ਤਖਤ ਸ੍ਰੀ ਪਟਨਾ ਸਾਹਿਬ : ਪੰਥ ’ਚ ਨਵੇਂ ਵਿਵਾਦ

ਤਖਤ ਸ੍ਰੀ ਪਟਨਾ ਸਾਹਿਬ : ਪੰਥ ’ਚ ਨਵੇਂ ਵਿਵਾਦ

ਗਿਆਨੀ ਇਕਬਾਲ ਸਿੰਘ ਮੁੜ ਬਣੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ

ਪਟਨਾ : ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਬੁੱਧਵਾਰ ਦੀ ਰਾਤ ਇਕ ਵਾਰ ਮੁੜ ਜਥੇਦਾਰ ਦਾ ਅਹੁਦਾ ਸੰਭਾਲ ਲਿਆ। ਇਸ ਤੋਂ ਪਹਿਲਾਂ ਨਵਗਠਿਤ ਪੰਜ ਮੈਂਬਰੀ ਕਮੇਟੀ ਦੇ ਮੈਂਬਰਾਂ ਨੇ ਮੀਟਿੰਗ ਕਰਕੇ ਗਿਆਨੀ ਇਕਬਾਲ ਸਿੰਘ ਨੂੰ ਜਥੇਦਾਰ ਨਿਯੁਕਤ ਕਰਨ ਦਾ ਐਲਾਨ ਕੀਤਾ। ਨਵੀਂ ਬਣੀ ਕਮੇਟੀ ਵੱਲੋਂ ਮਹਿੰਦਰ ਸਿੰਘ ਢਿੱਲੋਂ ਨੂੰ ਪ੍ਰਧਾਨ, ਰਾਜਾ ਸਿੰਘ ਨੂੰ ਜਨਰਲ ਸਕੱਤਰ ਤੇ ਹਰਬੰਸ ਸਿੰਘ ਨੂੰ ਸਕੱਤਰ ਚੁਣਿਆ ਗਿਆ। ਇਸ ਮਾਮਲੇ ’ਚ ਕਾਰਜਕਾਰੀ ਜਥੇਦਾਰ ਜਗਜੋਤ ਸਿੰਘ ਨਾਲ ਗੱਲਬਾਤ ਕਰਕੇ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।
ਬੁੱਧਵਾਰ ਸ਼ਾਮ ਪ੍ਰਬੰਧਕੀ ਕਮੇਟੀ ਨੇ ਮੀਟਿੰਗ ਦੌਰਾਨ ਦੱਸਿਆ ਗਿਆ ਕਿ ਪ੍ਰਬੰਧਕੀ ਕਮੇਟੀ ਦੇ ਜਨਰਲ ਸਕੱਤਰ ਇੰਦਰਜੀਤ ਸਿੰਘ ਵੱਲੋਂ ਤਨਖ਼ਾਹੀਆ ਕਰਾਰ ਜਥੇਦਾਰ ਰਣਜੀਤ ਸਿੰਘ ਗੌਹਰ ਨੂੰ ਮੁੜ ਸੇਵਾ ਕਰਨ ਦਾ ਗ਼ੈਰਸੰਵਿਧਾਨਕ ਆਦੇਸ਼ ਦੇ ਕੇ ਸੰਗਤਾਂ ’ਚ ਰੋਸ ਪੈਦਾ ਹੋ ਗਿਆ ਸੀ। ਬਾਅਦ ’ਚ ਪੰਜ ਪਿਆਰਿਆਂ ਨੇ ਗ਼ੈਰਸੰਵਿਧਾਨਕ ਆਦੇਸ਼ ਪਾਸ ਕਰਨ ਵਾਲੇ ਜਨਰਲ ਸਕੱਤਰ ਇੰਦਰਜੀਤ ਸਿੰਘ ਨੂੰ ਵੀ ਤਨਖ਼ਾਹੀਆ ਕਰਾਰ ਦਿੱਤਾ। ਨਵੀਂ ਬਣੀ ਕਮੇਟੀ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਮੀਟਿੰਗ ਮੁਲਤਵੀ ਕਰਨ ਦਾ ਐਲਾਨ ਜਨਰਲ ਸਕੱਤਰ ਨੇ ਤਨਖ਼ਾਹੀਆ ਐਲਾਨੇ ਹੋਣ ਤੋਂ ਲਗਪਗ ਤਿੰਨ ਘੰਟੇ ਤੋਂ ਜ਼ਿਆਦਾ ਸਮੇਂ ਬਾਅਦ ਕੀਤਾ ਸੀ। ਇਸ ਕਾਰਨ ਉਨ੍ਹਾਂ ਦੇ ਆਦੇਸ਼ ਦਾ ਕੋਈ ਅਰਥ ਨਹੀਂ ਰਹਿ ਗਿਆ।
ਪ੍ਰਕਾਸ਼ ਪੁਰਬ ਦੀਆਂ ਤਿਆਰੀਆਂ ਦੇ ਮੱਦੇਨਜ਼ਰ ਕਾਨਫਰੰਸ ਹਾਲ ’ਚ ਪ੍ਰਬੰਧਕੀ ਕਮੇਟੀ ਦੇ ਪੰਜ ਮੈਂਬਰਾਂ ਦੀ ਬੁੱਧਵਾਰ ਨੂੰ ਡਾ. ਗੁਰਮੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ’ਚ ਪੰਜ ਮੈਂਬਰਾਂ ’ਚ ਡਾ. ਗੁਰਮੀਤ ਸਿੰਘ, ਰਾਜਾ ਸਿੰਘ, ਮਹਿੰਦਰਪਾਲ ਸਿੰਘ ਢਿੱਲੋਂ, ਹਰਬੰਸ ਸਿੰਘ ਤੇ ਹਰਪਾਲ ਸਿੰਘ ਜੌਹਲ ਹਾਜ਼ਰ ਸਨ। ਮੀਟਿੰਗ ਤੋਂ ਪਹਿਲਾਂ ਅਰਦਾਸ ਕੀਤੀ ਗਈ। ਮੀਟਿੰਗ ’ਚ ਮਹਿੰਦਰਪਾਲ ਸਿੰਘ ਢਿੱਲੋਂ ਨੂੰ ਪ੍ਰਧਾਨ, ਰਾਜਾ ਸਿੰਘ ਨੂੰ ਜਨਰਲ ਸਕੱਤਰ, ਹਰਬੰਸ ਸਿੰਘ ਨੂੰ ਸਕੱਤਰ ਚੁਣਿਆ ਗਿਆ। ਪੰਜ ਪਿਆਰਿਆਂ ਵੱਲੋਂ ਮੌਜੂਦਾ ਜਥੇਦਾਰ ਰਣਜੀਤ ਸਿੰਘ ਹਮੇਸ਼ਾਂ ਲਈ ਪੰਥ ’ਚੋਂ ਛੇਕਿਆ ਜਾ ਚੁੱਕਾ ਹੈ। ਇਸ ਕਾਰਨ ਉਨ੍ਹਾਂ ਨੂੰ ਤੁਰੰਤ ਬਰਖ਼ਾਸਤ ਕਰ ਕੇ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਕੰਪਲੈਕਸ ਖ਼ਾਲੀ ਕਰਨ ਦਾ ਹੁਕਮ ਦਿੱਤਾ ਗਿਆ ਹੈ।

ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਰਣਜੀਤ ਸਿੰਘ ਗੌਹਰ ਖਿਲਾਫ ਵੱਡੀ ਕਾਰਵਾਈ

ਪਟਨਾ : ਕੁਝ ਮਹੀਨੇ ਪਹਿਲਾਂ ਤਨਖਾਹੀਆ ਕਰਾਰ ਦਿੱਤੇ ਗਏ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਹਰ ਵਿਵਾਦਾਂ ਦੇ ਘੇਰੇ ’ਚ ਹਨ। ਦਰਅਸਲ ਬੀਤੇ ਦਿਨ 25 ਨਵੰਬਰ 2022 ਨੂੰ ਪੰਜ ਪਿਆਰੇ ਸਿੰਘ ਸਾਹਿਬਾਨ ਜੀ ਦੀ ਇਕੱਤਰਤਾ ਹੋਈ। ਇਸ ਇਕੱਤਰਤਾ ’ਚ ਪੰਜ ਪਿਆਰਿਆਂ ਨੇ ਗੌਹਰ ਨੂੰ ਪੰਥ ’ਚੋਂ ਛੇਕਣ ਦਾ ਫਰਮਾਨ ਜਾਰੀ ਕੀਤਾ। ਦਰਅਸਲ ਸਮੂਹ ਸੰਗਤਾਂ ਵਲੋਂ ਲਿਖਤੀ ਤੌਰ ’ਤੇ ਮਿਲੀ ਸ਼ਿਕਾਇਤ ’ਤੇ ਪੰਜ ਪਿਆਰਿਆਂ ਵੱਲੋਂ ਇਹ ਕਾਰਵਾਈ ਕੀਤੀ ਗਈ।
ਪੰਥ ’ਚੋਂ ਰਣਜੀਤ ਗੌਹਰ ਨੂੰ ਛੇਕੇ ਜਾਣ ’ਤੇ ਕਿਹਾ ਗਿਆ ਕਿ ਦੇਸ਼-ਵਿਦੇਸ਼ ਦੀਆਂ ਸਮੂਹ ਸੰਗਤਾਂ ਨੂੰ ਹੁਕਮ ਦਿੱਤਾ ਜਾਂਦਾ ਹੈ ਕਿ ਕਿਸੇ ਵੀ ਸੰਗਤ ਵਲੋਂ ਰਣਜੀਤ ਸਿੰਘ ਗੌਹਰ ਦੇ ਨਾਂ ਨਾਲ ਮਸਕੀਨ ਸ਼ਬਦ ਨਾਂ ਲਾਇਆ ਜਾਵੇ, ਕਿਸੇ ਵੀ ਤਰ੍ਹਾਂ ਦਾ ਮਿਲਵਰਤਣ-ਬੋਲ ਚਾਲ ਸਟੇਜ ਦੀ ਸਾਂਝ ਨਾ ਰੱਖੀ ਜਾਵੇ। ਜੋ ਵੀ ਗੌਹਰ ਨਾਲ ਮਿਲਵਰਤਣ ਰੱਖੇਗਾ ਉਹ ਵੀ ਤਨਖਾਹੀਆ ਮੰਨਿਆ ਜਾਵੇਗਾ। ਉਸ ਉੱਪਰ ਵੀ ਗੁਰਮਤਿ ਪੰਥਕ ਮਰਿਆਦਾ ਤਹਿਤ ਕਾਰਵਾਈ ਕੀਤੀ ਜਾਵੇਗੀ।
ਦੱਸ ਦੇਈਏ ਕਿ ਮਿਤੀ 11 ਸਤੰਬਰ 2022 ਨੂੰ ਪੰਜ ਪਿਆਰੇ ਸਿੰਘ ਸਾਹਿਬਾਨ ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਵੱਲੋਂ ਤਨਖਾਹੀਆ ਕਰਾਰ ਦਿੱਤਾ ਗਿਆ ਸੀ ਪਰ ਹੁਕਮਨਾਮਾ ਨੂੰ ਨਾ ਮੰਨਦੇ ਹੋਏ ਜਥੇਦਾਰ ਗੌਹਰ ਨੇ ਖੁੱਲ੍ਹੀ ਚੁਣੌਤੀ ਦਿੱਤੀ ਅਤੇ ਕਿਹਾ ਕਿ ਮੈਂ ਪੰਜ ਪਿਆਰਿਆਂ ’ਚੋਂ ਇਕ ਪਿਆਰੇ ਦੀ ਉਮਰ ਘੱਟ ਹੋਣ ਕਰ ਕੇ ਪੰਜ ਪਿਆਰਿਆਂ ਦੇ ਆਦੇਸ਼ ਨੂੰ ਨਹੀਂ ਮੰਨਦਾ ਹਾਂ ਅਤੇ ਹੋਰ ਵੀ ਕਈ ਦੋਸ਼ ਲਾਏ। ਜਿਸ ਤੋਂ ਬਾਅਦ ਮਿਤੀ 31 ਅਕਤੂਬਰ 2022 ਨੂੰ ਆਪਣੀ ਗਲਤੀ ਸਵੀਕਾਰ ਕੀਤੇ ਬਿਨਾਂ ਹੀ ਧਮਕੀ ਭਰੇ ਲਹਿਜੇ ’ਚ ਤਨਖਾਹ ਲਗਾਉਣ ਸਬੰਧੀ ਪੱਤਰ ਦਫਤਰ ਰਾਹੀਂ ਭੇਜਿਆ ਗਿਆ ਫਿਰ ਵੀ ਤੁਹਾਡੇ ਵੱਲੋਂ ਦਿੱਤੇ ਪੱਤਰ ’ਤੇ ਵਿਚਾਰ ਕਰਨ ਲਈ ਪੰਜ ਪਿਆਰੇ ਸਿੰਘ ਸਾਹਿਬਾਨ ਤਿਆਰ ਸੀ।
ਪਰ ਮਿਤੀ 11 ਨਵੰਬਰ 2022 ਨੂੰ ਜਨਰਲ ਸਕੱਤਰ ਅਤੇ ਸਕੱਤਰ ਨੇ ਕਾਰਵਾਈ ਕਰਦੇ ਹੋਏ ਕਿਹਾ ਗਿਆ ਕਿ ਜਥੇਦਾਰ ਗੌਹਰ ਨੇ ਪੰਜ ਪਿਆਰਿਆਂ ਦੀ ਪੰਥਕ ਗੁਰੂ ਮਰਿਆਦਾ ਦਾ ਘੋਰ ਅਪਮਾਨ ਕੀਤਾ। ਉਸ ਤੋਂ ਬਾਅਦ ਤਨਖਾਹੀਆ ਹੁੰਦੇ ਹੋਏ ਤਖਤ ਸਾਹਿਬ ਦੇ ਵਿਚ 18 ਨਵੰਬਰ ਨੂੰ ਦਾਖਲ ਹੋ ਗਏ। ਇਸ ਤੋਂ ਸਪੱਸ਼ਟ ਹੋ ਗਿਆ ਕਿ ਜਥੇਦਾਰ ਗੌਹਰ ਦਾ ਤਖਤ ਸਾਹਿਬ ਜੀ ਦੀ ਮਰਿਆਦਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਨ੍ਹਾਂ ਨੇ ਤਖਤ ਸਾਹਿਬ ਅੰਦਰ ਜਬਰਦਸਤੀ ਦਾਖਲ ਹੋਣ ਦਾ ਗਲਤ ਕੰਮ ਕੀਤਾ ਗਿਆ। ਦੱਸਣਯੋਗ ਹੈ ਕਿ ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਰਣਜੀਤ ਸਿੰਘ ਗੌਹਰ ’ਤੇ ਗੁਰੂ ਘਰ ਦੇ ਪ੍ਰੇਮੀ ਡਾ. ਗੁਰਵਿੰਦਰ ਸਿੰਘ ਸਮਰਾ ਵੱਲੋਂ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ’ਚ ਭੇਟ ਕੀਤੇ ਗਏ ਬੇਸ਼ਕੀਮਤੀ ਸਾਮਾਨ ’ਚ ਹੇਰਾ-ਫੇਰੀ ਕਰਨ ਦਾ ਇਲਜਾਮ ਲੱਗਾ ਸੀ। ਉਨ੍ਹਾਂ ਨੇ ਸੋਨੇ ਦੀ ਕਲਗੀ, ਪੰਘੂੜਾ ਸਾਹਿਬ ਸਮੇਤ ਕਰੀਬ 5 ਕਰੋੜ ਤੋਂ ਵੱਧ ਸੰਪਤੀ ਦਾਨ ਦਿੱਤੀ ਸੀ। ਜਦੋਂ ਇਸ ਦੀ ਜਾਂਚ ਕੀਤੀ ਗਈ ਤਾਂ ਇਸ ਦੀ ਗੁਣਵੱਤਾ ’ਤੇ ਸਵਾਲ ਚੁੱਕੇ ਗਏ ਸਨ। ਦਾਨਕਰਤਾ ਨੇ ਸਿੱਧੇ ਤੌਰ ’ਤੇ ਜਥੇਦਾਰ ਨੂੰ ਦੋਸ਼ੀ ਠਹਿਰਾਇਆ ਸੀ।