕਿਰਦਾਰ ਨੂੰ ਕੋਈ ਚੁਣੌਤੀ ਪੇਸ਼ ਆਉਂਦੀ ਹੈ ਤਾਂ ਪਰਮਾਤਮਾ ਖੁਦ ਰਾਹ ਦਿਖਾਉਂਦਾ ਹੈ। ਉਸ ਨੇ ਆਖਿਆ ਕਿ ਫਿਰ ਤੁਸੀਂ ਅੱਗੇ ਵਧਦੇ ਹੋ। ਇਹ ਇਮਾਨਦਾਰੀ, ਸੰਜੀਦਗੀ ਤੇ ਸਾਦਗੀ ਦੀ ਸਭ ਤੋਂ ਵੱਡੀ ਤਾਕਤ ਹੈ। ਸਨੀ ਦਿਓਲ ਦਾ ਮੰਨਣਾ ਹੈ ਕਿ ਅਦਾਕਾਰੀ ਇੱਕ ਕਲਾ ਹੈ, ਇਸ ਲਈ ਉਹ ਕਿਰਦਾਰ ਨਿਭਾਉਣ ਲਈ ਕਿਸੇ ਵੀ ਤਰ੍ਹਾਂ ਦੀ ਤਿਆਰੀ ਕਰਨ ਵਿੱਚ ਭਰੋਸਾ ਨਹੀਂ ਰੱਖਦਾ ਹੈ। –