ਤਕਨਾਲੋਜੀ ਭਾਰਤ-ਅਮਰੀਕਾ ਸਬੰਧਾਂ ਦੀ ਅਸਲ ਸਮਰਥਾ ਨੂੰ ਸਾਹਮਣੇ ਲਿਆਉਣ ਦਾ “ਅਹਿਮ ਜ਼ਰੀਆ” ਹੈ: ਸੰਧੂ

ਤਕਨਾਲੋਜੀ ਭਾਰਤ-ਅਮਰੀਕਾ ਸਬੰਧਾਂ ਦੀ ਅਸਲ ਸਮਰਥਾ ਨੂੰ ਸਾਹਮਣੇ ਲਿਆਉਣ ਦਾ “ਅਹਿਮ ਜ਼ਰੀਆ” ਹੈ: ਸੰਧੂ

ਵਾਸ਼ਿੰਗਟਨ – ਅਮਰੀਕਾ ਵਿੱਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਭਾਰਤ-ਅਮਰੀਕਾ ਭਾਈਵਾਲੀ ਨੂੰ ਹੋਰ ਤੇਜ਼ੀ ਨਾਲ ਵਧਾਉਣ ਲਈ ਤਕਨਾਲੋਜੀ ਦੀ ਤਾਕਤ ਨੂੰ ਰੇਖਾਂਕਿਤ ਕੀਤਾ ਅਤੇ ਕਿਹਾ ਕਿ ਦੋਹਾਂ ਦੇਸ਼ਾਂ ਦਰਮਿਆਨ ਸਬੰਧਾਂ ਦੀ ਅਸਲ ਸਮਰਥਾ ਨੂੰ ਸਾਹਮਣੇ ਲਿਆਉਣ ਦਾ “ਸਭ ਤੋਂ ਮਹੱਤਵਪੂਰਨ ਜ਼ਰੀਆ” ਤਕਨਾਲੋਜੀ ਹੀ ਹੈ। ਸੰਧੂ ਦਾ ਇਹ ਬਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਮਰੀਕਾ ਦੌਰੇ ਤੋਂ ਠੀਕ ਪਹਿਲਾਂ ਆਇਆ ਹੈ। ਪ੍ਰਧਾਨ ਮੰਤਰੀ ਮੋਦੀ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਫਸਟ ਲੇਡੀ ਜਿਲ ਬਾਈਡੇਨ ਦੇ ਸੱਦੇ ‘ਤੇ 21 ਤੋਂ 24 ਜੂਨ ਤੱਕ ਅਮਰੀਕਾ ਦਾ ਦੌਰਾ ਕਰਨਗੇ। ਇਸ ਦੌਰਾਨ ਉਹ ਕਾਂਗਰਸ ਦੇ ਸਾਂਝੇ ਇਜਲਾਸ ਨੂੰ ਵੀ ਸੰਬੋਧਨ ਕਰਨਗੇ।
ਸੰਧੂ ਨੇ ਸੋਮਵਾਰ ਨੂੰ ਕਿਹਾ, ‘ਜੇ ਤੁਸੀਂ ਮੈਨੂੰ ਪੁੱਛਦੇ ਹੋ ਕਿ ਮੈਂ ਸਭ ਤੋਂ ਵੱਧ ਕਿਸ ਚੀਜ਼ ਦੀ ਵਕਾਲਤ ਕਰਾਂਗਾ, ਇਸ ਰਿਸ਼ਤੇ ਲਈ ਸਭ ਤੋਂ ਵੱਧ ਲਾਭਦਾਇਕ ਕੀ ਹੈ ਅਤੇ ਅਸਲ ਵਿੱਚ ਵਿਸ਼ਵ ਹਿੱਤ ਕਿਸ ਵਿੱਚ ਹਨ… ਉਹ ਤਕਨਾਲੋਜੀ ਹੈ। ਇਹ ਰਿਸ਼ਤਿਆਂ ਦੀ ਅਸਲ ਸਮਰਥਾ ਨੂੰ ਸਾਹਮਣੇ ਲਿਆਉਣ ਦਾ ਸਭ ਤੋਂ ਮਹੱਤਵਪੂਰਨ ਜ਼ਰੀਆ ਹੈ।’ ਉਨ੍ਹਾਂ ਕਿਹਾ, ‘ਤਕਨਾਲੋਜੀ ਸੈਕਟਰ ਵਿੱਚ ਸਾਡੇ ਵਿਚਕਾਰ ਬਹੁਤ ਤਾਲਮੇਲ ਹੈ। ਇਹ ਓਨਾ ਹੀ ਰਣਨੀਤਕ ਹੈ ਜਿੰਨਾ ਇਹ ਵਪਾਰਕ ਹੈ।’
ਸੰਧੂ ਨੇ ਇਹ ਬਿਆਨ ‘ਯੂ.ਐੱਸ.-ਇੰਡੀਆ ਬਿਜ਼ਨੈੱਸ ਕੌਂਸਲ’ ਦੇ ਸਾਲਾਨਾ ‘ਇੰਡੀਆ ਆਈਡੀਆਜ਼ ਸਮਿਟ’ ਨੂੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਲਗਭਗ ਸਾਢੇ ਚਾਰ ਮਹੀਨੇ ਪਹਿਲਾਂ ਹੀ ਅਸੀਂ ਐੱਨ.ਐੱਸ.ਏ. (ਰਾਸ਼ਟਰੀ ਸੁਰੱਖਿਆ ਸਲਾਹਕਾਰ) ਅਤੇ (ਵਣਜ) ਮੰਤਰੀ (ਜੀਨਾ) ਰਾਇਮੰਡੋ ਦੋਵਾਂ ਦੀ ਮੌਜੂਦਗੀ ਵਿੱਚ ਇਸੇ ਸਥਾਨ ‘ਤੇ ‘ਆਈ.ਸੀ.ਈ.ਟੀ. ਇੰਡਸਟਰੀ ਰਾਊਂਡਟੇਬਲ’ ਦੀ ਸ਼ੁਰੂਆਤ ਕੀਤੀ ਸੀ। ਅੱਜ (ਅਮਰੀਕਾ) ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੇਕ ਸੁਲੀਵਾਨ ਦਿੱਲੀ ‘ਚ ਹਨ, ਜੋ ਉਥੇ ਆਈ.ਸੀ.ਈ.ਟੀ. ਵਿਚਾਰ-ਵਟਾਂਦਰੇ ਦੇ ਪਹਿਲੇ ਦੌਰ ਦੀ ਚਰਚਾ ਨੂੰ ਅੱਗੇ ਵਧਾਉਣਗੇ।” ਜ਼ਿਕਰਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਮਈ 2022 ਵਿੱਚ ਮਹੱਤਵਪੂਰਨ ਅਤੇ ਉੱਭਰਦੀ ਤਕਨਾਲੋਜੀ (ICET) ਸਬੰਧੀ ਪਹਿਲਕਦਮੀ ਦਾ ਐਲਾਨ ਕੀਤਾ ਸੀ। ਇਸਦਾ ਉਦੇਸ਼ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ, ਕਾਰੋਬਾਰਾਂ ਅਤੇ ਵਿਦਿਅਕ ਸੰਸਥਾਵਾਂ ਵਿਚਕਾਰ ਰਣਨੀਤਕ ਤਕਨਾਲੋਜੀ ਭਾਈਵਾਲੀ ਅਤੇ ਰੱਖਿਆ ਉਦਯੋਗਿਕ ਸਹਿਯੋਗ ਨੂੰ ਵਧਾਉਣਾ ਅਤੇ ਵਿਸਤਾਰਿਤ ਕਰਨਾ ਹੈ।