ਤਖ਼ਤ ਸ੍ਰੀ ਪਟਨਾ ਸਾਹਿਬ-ਜਨਰਲ ਸਕੱਤਰ ਇੰਦਰਜੀਤ ਸਿੰਘ ਨੇ ਤਨਖ਼ਾਹ ਪੂਰੀ ਕੀਤੀ

ਤਖ਼ਤ ਸ੍ਰੀ ਪਟਨਾ ਸਾਹਿਬ-ਜਨਰਲ ਸਕੱਤਰ ਇੰਦਰਜੀਤ ਸਿੰਘ ਨੇ ਤਨਖ਼ਾਹ ਪੂਰੀ ਕੀਤੀ

ਖਿਮਾ ਯਾਚਨਾ ਦੀ ਅਰਦਾਸ ਕਰਵਾਉਣ ਮਗਰੋਂ ਜਾਣਕਾਰੀ ਅਕਾਲ ਤਖ਼ਤ ਦੇ ਸਕੱਤਰੇਤ ਨੂੰ ਭੇਜੀ
ਅੰਮ੍ਰਿਤਸਰ- ਤਖ਼ਤ ਸ੍ਰੀ ਪਟਨਾ ਸਾਹਿਬ ਪ੍ਰਬੰਧਕੀ ਬੋਰਡ ਦੇ ਜਨਰਲ ਸਕੱਤਰ ਇੰਦਰਜੀਤ ਸਿੰਘ ਨੇ ਸ੍ਰੀ ਅਕਾਲ ਤਖ਼ਤ ਵੱਲੋਂ ਲਾਈ ਗਈ ਤਨਖ਼ਾਹ ਨੂੰ ਅੱਜ ਪੂਰਾ ਕਰ ਲਿਆ ਅਤੇ ਖਿਮਾ ਯਾਚਨਾ ਦੀ ਅਰਦਾਸ ਮਗਰੋਂ ਆਪਣਾ ਅਹੁਦਾ ਵੀ ਸੰਭਾਲ ਲਿਆ ਹੈ।

ਗੁਰਦੁਆਰਾ ਪਟਨਾ ਸਾਹਿਬ ਵਿਖੇ ਇਸ ਸਬੰਧ ਵਿੱਚ ਖਿਮਾ ਯਾਚਨਾ ਦੀ ਅਰਦਾਸ ਕਰਵਾਉਣ ਮਗਰੋਂ ਉਨ੍ਹਾਂ ਨੇ ਇਸ ਸਬੰਧੀ ਲੋੜੀਂਦੀ ਜਾਣਕਾਰੀ ਸ੍ਰੀ ਅਕਾਲ ਤਖ਼ਤ ਦੇ ਸਕੱਤਰੇਤ ਨੂੰ ਵੀ ਭੇਜੀ ਹੈ। ਉਨ੍ਹਾਂ ਨੂੰ ਸ੍ਰੀ ਅਕਾਲ ਤਖ਼ਤ ਵੱਲੋਂ ਪੰਜ ਦਿਨ ਦੀ ਤਨਖਾਹ ਲਾਈ ਗਈ ਸੀ। ਉਨ੍ਹਾਂ ’ਤੇ ਤਨਖਾਹੀਆ ਕਰਾਰ ਦਿੱਤੇ ਜਥੇਦਾਰ ਗਿਆਨੀ ਰਣਜੀਤ ਸਿੰਘ ਦੀਆਂ ਸੇਵਾਵਾਂ ਬਹਾਲ ਕਰਨ ਦਾ ਦੋਸ਼ ਲੱਗਾ ਸੀ। ਇੰਦਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਅੱਜ ਆਪਣੀ ਤਨਖ਼ਾਹ ਪੂਰੀ ਕੀਤੀ ਹੈ ਤੇ ਗੁਰਦੁਆਰੇ ਵਿਖੇ ਖਿਮਾ ਯਾਚਨਾ ਦੀ ਅਰਦਾਸ ਵੀ ਕੀਤੀ ਹੈ ਅਤੇ ਪ੍ਰਸ਼ਾਦ ਦੀ ਦੇਗ ਕਰਵਾਉਣ ਮਗਰੋਂ ਆਪਣਾ ਅਹੁਦਾ ਵੀ ਸੰਭਾਲ ਲਿਆ ਹੈ। ਜਨਰਲ ਸਕੱਤਰ ਨੇ ਦੱਸਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਅੱਜ ਤਨਖਾਹ ਮੁਕੰਮਲ ਕਰਨ ਸਮੇਂ ਕੀਤੀ ਗਈ ਅਰਦਾਸ ਵੇਲੇ ਨਿਹੰਗ ਸਿੰਘ ਵੀ ਸ਼ਾਮਲ ਸਨ। ਨਿਹੰਗ ਸਿੰਘ ਨੇ ਇੰਦਰਜੀਤ ਸਿੰਘ ਦੇ ਅਹੁਦਾ ਸੰਭਾਲਣ ਵੇਲੇ ਅਰਦਾਸ ਵੀ ਕੀਤੀ ਅਤੇ ਜੈਕਾਰੇ ਵੀ ਲਾਏ। ਜ਼ਿਕਰਯੋਗ ਹੈ ਕਿ ਤਨਖਾਹ ਪੂਰੀ ਕਰਦੇ ਸਮੇਂ ਉਨ੍ਹਾਂ ’ਤੇ ਗੁਰਦੁਆਰਾ ਕੈਂਪਸ ਵਿੱਚ ਹਮਲਾ ਵੀ ਕੀਤਾ ਗਿਆ ਸੀ, ਜਿਸ ਬਾਰੇ ਉਨ੍ਹਾਂ ਪੁਲੀਸ ਕੋਲ ਵੀ ਸ਼ਿਕਾਇਤ ਕੀਤੀ ਹੋਈ ਹੈ। ਇੱਥੇ ਦੱਸਣਯੋਗ ਹੈ ਕਿ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਚੱਲ ਰਹੇ ਵਿਵਾਦ ਦੇ ਮਾਮਲੇ ਨੂੰ ਲੈ ਕੇ ਸ੍ਰੀ ਅਕਾਲ ਤਖ਼ਤ ਵੱਲੋਂ ਸਮੁੱਚੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਤਲਬ ਕੀਤਾ ਗਿਆ ਸੀ। ਸ੍ਰੀ ਅਕਾਲ ਤਖ਼ਤ ਵੱਲੋਂ ਕੀਤੇ ਗਏ ਆਦੇਸ਼ ਮੁਤਾਬਕ ਇੰਦਰਜੀਤ ਸਿੰਘ ਅਤੇ ਹਰਬੰਸ ਸਿੰਘ ਨੇ ਆਪਣੀ ਸੇਵਾ ਪੂਰੀ ਕਰ ਲਈ ਹੈ ਜਦੋਂ ਕਿ ਦੋ ਹੋਰ ਮੈਂਬਰ ਰਾਜਾ ਸਿੰਘ ਅਤੇ ਮਹਿੰਦਰ ਪਾਲ ਸਿੰਘ ਵੱਲੋਂ ਸਜ਼ਾ ਪੂਰੀ ਕਰਨ ਬਾਰੇ ਹੁਣ ਤੱਕ ਕੋਈ ਜਾਣਕਾਰੀ ਨਹੀਂ ਹੈ। ਇਸ ਦੌਰਾਨ ਅੱਜ ਵੀ ਪਟਨਾ ਸਾਹਿਬ ਵਿਚ ਸਥਿਤੀ ਸ਼ਾਂਤ ਰਹੀ ਹੈ।