ਤਾਮਿਲਨਾਡੂ: ਪਟਾਕੇ ਬਣਾਉਣ ਵਾਲੀ ਫੈਕਟਰੀ ਵਿੱਚ ਅੱਗ ਲੱਗਣ ਕਾਰਨ ਨੌਂ ਹਲਾਕ

ਤਾਮਿਲਨਾਡੂ: ਪਟਾਕੇ ਬਣਾਉਣ ਵਾਲੀ ਫੈਕਟਰੀ ਵਿੱਚ ਅੱਗ ਲੱਗਣ ਕਾਰਨ ਨੌਂ ਹਲਾਕ

ਅਰਿਯਲੂਰ- ਤਾਮਿਲਨਾਡੂ ਦੇ ਅਰਿਯਲੂਰ ਜ਼ਿਲ੍ਹੇ ਵਿੱਚ ਅੱਜ ਪਟਾਕੇ ਬਣਾਉਣ ਵਾਲੀ ਫੈਕਟਰੀ ’ਚ ਅੱਗ ਲੱਗਣ ਕਾਰਨ ਘੱਟੋ-ਘੱਟ ਨੌਂ ਜਣਿਆਂ ਦੀ ਮੌਤ ਹੋ ਗਈ, ਜਦਕਿ ਪੰਜ ਹੋਰ ਜ਼ਖ਼ਮੀ ਹੋ ਗਏ। ਮੁੱਖ ਮੰਤਰੀ ਐੱਮ ਕੇ ਸਟਾਲਨਿ ਨੇ ਇੱਕ ਬਿਆਨ ਵਿੱਚ ਹਾਦਸੇ ’ਤੇ ਦੁੱਖ ਪ੍ਰਗਟ ਕਰਦਿਆਂ ਪੀੜਤ ਪਰਿਵਾਰਾਂ ਲਈ ਨਕਦ ਰਾਹਤ ਦਾ ਐਲਾਨ ਕੀਤਾ। ਇਹ ਘਟਨਾ ਜ਼ਿਲ੍ਹੇ ਦੇ ਵਿਰਾਗਲੁਰ ਪਿੰਡ ਵਿੱਚ ਪਟਾਕੇ ਬਣਾਉਣ ਵਾਲੀ ਇੱਕ ਨਿੱਜੀ ਫੈਕਟਰੀ ਵਿੱਚ ਵਾਪਰੀ। ਫੈਕਟਰੀ ਵਿੱਚ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜ ਜ਼ਖ਼ਮੀ ਲੋਕਾਂ ਨੂੰ ਤੰਜਾਵੁਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਸਟਾਲਨਿ ਨੇ ਕਿਹਾ ਕਿ ਉਨ੍ਹਾਂ ਰਾਹਤ ਅਤੇ ਬਚਾਅ ਗਤੀਵਿਧੀਆਂ ਤੇਜ਼ ਕਰਨ ਲਈ ਮੰਤਰੀ ਮੰਡਲ ਵਿੱਚ ਆਪਣੇ ਸਹਿਯੋਗੀ ਐੱਸਐੱਸ ਸ਼ਵਿਸ਼ੰਕਰ ਅਤੇ ਸੀਵੀ ਗਣੇਸ਼ਨ ਨੂੰ ਤਾਇਨਾਤ ਕੀਤਾ ਹੈ। ਉਨ੍ਹਾਂ ਹਰੇਕ ਮ੍ਰਿਤਕ ਦੇ ਪਰਿਵਾਰ ਨੂੰ ਤਿੰਨ-ਤਿੰਨ ਲੱਖ ਰੁਪਏ, ਗੰਭੀਰ ਜ਼ਖ਼ਮੀਆਂ ਨੂੰ ਇੱਕ ਲੱਖ ਰੁਪਏ ਅਤੇ ਮਾਮੂਲੀ ਜ਼ਖ਼ਮੀਆਂ ਨੂੰ ਪੰਜਾਹ ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ।